ਸਿੱਖਿਆ ਮੰਤਰੀ ਵੱਲੋਂ ਮੀਟਿੰਗ ਸੱਦਣ ਮਗਰੋਂ ਸਹਾਇਕ ਪ੍ਰੋਫੈਸਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਮੁਲਤਵੀ
ਅਸ਼ੋਕ ਵਰਮਾ
ਬਠਿੰਡਾ,5 ਅਕਤੂਬਰ 2024: ਉਚੇਰੀ ਸਿੱਖਿਆ ਮੰਤਰੀ ਪੰਜਾਬ ਵੱਲੋਂ ਮੀਟਿੰਗ ਸੱਦਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਛੇ ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਪ੍ਰੋਗਰਾਮ ਇੱਕ ਵਾਰ ਮੁਲਤਵੀ ਕਰ ਦਿੱਤਾ ਹੈ। ਪ੍ਰੋਫੈਸਰ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੀ ਗੱਲ ਸੁਣਨਗੇ ਪਰ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਫੈਸਲਾ ਲਿਆ ਜਾਏਗਾ।
ਫਰੰਟ ਆਗੂ ਡਾਕਟਰ ਰਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ ,ਪ੍ਰੋਫੈਸਰ ਅਰਮਿੰਦਰ ਸਿੰਘ, ਡਾਕਟਰ ਹੁਕਮ ਚੰਦ, ਡਾਕਟਰ ਧਰਮਜੀਤ ਸਿੰਘ, ਡਾਕਟਰ ਪਰਮਜੀਤ ਸਿੰਘ ਡਾਕਟਰ ਗੁਲਸ਼ਨਦੀਪ ਦਾਨੀਆ , ਡਾਕਟਰ ਬਲਕਰਨ ਸਿੰਘ, ਪ੍ਰੋਫੈਸਰ ਪੁਸ਼ਪਿੰਦਰ ਸਿੰਘ, ਪ੍ਰੋਫੈਸਰ ਮੁਹੰਮਦ ਤਨਵੀਰ,ਫਰੰਟ ਸਲਾਹਕਾਰ ਡਾਕਟਰ ਅਵਤਾਰ ਸਿੰਘ , ਡਾਕਟਰ ਬਖਸ਼ੀਸ਼ ਆਜ਼ਾਦ, ਪ੍ਰੋਫੈਸਰ ਪ੍ਰਦੀਪ ਸਿੰਘ, ਡਾਕਟਰ ਦੀਪਕ ਕੌਸ਼ਲ , ਪ੍ਰੋਫੈਸਰ ਪਵਿੱਤਰ ਸਿੰਘ ਤੇ ਪ੍ਰੋਫੈਸਰ ਰਣਜੀਤ ਸਿੰਘ ਨੇ ਦੱਸਿਆ ਕਿ ਉਚੇਰੀ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਲਿਖਤੀ ਰੂਪ ਵਿੱਚ ਪੱਤਰ ਲਿਖ ਕੇ ਮੀਟਿੰਗ ਲਈ ਬੁਲਾਇਆ ਹੈ, ਜਿਸ ਕਰਕੇ ਉਹ ਮੁੱਖ ਮੰਤਰੀ ਦਾ ਕੀਤਾ ਜਾਣ ਵਾਲਾ ਘਿਰਾਓ 8 ਅਕਤੂਬਰ ਤੱਕ ਮੁਲਤਵੀ ਕੀਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਜੇਕਰ ਸਾਡਾ ਇਸ ਮੀਟਿੰਗ ਵਿੱਚ ਸਾਡੀ ਨੌਕਰੀ ਨੂੰ ਸੁਰੱਖਿਅਤ ਕਰਨ ਦੇ ਨਾਲ ਨਾਲ ਹੋਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ 9 ਅਕਤੂਬਰ ਨੂੰ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਪ੍ਰੋਫੈਸਰ , ਵਿਦਿਆਰਥੀ ਯੂਨੀਅਨ, ਕਿਸਾਨ ,ਮਜ਼ਦੂਰ ਤੇ ਹੋਰ ਜਥੇਬੰਦੀਆਂ ਨੂੰ ਲੈ ਕੇ ਵੱਡੇ ਇਕੱਠ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਸੰਗਰੂਰ ਵਿਖੇ ਘਿਰਾਓ ਕਰਨਗੇ। ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਨੌਕਰੀ ਸੁਰੱਖਿਅਤ ਨਾ ਹੋਣ ਕਰਕੇ ਇਸ ਦਿਨ ਵੀ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕਰ ਰਹੇ ਹਨ ਜੋ ਕਿ ਸਰਕਾਰ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਕਾਲੀਆਂ ਪੱਟੀਆਂ ਬੰਨ ਕੇ ਕੀਤਾ ਜਾ ਰਿਹਾ ਰੋਸ ਜਾਰੀ ਰਹੇਗਾ ।