ਜੇ ਜਥੇਦਾਰ ਸਾਹਿਬ ਦੇ ਕੋਈ ਤੌਖਲੇ ਹੋਏ ਤਾਂ, ਉਹ ਰੂਲਾਂ 'ਚ ਐਡਜਸਟ ਕੀਤੇ ਜਾਣਗੇ- ਗੜਗੱਜ ਅੱਗੇ ਪੇਸ਼ ਹੋਣ ਤੋਂ ਬਾਅਦ ਬੋਲੇ ਸਪੀਕਰ ਸੰਧਵਾਂ
SGPC ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮਾਂ 'ਤੇ ਬੋਲੇ ਸਪੀਕਰ- "ਸਾਰਿਆਂ ਤੋਂ ਮੰਗੇ ਗਏ ਸਨ ਸੁਝਾਅ, ਅਖ਼ਬਾਰਾਂ 'ਚ ਦਿੱਤੇ ਸਨ ਇਸ਼ਤਿਹਾਰ"
Babushahi Network
ਅੰਮ੍ਰਿਤਸਰ, 8 ਮਈ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਸਬੰਧੀ ਆਪਣਾ ਸਪਸ਼ਟੀਕਰਨ ਦਿੱਤਾ।
ਸਪੱਸ਼ਟੀਕਰਨ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਵਉੱਚ ਹੈ। ਜੇਕਰ ਜਥੇਦਾਰ ਸਾਹਿਬ ਦੇ ਕੋਈ ਤੌਖਲੇ ਹੋਏ ਤਾਂ, ਉਹ ਰੂਲਾਂ ਵਿੱਚ ਐਡਜਸਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੀ ਕੰਮ ਕਰਨ ਲਈ ਵਚਨਬੱਧ ਹਾਂ।
ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਤੇ ਪੰਥਕ ਇਕੱਤਰਤਾ ਵਿੱਚ ਉੱਠੇ ਸਵਾਲਾਂ ਤੋਂ ਬਾਅਦ ਸਪੀਕਰ ਸੰਧਵਾਂ ਨੂੰ ਤਲਬ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਵੇਲੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਇਸ 'ਤੇ ਸਪਸ਼ਟੀਕਰਨ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਤਿਆਰ ਕੀਤਾ ਜਾ ਰਿਹਾ ਸੀ, ਤਾਂ ਬਕਾਇਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਈਮੇਲ ਆਈਡੀ ਅਤੇ ਫ਼ੋਨ ਨੰਬਰ ਜਾਰੀ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਗਤ ਤੋਂ ਸੁਝਾਅ ਮੰਗੇ ਗਏ ਸਨ।
ਜਥੇਦਾਰ ਸਾਹਿਬ ਨਾਲ ਹੋਈ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਸਪੀਕਰ ਸੰਧਵਾਂ ਨੇ ਬਹੁਤ ਹੀ ਸੰਜਮ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ, "ਜਥੇਦਾਰ ਸਾਹਿਬ ਨਾਲ ਜੋ ਵਿਚਾਰ-ਵਟਾਂਦਰਾ ਹੋਇਆ ਹੈ, ਉਹ ਦੱਸਣਾ ਮੇਰੀ ਮਰਿਆਦਾ ਦੇ ਉਲਟ ਹੋਵੇਗਾ। ਪਰ ਇੰਨਾ ਜ਼ਰੂਰ ਹੈ ਕਿ ਅਸੀਂ ਜੋ ਵੀ ਕਰਾਂਗੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਪੰਥਕ ਰਵਾਇਤਾਂ ਦੇ ਅੰਦਰ ਰਹਿ ਕੇ ਹੀ ਕਰਾਂਗੇ।"
- Download Babushahi App
-
-