ਦੁਸਹਿਰੇ ਮੇਲੇ ਨੂੰ ਲੈ ਕੇ ਕੀਤੇ ਸਖਤ ਸੁਰੱਖਿਆ ਪ੍ਰਬੰਧ - ਡੀ.ਐਸ.ਪੀ. ਦਾਖਾ
- ਹੁੱਲੜਬਾਜ਼, ਜ਼ੇਬ ਕਤਰੇ ਅਤੇ ਸਮਾਜ ਵਿਰੋਧੀਆਂ ਤੇ ਰੱਖੀ ਜਾਵੇਗੀ ਬਾਜ਼ ਅੱਖ
ਦੀਪਕ ਜੈਨ
ਜਗਰਾਉਂ, 5 ਅਕਤੂਬਰ 2024 - ਨਵਨੀਤ ਸਿੰਘ ਬੈਂਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਦੇ ਦਿਸਾ ਨਿਰਦੇਸਾਂ ਤਹਿਤ ਰਵਿੰਦਰ ਸਿੰਘ ਖੋਸਾ ਉਪ ਕਪਤਾਨ ਪੁਲਿਸ ਦਾਖਾ ਵੱਲੋ ਸ਼ਹਿਰ ਵਿੱਚ ਚੱਲ ਰਹੀ ਸ੍ਰੀ ਰਾਮ ਲੀਲਾ ਅਤੇ 12 ਅਕਤੂਬਰ ਨੂੰ ਲੱਗਣ ਜਾ ਰਹੇ ਦੁਸਹਿਰੇ ਮੇਲੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਐਸ.ਪੀ ਵਰਿੰਦਰ ਸਿੰਘ ਖੋਸਾ ਨੇ ਬੁਲਾਈ ਪ੍ਰੈਸ ਵਾਰਤਾ ਦੋਰਾਨ ਕੀਤਾ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਰਾਮਲੀਲਾ ਦੋਰਾਨ ਰਾਤ ਨੂੰ ਪੁਲਿਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਤਾਂ ਜੋ ਸ਼ਹਿਰ ਵਾਸੀ ਬੇਖੋਫ ਸ੍ਰੀਰਾਮ ਲੀਲਾ ਵਿੱਚ ਜਾ ਸਕਣ।
ਖੋਸਾ ਨੇ ਕਿਹਾ ਕਿ 12 ਅਕਤੂਬਰ ਨੂੰ ਲੱਗਣ ਵਾਲੇ ਦੁਸਹਿਰੇ ਮੇਲੇ ਦੇ ਸੰਦਰਭ ਵਿੱਚ ਵੀ ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ੋਭਾ ਯਾਤਰਾ ਜੋ ਝਾਕੀਆਂ ਦੇ ਰੂਪ ਵਿੱਚ ਕੱਢੀ ਜਾਣੀ ਹੈ, ਉਸਦਾ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਦੁਸਹਿਰਾ ਗਰਾਂਊਂਡ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਰਹਿਣਗੇ। ਉਹਨਾਂ ਕਿਹਾ ਕਿ ਮੇਲੇ ਵਿੱਚ ਹੁਣ ਹੁੱਲੜਬਾਜਾਂ, ਜ਼ੇਬ ਕਤਰਿਆਂ ਅਤੇ ਸਮਾਜ ਵਿਰੋਧੀਆਂ ਵਿਰੁੱਧ ਬਾਜ਼ ਅੱਖ ਰੱਖੀ ਜਾਵੇਗੀ ਅਤੇ ਕਿਸੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਡੀ.ਐਸ.ਪੀ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਗਾਹਕਾਂ ਨੂੰ ਆਪਣੇ ਵਾਹਨਾਂ ਮੋਟਰਸਾਇਕਲਾਂ, ਕਾਰਾਂ, ਗੱਡੀਆਂ ਆਪਣੀਆਂ ਦੁਕਾਨਾਂ ਆਪਣੀ ਹਦੂਦ ਦੇ ਅੰਦਰ ਰੱਖਣ ਤਾਂ ਜੋ ਟਰੈਫਿਕ ਵਿੱਚ ਵਿਘਨ ਨਾ ਪਵੇ।
ਖਾਸਕਰ ਰੇਹੜੀ ਵਾਲਿਆਂ ਨੂ ਸਖਤ ਹਦਾਇਤ ਕੀਤੀ ਕਿ ਉਹ ਰਾਏਕੋਟ ਰੋਡ, ਜਗਰਾਂਉ, ਲੁਧਿਆਣਾ ਰੋਡ ਆਦਿ ਸਰਵਿਸ ਰੋਡਾਂ ਤੇ ਆਪਣੀਆਂ ਰੇਹੜੀਆਂ ਨਾ ਲਗਾਉਣ ਨਹੀ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਸੜਕਾਂ ਤੇ ਪਈ ਕੋਈ ਵੀ ਵਸਤੂ ਲੋਕ ਨਾ ਚੁੱਕਣ ਬਲਕਿ ਪੁਲਿਸ ਪ੍ਰਸ਼ਾਸ਼ਨ ਨੂੰ ਖਬਰ ਕਰਨ। ਪੁਲਿਸ ਪ੍ਰਸ਼ਾਸ਼ਨ ਅਮਨ ਸ਼ਾਂਤੀ ਬਹਾਲ ਰੱਖਣ ਲਈ 24 ਘੰਟੇ ਜਨਤਾ ਦੀ ਸੇਵਾ ਵਿੱਚ ਹਾਜ਼ਰ ਹੈ। ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਂਉਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਬੰਧਿਤ ਥਾਣਾ ਨੂੰ ਦਿੱਤੀ ਜਾਵੇ। ਸੂਚਨਾਕਾਰ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।