ਫੂਡ ਸੇਫਟੀ ਵਿਭਾਗ ਵੱਲੋਂ ਪਿੰਡ ਮੀਰਪੁਰ ਜੱਟਾਂ ਤੋਂ 6.50 ਕੁਇੰਟਲ ਪਨੀਰ ਕੀਤਾ ਗਿਆ ਸੀਜ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਅਕਤੂਬਰ ,2024 - ਫੂਡ ਸੇਫਟੀ ਵਿਭਾਗ ਨਵਾਂਸ਼ਹਿਰ ਅਤੇ ਪੁਲਿਸ ਵਿਭਾਗ ਵੱਲੋਂ ਇਕ ਸ਼ਿਕਾਇਤ ਦੇ ਆਧਾਰ 'ਤੇ ਬੀਤੀ ਦੇਰ ਸ਼ਾਮ ਪਿੰਡ ਮੀਰਪੁਰ ਜੱਟਾਂ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਕਿ ਉਥੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਇਕ ਫੈਕਟਰੀ ਚੱਲ ਰਹੀ ਸੀ। ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਉੱਥੇ ਲਗਭਗ 6. 50 ਕੁਇੰਟਲ ਪਨੀਰ ਵੇਚਣ ਲਈ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਤਕਰੀਬਨ 2 ਕੁਇੰਟਲ ਦੇ ਕਰੀਬ ਦੇਸੀ ਘਿਓ ਅਤੇ ਇੱਕ ਕੁਇੰਟਲ ਦੇ ਕਰੀਬ ਦੁੱਧ ਦੀ ਕਰੀਮ ਰੱਖੀ ਹੋਈ ਸੀ। ਟੀਮ ਵੱਲੋਂ ਪਨੀਰ ਦਾ ਇਕ ਸੈਂਪਲ, ਦੇਸੀ ਘਿਓ ਦੇ ਤਿੰਨ ਸੈਂਪਲ, ਮਿਲਕ ਪਾਊਡਰ ਦਾ ਇਕ ਸੈਂਪਲ ਅਤੇ ਕਰੀਮ ਦਾ ਇਕ ਸੈਂਪਲ ਲਿਆ ਗਿਆ ਅਤੇ ਇਨ੍ਹਾਂ ਨੂੰ ਜਾਂਚ ਲਈ ਲੈਬੋਰਟਰੀ ਵਿਖੇ ਭੇਜ ਦਿੱਤਾ ਗਿਆ। ਸ਼ੱਕੀ ਪਨੀਰ ਨੂੰ ਵਿਭਾਗ ਦੁਆਰਾ ਮੌਕੇ 'ਤੇ ਹੀ ਸੀਜ ਕਰ ਦਿੱਤਾ ਗਿਆ ਅਤੇ ਫੂਡ ਐਨਾਲਿਸਟ ਦੀ ਰਿਪੋਰਟ ਆਉਣ ਉਪਰੰਤ ਹੀ ਵਿਭਾਗ ਦੁਆਰਾ ਅਗਲੀ ਕਾਰਵਾਈ ਕੀਤੀ ਜਾਵੇਗੀ।