ਜਨ-ਗਣਨਾ 2027: ਸੈਲਫ਼-ਇਨੂਮਰੇਸ਼ਨ ਕੀ ਹੈ, ਕਿਵੇਂ ਕਰੀਏ ਅਤੇ ਕਿਉਂ ਜ਼ਰੂਰੀ ਹੈ?
ਲੇਖਕ: ਸੁਖਰਾਜ ਸਿੰਘ ਬੁੱਟਰ ਲੈਕ.ਰਾਜਨੀਤੀ ਵਿਗਿਆਨ
ਮੋਬਾਇਲ ਨੰਬਰ : 94177 31810
ਭਾਰਤ ਵਿੱਚ 16 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਜਨ-ਗਣਨਾ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਰਤ ਦੀ ਇਹ 16ਵੀਂ ਜਨ-ਗਣਨਾ ਅਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਜਨ-ਗਣਨਾ ਹੈ, ਜੋ ਦੁਨੀਆ ਦੀ ਸਭ ਤੋਂ ਵੱਡੀ ਗਣਨਾ ਕਾਰਵਾਈ ਹੈ, ਜਿਸ ਵਿੱਚ 30 ਲੱਖ ਤੋਂ ਵੱਧ ਗਣਕ, ਨਿਗਰਾਨ ਅਤੇ ਅਧਿਕਾਰੀ ਸ਼ਾਮਲ ਹੋਣਗੇ। ਇਸ ਵਾਰ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਪਹਿਲੀ ਵਾਰ ਜਨ-ਗਣਨਾ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਨਾਗਰਿਕ 16 ਭਾਸ਼ਾਵਾਂ ਵਿੱਚ ਉਪਲਬਧ ਸੁਰੱਖਿਅਤ ਔਨਲਾਈਨ ਪੋਰਟਲ ਰਾਹੀਂ ਆਪਣੇ ਆਪ ਜਾਣਕਾਰੀ ਭਰ ਸਕਦੇ ਹਨ।ਇਸ ਸੁਵਿਧਾ ਨੂੰ ਸੈਲਫ਼-ਇਨੂਮਰੇਸ਼ਨ (Self-Enumeration) ਕਿਹਾ ਜਾਂਦਾ ਹੈ। ਇਹ ਸਹੂਲਤ ਐਡੀਸ਼ਨਲ ਹੈ। ਜੇਕਰ ਤੁਸੀਂ ਆਨਲਾਈਨ ਨਾ ਭਰ ਸਕੋ ਤਾਂ ਗਣਨਾ ਅਧਿਕਾਰੀ ਘਰ ਆ ਕੇ ਭਰਵਾਏਗਾ। ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਗੋਪਨੀਯਤਾ ਦੀ ਗਾਰੰਟੀ ਹੈ।
ਸੈਲਫ਼ ਇਨਿਊਮਰੇਸ਼ਨ ਦੀ ਮਹੱਤਤਾ :
ਇਸ ਨਾਲ ਗਣਨਾ ਅਧਿਕਾਰੀਆਂ ਦਾ ਸਮਾਂ ਬਚਦਾ ਹੈ ਅਤੇ ਪੂਰੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਇਹ ਭਾਰਤ ਨੂੰ ਡਿਜੀਟਲ ਭਾਰਤ ਵੱਲ ਇੱਕ ਵੱਡਾ ਕਦਮ ਹੈ। ਪਹਿਲਾਂ ਲੱਖਾਂ ਕਰਮਚਾਰੀ ਮਹੀਨਿਆਂ ਤੱਕ ਹਰ ਘਰ ਜਾਂਦੇ ਸਨ। ਹੁਣ ਲੋਕ ਆਪ ਡਾਟਾ ਪਾ ਕੇ ਸਰਕਾਰ ਦਾ ਸਮਾਂ, ਪੈਸਾ ਅਤੇ ਮਿਹਨਤ ਬਚਾ ਸਕਦੇ ਹਨ। ਸਹੀ ਅਤੇ ਜਦੋਂ ਵਿਅਕਤੀ ਖੁਦ ਆਪਣੀ ਜਾਣਕਾਰੀ ਭਰਦਾ ਹੈ ਤਾਂ ਗਲਤੀ ਦਾ ਚਾਂਸ ਘੱਟ ਹੁੰਦਾ ਹੈ। ਨਾਲ ਹੀ, ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜ਼ੀ ਨਹੀਂ ਹੋਣ ਕਾਰਨ ਡਾਟਾ ਵਧੇਰੇ ਪਾਰਦਰਸ਼ੀ ਅਤੇ ਭਰੋਸੇਮੰਦ ਬਣਦਾ ਹੈ। ਡਾਟਾ ਗੁਪਤ ਹੁੰਦਾ ਹੈ, ਜਿਸ ਨਾਲ ਨਿੱਜੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ। ਆਨਲਾਈਨ ਸਿਸਟਮ ਹੋਣ ਕਰਕੇ ਡਾਟਾ ਸਿੱਧਾ ਕੇਂਦਰੀ ਡਾਟਾਬੇਸ ਵਿੱਚ ਪਹੁੰਚਦਾ ਹੈ। ਇਸ ਨਾਲ ਮਰਦਮਸੁਮਾਰੀ ਦੇ ਨਤੀਜੇ ਕੁਝ ਹੀ ਮਹੀਨਿਆਂ ਵਿੱਚ ਆ ਸਕਦੇ ਹਨ, ਨਾ ਕਿ ਸਾਲਾਂ ਬਾਅਦ। ਲੱਖਾਂ ਟਨ ਕਾਗਜ਼ ਦੀ ਬਚਤ ਹੋਵੇਗੀ, ਜੋ ਵਾਤਾਵਰਨ ਲਈ ਬਹੁਤ ਫਾਇਦੇਮੰਦ ਹੈ। ਰਾਸ਼ਟਰੀ ਵਿਕਾਸ ਲਈ ਮਹੱਤਵਪੂਰਨ: ਸਹੀ ਸੈਨਸਸ ਡਾਟਾ ਸਰਕਾਰੀ ਯੋਜਨਾਵਾਂ (ਜਿਵੇਂ ਰਾਸ਼ਨ, ਘਰ, ਸਿੱਖਿਆ, ਸਿਹਤ), ਚੋਣ ਖੇਤਰਾਂ ਦੀ ਤਸਦੀਕ ਅਤੇ ਆਰਥਿਕ ਯੋਜਨਾਬੰਦੀ ਲਈ ਬੁਨਿਆਦੀ ਹੈ। ਇਸ ਨਾਲ ਪੰਜਾਬ ਅਤੇ ਦੇਸ਼ ਦੀ ਸੱਚੀ ਤਸਵੀਰ ਉਭਰਦੀ ਹੈ, ਜਿਸ ਨਾਲ ਵਿਕਾਸ ਤੇਜ਼ ਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੀ ਸੈੱਲਫ ਐਨੂਮਰੇਸ਼ਨ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿੱਚ ਹਿੱਸਾ ਲੈਣ। ਇਹ ਇੱਕ ਰਾਸ਼ਟਰੀ ਫਰਜ਼ ਵੀ ਹੈ।
ਸੈੱਲਫ ਐਨੂਮਰੇਸ਼ਨ ਕੀ ਹੈ?
ਸੈੱਲਫ ਐਨੂਮਰੇਸ਼ਨ ਇੱਕ ਆਨਲਾਈਨ ਸਹੂਲਤ ਹੈ, ਜਿਸ ਰਾਹੀਂ ਘਰ ਦਾ ਕੋਈ ਵੀ ਇੱਕ ਮੈਂਬਰ ਆਪਣੇ ਘਰ ਅਤੇ ਪਰਿਵਾਰ ਦੀਆਂ ਜਾਣਕਾਰੀਆਂ ਆਪਣੇ ਸਮੇਂ ਅਨੁਸਾਰ ਭਰ ਸਕਦਾ ਹੈ। ਇਸ ਤੋਂ ਬਾਅਦ ਇੱਕ ਯੂਨੀਕ 12 ਅੰਕਾਂ ਦੀ ਸੈੱਲਫ ਐਨੂਮਰੇਸ਼ਨ ਆਈਡੀ (SE ID) ਮਿਲਦੀ ਹੈ, ਜੋ ਗਣਨਾ ਅਧਿਕਾਰੀ (Enumerator) ਨੂੰ ਦੱਸਣੀ ਪੈਂਦੀ ਹੈ ਤਾਂ ਜੋ ਉਹ ਤਸਦੀਕ ਕਰਕੇ ਡਾਟਾ ਅੰਤਿਮ ਰੂਪ ਦੇ ਸਕੇ। ਇਹ ਘਰ-ਘਰ ਜਾਣ ਵਾਲੀ ਤਕਨੀਕ ਨੂੰ ਤੇਜ਼ ਅਤੇ ਆਸਾਨ ਬਣਾਉਂਦੀ ਹੈ। ਪੋਰਟਲ 16 ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਵਿੱਚ ਪੰਜਾਬੀ ਵੀ ਸ਼ਾਮਲ ਹੈ।
ਸੈੱਲਫ ਐਨੂਮਰੇਸ਼ਨ ਕਿਵੇਂ ਕਰੀਏ? (ਕਦਮ-ਦਰ-ਕਦਮ ਪ੍ਰਕਿਰਿਆ )
ਸੈੱਲਫ ਐਨੂਮਰੇਸ਼ਨ ਬਹੁਤ ਆਸਾਨ ਹੈ ਅਤੇ ਲਗਭਗ 15-20 ਮਿੰਟ ਲੈਂਦੀ ਹੈ। ਮੋਬਾਈਲ ,ਟੈਬ,ਲੈਪਟਾਪ ਜਾਂ ਡੈਸਕਟਾਪ ਤੇ ਕੀਤੀ ਜਾਾ ਸਕਦੀ ਹੈ। ਪੋਰਟਲ ਖੋਲ੍ਹੋ: ਆਪਣੇ ਬ੍ਰਾਊਜ਼ਰ ਵਿੱਚ ਅਧਿਕਾਰਤ ਵੈੱਬਸਾਈਟ https://se.census.gov.in ਖੋਲ੍ਹੋ।
ਰਾਜ ਚੁਣੋ ਅਤੇ ਕੈਪਚਾ ਭਰੋ: ਡਰਾਪਡਾਊਨ ਮੀਨੂ ਤੋਂ ਆਪਣਾ ਰਾਜ/ਯੂਨੀਅਨ ਟੈਰੀਟਰੀ (ਪੰਜਾਬ) ਚੁਣੋ। ਕੈਪਚਾ ਕੋਡ ਭਰੋ ਅਤੇ Verify & Proceed ਤੇ ਕਲਿੱਕ ਕਰੋ।
ਘਰ ਦੇ ਮੁਖੀ ਦਾ ਨਾਮ ਅਤੇ ਮੋਬਾਈਲ ਨੰਬਰ ਭਰੋ: ਘਰ ਦੇ ਮੁਖੀ (Head of Household) ਦਾ ਨਾਮ ਦਾਖਲ ਕਰੋ (ਇਹ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ)। ਆਪਣਾ 10-ਅੰਕੀ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਭਰੋ। Verify & Proceed ਤੇ ਕਲਿੱਕ ਕਰੋ।
OTP ਵੈਰੀਫਿਕੇਸ਼ਨ: ਤੁਹਾਡੇ ਮੋਬਾਈਲ ਤੇ ਆਉਣ ਵਾਲਾ 6-ਅੰਕੀ OTP ਭਰੋ। ਫਿਰ ਆਪਣੀ ਪਸੰਦੀਦਾ ਭਾਸ਼ਾ (ਪੰਜਾਬੀ ਵੀ ਉਪਲਬਧ) ਚੁਣੋ ਅਤੇ ਅੱਗੇ ਵਧੋ। ਘਰ ਦੀ ਲੋਕੇਸ਼ਨ ਮਾਰਕ ਕਰੋ: ਨਕਸ਼ੇ ਤੇ ਆਪਣੇ ਘਰ ਦੀ ਸਥਿਤੀ ਚਿੰਨ੍ਹਿਤ ਕਰੋ (ਮਾਰਕਰ ਲਗਾਓ)। ਇਸ ਤੋਂ ਬਾਅਦ ਘਰ ਦੀਆਂ ਬੁਨਿਆਦੀ ਵੇਰਵਿਆਂ (Census House Details) ਭਰੋ, ਜਿਵੇਂ ਘਰੇਲੂ ਜਾਣਕਾਰੀ: ਮਕਾਨ ਦੀ ਕਿਸਮ (ਪੱਕਾ, ਕੱਚਾ), ਪਾਣੀ, ਬਿਜਲੀ, ਸ਼ੌਚਾਲਯ ਆਦਿ। ਇਹ ਭਾਗ ਧਿਆਨ ਨਾਲ ਭਰੋ ਤਾਂ ਜੋ ਜਾਣਕਾਰੀ ਸਹੀ ਰਹੇ। ਫਾਰਮ ਸਬਮਿਟ ਕਰੋ । ਤੁਹਾਨੂੰ ਇੱਕ ਯੂਨੀਕ Self-Enumeration ID (SE ID) 12 ਅੰਕਾਂ ਦੀ ਮਿਲੇਗੀ, ਜੋ ਮੋਬਾਈਲ SMS ਜਾਂ ਈਮੇਲ ਤੇ ਵੀ ਆਵੇਗੀ। ਇਸ ਨੂੰ ਸੁਰੱਖਿਅਤ ਰੱਖੋ। ਗਣਨਾ ਅਧਿਕਾਰੀ ਨੂੰ SE ID ਦੱਸੋ: ਜਦੋਂ ਘਰ ਤੇ ਗਣਨਾ ਅਧਿਕਾਰੀ ਆਵੇਗਾ । ਉਹ ਤਸਦੀਕ ਕਰਕੇ ਡਾਟਾ ਅੰਤਿਮ ਰੂਪ ਦੇਵੇਗਾ। ਇਸ ਨਾਲ ਤੁਹਾਡਾ ਡਾਟਾ ਵਿੱਚ ਸ਼ਾਮਲ ਹੋ ਜਾਵੇਗਾ।
ਅੰਤ ਵਿੱਚ ਅਪੀਲ:
ਧੋਖਾਧੜੀ ਤੋਂ ਬਚੋ । ਪੰਜਾਬ ਵਾਸੀਓ, ਆਪਣੀ ਜਨਗਣਨਾ ਖੁਦ ਭਰੋ! ਪੰਜਾਬ ਵਿੱਚ ਇਸ ਦੀ ਮਿਆਦ 30 ਅਪ੍ਰੈਲ ਤੋਂ 14 ਮਈ 2026 ਤੱਕ ਹੈ ।ਇਸ ਨਾਲ ਤੁਸੀਂ ਆਪਣੇ ਰਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਓਗੇ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ https://se.census.gov.in ਜਾਂ https://censusindia.gov.in ਵੇਖੋ। ਟਿਊਟੋਰੀਅਲ ਵੀਡੀਓ ਵੀ ਉਪਲਬਧ ਹਨ।

-
ਸੁਖਰਾਜ ਸਿੰਘ ਬੁੱਟਰ, ਲੈਕ.ਰਾਜਨੀਤੀ ਵਿਗਿਆਨ
lack
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.