ਜ਼ਰਾ ਬਚਕੇ ਮੇੜ ਤੋਂ…
ਪੰਜਾਬ ਵਿੱਚ ਧਮਾਕੇ ਤੇ 2027 ਦੀ ਸਿਆਸਤ ਦਾ ਸਾਇਆ
ਲੇਖਕ: ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਪੰਜਾਬ ਦੀ ਧਰਤੀ ਨੇ ਪਹਿਲਾਂ ਵੀ ਬਹੁਤ ਕੁਝ ਵੇਖਿਆ ਹੈ। 80-90 ਦੇ ਦਹਾਕੇ ਦੀਆਂ ਉਹ ਕਾਲੀਆਂ ਰਾਤਾਂ, ਜਦੋਂ ਹਰ ਧਮਾਕਾ ਲੋਕਾਂ ਦੇ ਦਿਲਾਂ ਵਿੱਚ ਡਰ ਵਸਾ ਦਿੰਦਾ ਸੀ, ਉਹ ਦਿਨ ਅੱਜ ਵੀ ਪੰਜਾਬੀ ਮਨਾਂ ਵਿੱਚ ਤਾਜ਼ਾ ਹਨ। ਇਸ ਲਈ ਜਦੋਂ ਵੀ ਪੰਜਾਬ ਵਿੱਚ ਕਿਤੇ ਬੰਬ ਧਮਾਕੇ ਜਾਂ ਸੁਰੱਖਿਆ ਏਜੰਸੀਆਂ ਦੇ ਨੇੜੇ ਹਮਲਿਆਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਲੋਕਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਸਵਾਲ ਉੱਠਦਾ ਹੈ “ਕੀ ਫਿਰ ਕੋਈ ਸਿਆਸੀ ਖੇਡ ਤਾਂ ਨਹੀਂ ਖੇਡੀ ਜਾ ਰਹੀ?”
ਮਸ਼ਹੂਰ ਸ਼ਾਇਰ ਇਦਰਾਨੀ ਸਾਹਿਬ ਦੀਆਂ ਲਾਈਨਾਂ ਅੱਜ ਵੀ ਹਾਲਾਤਾਂ ਉੱਤੇ ਸੂਟ ਕਰਦੀਆਂ ਹਨ “ਹਾਲਾਤ ਖਰਾਬ ਨੇ, ਕਿੱਧਰੇ ਚੋਣਾਂ ਦਾ ਮਹੌਲ ਤਾਂ ਨਹੀਂ…”
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੱਛਮੀ ਬੰਗਾਲ ਵਿੱਚ ਵੱਡੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਸੇ ਵੇਲੇ ਵਿੱਚ ਸੰਭੂ ਰੇਲਵੇ ਲਾਈਨ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਬੀਐਸਐਫ ਚੌਕੀਆਂ ਨੇੜੇ ਹੋਏ ਧਮਾਕਿਆਂ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਇਹ ਲਾਜ਼ਮੀ ਨਹੀਂ ਕਿ ਹਰ ਧਮਾਕਾ ਸਿਆਸਤ ਨਾਲ ਹੀ ਜੁੜਿਆ ਹੋਵੇ, ਪਰ ਪੰਜਾਬ ਦੇ ਲੋਕਾਂ ਦਾ ਤਜਰਬਾ ਉਹਨਾਂ ਨੂੰ ਸ਼ੱਕ ਕਰਨ ਲਈ ਮਜਬੂਰ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਕਈ ਵਾਰ ਦੇਸ਼ ਦੀ ਸਿਆਸਤ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਚੋਣਵੀਂ ਮੋੜ ਲਿਆਉਣ ਲਈ ਵਰਤਿਆ ਜਾਂਦਾ ਹੈ। ਆਮ ਲੋਕਾਂ ਦੇ ਮਨ ਵਿੱਚ ਇਹ ਧਾਰਣਾ ਵੀ ਬਣਦੀ ਜਾ ਰਹੀ ਹੈ ਕਿ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਲਈ “ਸੁਰੱਖਿਆ” ਦਾ ਮਾਹੌਲ ਇੱਕ ਵੱਡਾ ਚੋਣੀ ਮੁੱਦਾ ਬਣਾਇਆ ਜਾ ਸਕਦਾ ਹੈ।
ਪੰਜਾਬ ਦਾ ਆਮ ਇਨਸਾਨ ਨਾ ਅੱਤਵਾਦ ਚਾਹੁੰਦਾ ਹੈ, ਨਾ ਖੂਨ-ਖਰਾਬਾ। ਪੰਜਾਬੀ ਹਿੰਦੂ ਹੋਵੇ ਜਾਂ ਸਿੱਖ, ਹਰ ਕੋਈ ਸ਼ਾਂਤੀ ਨਾਲ ਰੋਜ਼ੀ-ਰੋਟੀ ਕਮਾਉਣਾ ਚਾਹੁੰਦਾ ਹੈ। ਕੌਣ ਚਾਹੇਗਾ ਕਿ ਫਿਰ ਉਹੀ ਡਰ ਵਾਲਾ ਦੌਰ ਵਾਪਸ ਆਵੇ ਜਦੋਂ ਘਰੋਂ ਨਿਕਲਣਾ ਵੀ ਮੁਸ਼ਕਲ ਹੁੰਦਾ ਸੀ?
ਪਰ ਦੁੱਖ ਦੀ ਗੱਲ ਇਹ ਹੈ ਕਿ ਸਿਆਸਤ ਅਕਸਰ ਲੋਕਾਂ ਨੂੰ ਡਰ ਵਿਖਾਕੇ ਖੜੀ ਕੀਤੀ ਜਾਂਦੀ ਹੈ। ਕਦੇ ਧਰਮ ਦੇ ਨਾਂ ’ਤੇ, ਕਦੇ ਸੁਰੱਖਿਆ ਦੇ ਨਾਂ ’ਤੇ, ਤੇ ਕਦੇ ਦੇਸ਼ਭਗਤੀ ਦੇ ਨਾਂ ’ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ। ਚੋਣਾਂ ਦੇ ਸਮੇਂ ਹਰ ਪਾਰਟੀ ਆਪਣੇ ਹਿਸਾਬ ਨਾਲ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਖੇਡ ਵਿੱਚ ਆਮ ਲੋਕ ਸਭ ਤੋਂ ਵੱਧ ਪੀੜਤ ਹੁੰਦੇ ਹਨ।
ਅੱਜ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਲੋੜ ਹੈ ਸਿਆਸੀ ਸੂਝ-ਬੂਝ ਦੀ। ਧਮਾਕਿਆਂ, ਨਫ਼ਰਤ ਅਤੇ ਡਰ ਦੇ ਮਾਹੌਲ ਵਿੱਚ ਫਸਣ ਦੀ ਬਜਾਏ ਲੋਕਾਂ ਨੂੰ ਇਹ ਸੋਚਣਾ ਹੋਵੇਗਾ ਕਿ ਆਖ਼ਿਰ ਕਿਸ ਨੂੰ ਫਾਇਦਾ ਹੋ ਰਿਹਾ ਹੈ? ਕੌਣ ਚਾਹੁੰਦਾ ਹੈ ਕਿ ਪੰਜਾਬ ਮੁੜ ਬਦਨਾਮ ਹੋਵੇ? ਅਤੇ ਕੌਣ ਲੋਕਾਂ ਦੇ ਡਰ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤਣਾ ਚਾਹੁੰਦਾ ਹੈ?
ਪੰਜਾਬ ਨੇ ਬਹੁਤ ਕੁਝ ਗੁਆਇਆ ਹੈ। ਹਜ਼ਾਰਾਂ ਮਾਵਾਂ ਦੇ ਪੁੱਤਰ, ਭੈਣਾਂ ਦੇ ਵੀਰ ਅਤੇ ਬੱਚਿਆਂ ਦੇ ਪਿਤਾ ਉਸ ਦੌਰ ਦੀ ਭੇਟ ਚੜ੍ਹੇ ਸਨ। ਇਸ ਲਈ ਪੰਜਾਬੀ ਅੱਜ ਵੀ ਉਹ ਸਮਾਂ ਯਾਦ ਕਰਕੇ ਕੰਬ ਉੱਠਦੇ ਹਨ।
ਸਿਆਸੀ ਲੋਕ ਆਉਣਗੇ ਤੇ ਜਾਣਗੇ, ਪਰ ਜੇ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਸਭ ਤੋਂ ਵੱਡੀ ਕੀਮਤ ਫਿਰ ਪੰਜਾਬੀ ਲੋਕਾਂ ਨੂੰ ਹੀ ਚੁਕਾਉਣੀ ਪਵੇਗੀ।
ਇਸ ਲਈ ਸਮਾਂ ਹੈ ਸਾਵਧਾਨ ਰਹਿਣ ਦਾ…
ਨਫ਼ਰਤ ਦੀ ਰਾਜਨੀਤੀ ਤੋਂ ਵੀ,
ਡਰ ਦੀ ਰਾਜਨੀਤੀ ਤੋਂ ਵੀ।
“ਜ਼ਰਾ ਬਚਕੇ ਮੇੜ ਤੋਂ…”

-
ਲੇਖਕ: ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, writer
gptrucking134@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.