300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ; ਭਾਈ ਤਾਰਾ ਸਿੰਘ ਵਾਂ
ਹਰਜਿੰਦਰ ਸਿੰਘ ਮਾਂਝੀ
ਸਿੱਖ ਇਤਿਹਾਸ ਦੀ ਰੋਸ਼ਨੀ ਅੰਦਰ ਜਦੋਂ ਅਸੀਂ ਕੈਲੰਡਰ ਦੇ ਸਾਹਮਣੇ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਹਰ ਤਾਰੀਖ ਵਿਚੋਂ ਸ਼ਹੀਦਾਂ ਦੇ ਖੂਨ ਦੇ ਤੁਪਕੇ ਟਪਕਦੇ ਹੋਏ ਦਿੰਦੇ ਹਨ ਭਾਵ ਕਿ ਅਜਿਹਾ ਕੋਈ ਵੀ ਦਿਨ ਨਹੀਂ ਜਿਸ ਦਿਨ ਸਿੱਖਾਂ ਦੀਆਂ ਸ਼ਹਾਦਤਾਂ ਨਾ ਹੋਈਆਂ ਹੋਣ । ਸੰਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸਮੇਤ 700 ਸਿੰਘਾਂ ਦੀਆਂ ਸ਼ਹਾਦਤਾਂ ਤੋ ਬਾਅਦ ਸੰਨ 1726 ਵਿੱਚ ਭਾਈ ਤਾਰਾ ਸਿੰਘ ਵਾਂ ਸਮੇਤ 22 ਸਿੰਘਾਂ ਦੀਆਂ ਸ਼ਹਾਦਤਾਂ ਤੁਰਕਾਂ ਨਾਲ ਸਿੱਧੀ ਜੰਗ ਵਿੱਚ ਹੋਈਆਂ । ਭਾਈ ਤਾਰਾ ਸਿੰਘ ਵਾਂ ਦਾ 300 ਸਾਲਾ ਸ਼ਹੀਦੀ ਦਿਵਸ ਮਨਾ ਰਹੀ ਸਿੱਖ ਕੌਮ ਨਾਲ ਭਾਈ ਸਾਹਿਬ ਦੇ ਜੀਵਨ ਸੰਬੰਧੀ ਇਹ ਲੇਖ ਸਾਂਝਾ ਕੀਤਾ ਜਾ ਰਿਹਾ ਹੈ ।
ਅਜੋਕੇ ਸਮੇਂ ਵਿੱਚ ਪਾਕਿਸਤਾਨ ਵਿੱਚ ਪੈਂਦੇ ਪਿੰਡ ਈਚੋਗਿੱਲ ਦੇ ਕੁੱਝ ਸਰਦਾਰ ਪਿੰਡ ਵਾਂ ਵਿਖੇ ਆ ਵਸੇ , ਜਿਸਨੂੰ ਕਿ ਉਸ ਮੌਕੇ ‘ਵਾਂ ਚਾਕਾਂ ਦੀ’ ਕਿਹਾ ਜਾਂਦਾ ਸੀ, ਡੱਲ ਪਿੰਡ ਨੇੜੇ ਹੋਣ ਕਰਕੇ ‘ਡੱਲ ਵਾਂ’ ਵੀ ਕਿਹਾ ਜਾਂਦਾ ਰਿਹਾ ਅੱਜਕੱਲ੍ਹ ਪਿੰਡ ‘ ਵਾਂ ਤਾਰਾ ਸਿੰਘ’ ਕਿਹਾ ਜਾਂਦਾ ਹੈ । ਗੁਰੂ ਅੰਗਦ ਸਾਹਿਬ ਜੀ ਸਮੇਂ ਪਿੰਡ ‘ਵਾਂ’ ਦੇ ਵਸਨੀਕਾਂ ਨੇ ਸਿੱਖੀ ਧਾਰਨ ਕੀਤੀ । ਗੁਰੂ ਹਰਿ ਰਾਇ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਚੱਘਾ ਜੀ ਦੇ 3 ਪੁੱਤਰ : ਮਾਹੀ, ਜੈਤਾ ਅਤੇ ਗੁਰਦਾਸ ਸਨ । ਇੰਨਾਂ ਵਿੱਚੋਂ ਸਭ ਤੋ ਛੋਟਾ ਪੁੱਤਰ ਗੁਰਦਾਸ ਸੰਨ 16 99 ਦੀ ਵਿਸਾਖੀ ਮੌਕੇ ਕਲਗੀਧਰ ਪਿਤਾ ਜੀ ਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਦਾਸ ਸਿੰਘ ਸਜਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਮੌਕੇ ਬਾਬਾ ਗੁਰਦਾਸ ਸਿੰਘ ਜੀ ਹੁਸ਼ਿਆਰਪੁਰ ਨੇੜੇ ਪਿੰਡ ਬੱਜਵਾੜੇ ਵਿਖੇ ਸਰਹੰਦ ਦੇ ਵਜੀਦੇ ਦੀਆਂ ਫੌਜਾਂ ਨਾਲ ਜੰਗ ਕਰਦਿਆਂ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਬਾਬਾ ਗੁਰਦਾਸ ਸਿੰਘ ਦੇ 5 ਪੁੱਤਰਾਂ ਤਾਰਾ ਸਿੰਘ, ਭਾਗ ਸਿੰਘ, ਸੰਗਤ ਸਿੰਘ, ਨੱਥੂ ਸਿੰਘ, ਕੱਥੂ ਸਿੰਘ ਵਿੱਚੋਂ ਸਭ ਤੋ ਵੱਡੇ ਪੁੱਤਰ ਤਾਰਾ ਸਿੰਘ ਜੀ ਦਾ ਜਨਮ ਸੰਨ 1687 ਵਿੱਚ ਹੋਇਆ ਅਤੇ ਆਪ ਜੀ ਨੇ ਖੰਡੇ ਕੀ ਪਾਹੁਲ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਹੇਠ ਪ੍ਰਾਪਤ ਕੀਤੀ ਅਤੇ ਘੋੜ-ਸਵਾਰੀ, ਤੀਰ-ਅੰਦਾਜੀ ਤੇ ਤਲਵਾਰਬਾਜੀ ਤੋਂ ਇਲਾਵਾ ਗੁਰਬਾਣੀ ਅਨੁਸਾਰ ਅਮਲੀ ਜੀਵਨ ਹੋਣ ਕਾਰਨ ਵਡਮੁੱਲੀਆਂ ਪੰਥਕ ਸੇਵਾਵਾਂ ਨਿਭਾਈਆਂ। ਮੀਣਿਆਂ ਵਿੱਚੋਂ ਚੂਹੜਮੱਲ ਵੱਲੋਂ ਪੱਟੀ ਦੇ ਫੌਜਦਾਰ ਹਰ ਸਹਾਏ ਨੂੰ ਸਿੱਖਾਂ ਖਿਲਾਫ ਭੜਕਾਉਣ ਕਾਰਨ ਜਦੋਂ ਉਸਨੇ ਸਿੱਖਾਂ ਨੂੰ ਚੱਕ ਰਾਮਦਾਸ ਵਿੱਚੋਂ ਕੱਢਣ ਦੀ ਠਾਣ ਲਈ ਤਾਂ ਸਿੱਖਾਂ ਨੇ ਵੀ ਭਾਈ ਮਨੀ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਸਟਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ ।
ਇਹ ਘਟਨਾ 6 ਜੂਨ 1709 ਦੀ ਹੈ ਜਦੋਂ ਹਰ ਸਹਾਏ ਦੀਆਂ ਫੌਜਾਂ ਨੇੜੇ ਆਈਆਂ ਤਾਂ ਸਿੰਘ ਵੀ ਤੇਗ਼ਾਂ ਲੈ ਕੇ ਧਾ ਪਏ । ਢਾਈ ਪਹਿਰ ਦੇ ਕਰੀਬ ਲੋਹੇ ਨਾਲ ਲੋਹਾ ਖੜਕਿਆ । ਭਾਈ ਤਾਰਾ ਸਿੰਘ ਜੀ ਨੇ ਆਪਣੀ ਪਹਿਲੀ ਹੀ ਜੰਗ ਵਿੱਚ ਹੀ ਹਰ ਸਹਾਏ ਦੇ ਖ਼ੂਨ ਨਾਲ ਆਪਣੀ ਤੇਗ ਦੀ ਪਿਆਸ ਬੁਝਾਈ । ਅੰਮ੍ਰਿਤਸਰ ਦੀ ਧਰਤੀ ਤੇ ਭਾਈ ਤਾਰਾ ਸਿੰਘ ਜੀ ਵੱਲੋਂ ਦਿਖਾਈ ਗਈ ਬਹਾਦਰੀ ਕਾਰਨ ਪੰਥ ਵਿੱਚ ਉੱਨਾਂ ਦਾ ਮਾਣ - ਸਤਿਕਾਰ ਪਹਿਲਾਂ ਨਾਲੋਂ ਵੀ ਕਈ ਗੁਣਾ ਵਧ ਗਿਆ । ਕੌਮੀ ਜਥੇਦਾਰਾਂ ਦੇ ਹੁਕਮ ਅਨੁਸਾਰ ਭਾਈ ਤਾਰਾ ਸਿੰਘ ਜੀ ਨੇ ਆਪਣੇ ਪਿੰਡ ਵਾਂ ਵਿਖੇ ਆਪਣੀ ਜ਼ਮੀਨ ਵਿੱਚ ਇੱਕ ਬੁੰਗਾ ( ਵਾੜਾ ) ਤਿਆਰ ਕੀਤਾ । ਜੰਗਾਂ- ਯੁੱਧਾਂ ਦੇ ਨਜ਼ਰੀਏ ਤੋ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਇਹ ਵਾੜਾ ਜੁਝਾਰੂ ਸਿੰਘਾਂ ਲਈ ਆਰਾਮ - ਗਾਹ ਬਣ ਗਿਆ ।
ਘੋੜਿਆਂ ਅਤੇ ਉੱਨਾਂ ਦੀਆਂ ਬਿਮਾਰੀਆਂ ਦੇ ਪਾਰਖੂ ਭਾਈ ਤਾਰਾ ਸਿੰਘ ਜੀ ਜਿੱਥੇ ਜੁਝਾਰੂ ਸਿੰਘਾਂ , ਸਿੱਖ ਆਗੂਆਂ ਅਤੇ ਸੰਗਤ ਦੀ ਖ਼ੂਬ ਸੇਵਾ ਕਰਦੇ ਸਨ , ਉੱਥੇ ਆਮ ਲੋੜਵੰਦ ਵਿਅਕਤੀ ਲਈ ਵੀ ਆਪ ਜੀ ਦਾ ਇਹ ਵਾੜਾ ਬਹੁਤ ਵੱਡਾ ਸਹਾਰਾ ਸੀ । ਸੰਨ 1726 ਵਿੱਚ ਨੌਸ਼ਿਹਰੇ ਢਾਲੇ ਦੇ ਚੌਧਰੀ ਸਾਹਿਬ ਰਾਏ ਨੇ ਸਿੰਘਾਂ ਦੇ ਖੇਤਾਂ ਦੇ ਉਜਾੜੇ ਲਈ ਆਪਣੀਆਂ ਘੋੜੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਪਿੰਡ ਪਢਾਣੇ ਦੇ ਵਸਨੀਕ ਮਾਲੀ ਸਿੰਘ ਅਤੇ ਗੁਰਬਖਸ਼ ਸਿੰਘ ਵੱਲੋ ਚੌਧਰੀ ਨੂੰ ਖੇਤਾਂ ਦਾ ਉਜਾੜਾ ਰੋਕਣ ਲਈ ਆਪਣੀਆਂ ਘੋੜੀਆਂ ਬੰਨਣ ਦੀ ਬੇਨਤੀ ਕੀਤੀ ਗਈ ਤਾਂ ਹੰਕਾਰ ਚ ਅੰਨ੍ਹੇ ਹੋਏ ਚੌਧਰੀ ਨੇ ਕਿਹਾ , “ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਹੀ ਮੈਂ ਆਪਣੀਆਂ ਘੋੜੀਆਂ ਬੰਨਾਂਗਾ ।” ਇੰਨਾਂ ਦੋਨਾਂ ਪਢਾਣੀਏ ਸਿੰਘਾਂ ਨੇ ਪਿੰਡ ਭੁੱਸੇ ਪਹੁੰਚ ਕੇ ਅਮਰ ਸਿੰਘ ਅਤੇ ਬਘੇਲ ਸਿੰਘ ( ਜੋ ਸਕੇ ਭਰਾ ਸਨ ) ਨੂੰ ਸਾਰੀ ਹੱਡ ਬੀਤੀ ਸੁਣਾਈ ।
ਇਹ ਵਾਰਤਾ ਸੁਣਕੇ ਅਗਲੇ ਦਿਨ ਅਮਰ ਸਿੰਘ ਅਤੇ ਬਘੇਲ ਸਿੰਘ ਨੇ ਚੌਧਰੀ ਦੀਆਂ ਘੋੜੀਆਂ ਫੜਕੇ ਘਰਿਆਲੇ ਦੇ ਲਖਮੀਰ ਸਿੰਘ ਕੋਲ ਪਹੁੰਚਾਈਆਂ ਅਤੇ ਉਸਨੇ ਇੰਨਾਂ ਘੋੜੀਆਂ ਨੂੰ ਸਤਲੁਜ ਦਰਿਆ ਪਾਰ ਕਰਵਾਕੇ ਆਲਾ ਸਿੰਘ ਪਟਿਆਲ਼ਾ ਕੋਲ ਵੇਚ ਕੇ ਵੱਟਕ ਭਾਈ ਤਾਰਾ ਸਿੰਘ ਵੱਲੋਂ ਚੱਲਦੇ ਲੰਗਰ ਚ ਆ ਪਾਈ । ਚੌਧਰੀ ‘ਚੋਰਾਂ’ ਦੀ ਭਾਲ ਵਿੱਚ ਭਾਈ ਤਾਰਾ ਸਿੰਘ ਦੇ ਵਾੜੇ ਵਿੱਚ ਆ ਕੇ ਸਿੰਘਾਂ ਦੇ ਸਮਝਾਉਣ ਦੇ ਬਾਵਜੂਦ ਵੀ ਲਗਾਤਾਰ ਅਪਮਾਨਜਨਕ ਟਿੱਪਣੀਆਂ ਸਿੱਖਾਂ ਖਿਲਾਫ ਕਰਦਾ ਰਿਹਾ । ਸਿੱਖਾਂ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ ਜਦੋਂ ਚੌਧਰੀ ਨੇ ਹੰਕਾਰ ਵਿੱਚ ਆ ਕੇ ਭਾਈ ਤਾਰਾ ਸਿੰਘ ਜੀ ਨੂੰ ਬੋਲਿਆ, “ਤੇਰੇ ਸਿਰ ਵਿੱਚ ਹੁੱਕੇ ਦਾ ਪਾਣੀ ਪਾ ਕੇ ਜੁੱਤੀਆਂ ਨਾਲ ਤੇਰਾ ਸਿਰ ਉਡਾ ਦੇਵਾਂਗਾ ।”
ਇਹ ਸੁਣਦਿਆਂ ਹੀ ਸਿੰਘਾਂ ਨੇ ਚੌਧਰੀ ਨੂੰ ਢਾਹ ਲਿਆ ਅਤੇ ਚੰਗੀ ਛਿੱਤਰ ਪਰੇਡ ਕਰਦਿਆਂ ਉਸਦੇ ਮੂੰਹ ਵਿੱਚੋਂ ਖੂਨ ਕੱਢ ਦਿੱਤਾ । ਮਿੰਨਤਾਂ ਤਰਲੇ ਕਰਕੇ ਆਪਣੀ ਜਾਨ ਬਚਾਉਂਦਾ ਹੋਇਆ ਚੌਧਰੀ ਸਾਹਿਬ ਰਾਏ ਨੌਸ਼ਹਿਰੇ ਦੀ ਥਾਂ ਸਿੱਧਾ ਪੱਟੀ ਵਿਖੇ ਪਹੁੰਚ ਕੇ ਫੌਜਦਾਰ ਜ਼ਾਫਰ ਬੇਗ ਨੂੰ ਮਿਲਿਆ ਅਤੇ ਉਸਨੂੰ ਸਿੰਘਾਂ ਖਿਲਾਫ ਚੜ੍ਹਾ ਲਿਆਇਆ । ਜਦੋਂ ਜਾਫਰ ਬੇਗ ਆਪਣੇ 50 ਸੈਨਿਕਾਂ ਸਮੇਤ ਭਾਈ ਤਾਰਾ ਸਿੰਘ ਜੀ ਦੇ ਵਾੜੇ ਵੱਲ ਵਧ ਰਿਹਾ ਸੀ ਤਾਂ ਵਾੜੇ ਦੇ ਬਾਹਰਵਾਰ ਹੀ ਬਘੇਲ ਸਿੰਘ ਦਾ ਉੱਨਾਂ ਨਾਲ ਮੁਕਾਬਲਾ ਹੋ ਗਿਆ ।
ਭਾਈ ਬਘੇਲ ਸਿੰਘ ਜੀ ਨੇ ਜਾਫਰ ਬੇਗ ਦੇ 2 ਭਤੀਜਿਆਂ ਸਮੇਤ 50 ਦੇ ਕਰੀਬ ਘੋੜ ਸਵਾਰ ਮਾਰ ਮੁਕਾਏ । ਬੰਦੂਕਾਂ ਦੀ ਅਵਾਜ ਸੁਣ ਕੇ ਵਾੜੇ ਅੰਦਰਲੇ ਸਿੰਘ ਵੀ ਸ਼ਸਤਰ ਲੈ ਕੇ ਭਾਈ ਬਘੇਲ ਸਿੰਘ ਦਾ ਸਾਥ ਦੇਣ ਲਈ ਆ ਗਏ ਅਤੇ ਪਿਆਦਾ ਸਿਪਾਹੀਆਂ ਖਿਲਾਫ ਡਟ ਗਏ । ਸਿੰਘਾਂ ਨੇ ਫ਼ੌਜਾਂ ਨੂੰ ਐਸਾ ਭਜਾਇਆ ਕਿ ਉਹਨਾਂ ਮਾੜੀ ਕੰਬੋਕੀ ਜਾ ਕੇ ਸਾਹ ਲਿਆ । ਇਸ ਮੌਕੇ ਗੋਲੀਆਂ , ਤੀਰਾਂ ਅਤੇ ਤਲਵਾਰਾਂ ਦਾ ਸਾਹਮਣਾ ਕਰਦਾ ਹੋਇਆ ਭਾਈ ਬਘੇਲ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ । ਜਾਫਰ ਬੇਗ ਨੇ ਇਸ ਘਟਨਾਕ੍ਰਮ ਦਾ ਜ਼ਿਕਰ ਬਹੁਤ ਵਧਾ ਚੜ੍ਹਾ ਕੇ ਲਾਹੌਰ ਵਿਖੇ ਜ਼ਕਰੀਆ ਖਾਨ ਕੋਲ ਕੀਤਾ , ਜਿਸਨੇ ਮੋਮਨ ਖਾਨ ਦੀ ਕਮਾਨ ਹੇਠ ਤਕੀ ਬੇਗ ਜਰਨੈਲ , 2200 ਘੋੜ ਸਵਾਰ , 40 ਜੰਬੂਰੇ , 4 ਛੋਟੀਆਂ ਤੋਪਾਂ , 5 ਹਾਥੀਆਂ ਸਮੇਤ ਹੋਰ ਜੰਗੀ ਸਾਜੋ - ਸਮਾਨ ਲੈ ਕੇ ਜਹਾਦ ਦਾ ਨਾਅਰੇ ਹੇਠ ਟਿੱਡੀ ਦਲ ਨਾਲ ਲੈਕੇ ਮੁੱਠੀ ਭਰ ਸਿੰਘਾਂ ਖਿਲਾਫ ਤਿਆਰੀਆਂ ਵਿੱਢ ਦਿੱਤੀਆਂ।
ਪਿੰਡ ਵਾਂ ਤੇ ਫ਼ੌਜ ਦੀ ਚੜਾਈ ਸੁਣ ਕੇ ਲਾਹੌਰ ਦੇ ਸਿੰਘਾਂ ਵੱਲੋ ਭੇਜੇ ਭਾਈ ਹਜੂਰਾ ਸਿੰਘ ਨੇ ਭਾਈ ਤਾਰਾ ਸਿੰਘ ਜੀ ਨੂੰ ਸਾਰੀ ਖ਼ਬਰ ਆ ਕੇ ਦੱਸੀ । ਮੋਮਨ ਖਾਨ ਨੇ ਆਪਣਾ ਲਸ਼ਕਰ ਲੈ ਕੇ ਲਹੌਰ ਤੋ ਘਵਿੰਡ ਵੱਲ ਦੀ ਹੁੰਦੇ ਹੋਏ ਪਿੰਡ ਵਾਂ ਵੱਲ ਚਾਲੇ ਪਾ ਦਿੱਤੇ ਅਤੇ ਰਸਤਾ ਦੱਸਣ ਲਈ ਪਿੰਡ ਘਵਿੰਡ ਦੇ ਨੰਬਰਦਾਰ ਸੂਜੇ ਨੂੰ ਅੱਗੇ ਲਗਾ ਲਿਆ । ਨੰਬਰਦਾਰ ਸੂਜੇ ਨੇ ਸਿੰਘਾਂ ਨਾਲ ਵਫ਼ਾਦਾਰੀ ਨਿਭਾਉਂਦਿਆਂ ਆਪਣੇ ਭਰਾ ਨੂੰ ਪਿੰਡ ਵਾਂ ਵੱਲ ਸਿੰਘਾਂ ਨੂੰ ਖਬਰ ਦੇਣ ਲਈ ਤੋਰ ਕੇ ਆਪ ਫ਼ੌਜ ਨੂੰ ਰਾਤ ਕਲਸੀਆਂ, ਦੋਦੇ ਆਦਿ ਪਿੰਡਾਂ ਵਿੱਚੋ ਦੀ ਘੁੰਮਾਉਦਾ ਹੋਇਆ ਵਾਂ ਪਿੰਡ ਤੋ ਢਾਈ ਮੀਲ ਦੂਰ ਪਿੰਡ ਡੱਲ ਨੂੰ ਹੀ ਵਾਂ ਪਿੰਡ ਦੱਸ ਕੇ ਆਪ ਖਿਸਕ ਗਿਆ । ਜਦੋ ਸੂਜੇ ਨੰਬਰਦਾਰ ਦੇ ਦੱਸੇ ਅਨੁਸਾਰ ਫ਼ੌਜ ਨੇ ਪਿੰਡ ਡੱਲ ਨੂੰ ਹੀ ਵਾਂ ਸਮਝਕੇ ਘੇਰਾ ਪਾ ਲਿਆ ਤਾਂ ਪਿੰਡ ਡੱਲ ਦੇ ਨੰਬਰਦਾਰ ਬੁਲਾਕੀ ਨੇ ਮੋਮਨ ਖਾਂ ਨੂੰ ਵਾਂ ਪਿੰਡ ਬਾਰੇ ਦੱਸਿਆ । ਬੁਲਾਕੀ ਨੰਬਰਦਾਰ ਨੇ ਫ਼ੌਜ ਦਾ ਸਮਾਂ ਟਪਾਉਣ ਲਈ ਪਿੰਡ ਵਾਸੀਆਂ ਨੂੰ ਦਹੀ , ਦੁੱਧ ਆਟਾ ਆਦਿ ਪਦਾਰਥਾਂ ਨਾਲ ਫੌਜ ਦੀ ਸੇਵਾ ਵਿੱਚ ਲਗਾ ਦਿੱਤਾ । ਫੌਜ ਖਾਣ - ਪੀਣ ਅਤੇ ਅਰਾਮ ਕਰਨ ਵਿੱਚ ਮਸਤ ਸੀ ਕਿ ਇੱਕ ਬਜ਼ੁਰਗ ਤੁਰਕ ਨੇ ਭਾਈ ਤਾਰਾ ਸਿੰਘ ਨੂੰ ਮੋਮਨ ਖਾਨ ਦੀ ਫੌਜ ਬਾਰੇ ਜਾਣਕਾਰੀ ਦਿੱਤੀ ।
ਫੌਜ ਆਉਣ ਦੇ ਵਾਰ - ਵਾਰ ਸੁਨੇਹੇ ਸੁਣਕੇ ਭਾਈ ਤਾਰਾ ਸਿੰਘ ਜੀ ਅਤੇ ਸਾਥੀ ਸਿੰਘਾਂ ਜਾਨ ਬਚਾਉਣ ਲਈ ਆਸੇ ਪਾਸੇ ਹੋਣ ਦੀ ਥਾਂ ਰਣ ਤੱਤੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਦਾ ਫੈਸਲਾ ਕੀਤਾ । ਗੁਰੂ ਦੇ ਓਟ ਆਸਰੇ 2200 ਸੈਨਿਕਾਂ ਦਾ ਮੁਕਾਬਲਾ ਮੁੱਠੀ ਭਰ ਸਿੰਘਾਂ ਨੇ ਕੀਤਾ । ਮੋਮਨ ਖਾਨ ਦੇ ਸਹਾਇਕ ਤਕੀ ਬੇਗ ਦੇ ਮੂੰਹ ਵਿੱਚ ਭਾਈ ਤਾਰਾ ਸਿੰਘ ਜੀ ਨੇ ਅਜਿਹਾ ਨੇਜਾ ਮਾਰਿਆ ਕਿ ਉਹ ਆਪਣਾ ਸੰਘ ਪੜਵਾ ਕੇ ਪਿੱਛੇ ਵੱਲ ਭੱਜ ਗਿਆ । ਮੋਮਨਖਾਨ ਦੇ ਭਤੀਜੇ ਮੁਰੀਦ ਖਾਨ ਨੂੰ ਭੀਮ ਸਿੰਘ ਨੇ ਮਾਰ ਮੁਕਾਇਆ । ਮਣਸਾ ਰਾਮ ਅਤੇ ਦਯਾ ਰਾਮ ਦੋਵੇਂ ਪੂਰਬੀਏ ਸਿੰਘਾਂ ਨੇ ਅਗਲੇ ਜਹਾਨ ਤੋਰ ਦਿੱਤੇ । ਖੂਨ ਨਾਲ ਬੁਰੀ ਤਰਾਂ ਲੱਥਪੱਥ ਹੋਏ ਭਾਈ ਤਾਰਾ ਸਿੰਘ ਜੀ ਤੁਰਕਾਂ ਦੇ ਆਹੂ ਲਾਹ ਰਹੇ ਸਨ ਕਿ ਤੁਰਕਾਂ ਦੇ ਵੱਡੇ ਦਸਤੇ ਨੇ ਘੇਰਾ ਪਾਕੇ ਇਕੱਠਿਆਂ ਹਮਲਾ ਕੀਤਾ, ਜਿਸਦਾ ਬੜੀ ਸੂਰਮਤਾਈ ਨਾਲ ਮੁਕਾਬਲਾ ਕਰਦਿਆਂ ਅਖ਼ੀਰ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ।ਸਿਰਫ 22 ਸਿੰਘਾਂ ਨੇ ਹਜਾਰਾਂ ਦੀ ਫੌਜ ਵਿੱਚੋਂ ਸੈਂਕੜੇ ਤੁਰਕ ਵੱਢੇ ਅਤੇ ਸੈਂਕੜੇ ਜ਼ਖ਼ਮੀ ਕੀਤੇ ।
ਭਾਈ ਤਾਰਾ ਸਿੰਘ ਜੀ ਦੀ ਸ਼ਹਾਦਤ ਸੰਨ 1726 ਨੂੰ 22 ਫੱਗਣ ਨੂੰ ਹੋਈ ।ਮੋਮਨ ਖਾਨ ਸਾਰੇ ਸਿੱਖਾਂ ਦੇ ਸਿਰ ਵੱਢ ਕੇ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਅਗਲੇ ਦਿਨ ਪੇਸ਼ ਹੋਇਆ । ਜ਼ਕਰੀਆ ਖ਼ਾਨ ਇਸ ਜੰਗ ਤੋਂ ਇੰਨਾਂ ਭੈਭੀਤ ਹੋਇਆ ਕਿ ਭਾਈ ਤਾਰਾ ਸਿੰਘ ਜੀ ਦਾ ਸੀਸ ਕੇਸਾਂ ਤੋ ਫੜਕੇ ਕਿੰਨਾ ਸਮਾਂ ਵੇਖਦਾ ਰਿਹਾ ਅਤੇ ਸੋਚਦਾ ਰਿਹਾ ਕਿ ਉਹ ਕਿਹੜੀ ਸ਼ਕਤੀ ਹੈ , ਜਿਸ ਕਾਰਨ ਸਿਰਫ ਗਿਣਤੀ ਦੇ ਯੋਧਿਆਂ ਨੇ ਹਜ਼ਾਰਾਂ ਦੀ ਫੌਜ ਦਾ ਇਹ ਹਾਲ ਕੀਤਾ । ਇਹ ਸਭ ਗੁਰਬਾਣੀ ਦੀ ਹੀ ਕਰਾਮਾਤ ਸੀ ।
ਇਸ ਜੰਗ ਵਿੱਚ ਭਾਈ ਤਾਰਾ ਸਿੰਘ ਜੀ ਨਾਲ ਭਾਈ ਵਧਾਵਾ ਸਿੰਘ ਅਤੇ ਭਾਈ ਕੋਇਰ ਸਿੰਘ ( ਦੋਵੇ ਪਿੰਡ ਵਾਂ ਤੋ ਸਨ ), ਭਾਈ ਸ਼ਾਹੀ ਸਿੰਘ ਪਿੰਡ ਬ੍ਰਾਹਮਣ ਝੱਲੀਆਂ, ਭਾਈ ਸੂਰਾ ਸਿੰਘ ਪਿੰਡ ਖਾਲੜਾ , ਭਾਈ ਹਾਤਾ ਸਿੰਘ ਪਿੰਡ ਚੂੰਘਾਂ , ਭਾਈ ਮੇਘ ਸਿੰਘ ਪਿੰਡ ਮੱਦਰਾ , ਭਾਈ ਲਖਮੀਰ ਸਿੰਘ ਪਿੰਡ ਘਰਿਆਲਾ, ਭਾਈ ਭੀਮ ਸਿੰਘ ਅਤੇ ਭਾਈ ਬਾਦਲ ਸਿੰਘ ( ਦੋਵਾਂ ਦਾ ਪਿੰਡ ਰੱਤੋਕੇ ) , ਭਾਈ ਮਾਲੀ ਸਿੰਘ ਅਤੇ ਗੁਰਬਖਸ਼ ਸਿੰਘ ( ਦੋਵਾਂ ਦਾ ਪਿੰਡ ਪਢਾਣਾ ) , ਭਾਈ ਬੁਲਾਕਾ ਸਿੰਘ ਪਿੰਡ ਸਾਂਘਣਾ , ਜੋਧ ਸਿੰਘ ਪਿੰਡ ਨਾਰੋਵਾਲ , ਭਾਈ ਬਘੇਲ ਸਿੰਘ ਦਾ ਭਰਾ ਭਾਈ ਅਮਰ ਸਿੰਘ ਪਿੰਡ ਭੁੱਸੇ , ਭਾਈ ਸਮੁੰਦ ਸਿੰਘ ਅਤੇ ਲਾਭ ਸਿੰਘ ਮੁਲਤਾਨੀਏ ,ਭਾਈ ਬੋਘ ਸਿੰਘ ਅਤੇ ਭਾਈ ਸਾਲ ਸਿੰਘ ਪਿੰਡ ਪਿਸ਼ੌਰ ਨੇ ਸ਼ਹਾਦਤਾਂ ਪ੍ਰਾਪਤ ਕੀਤੀਆ । ਲੋਕਾਂ ਨੂੰ ਭੈ ਭੀਤ ਕਰਨ ਲਈ ਸਿੰਘਾਂ ਦੇ ਸਿਰਾਂ ਨੂੰ ਨਖ਼ਾਸ ਮੰਡੀ ਵਿੱਚ ਟੰਗ ਕੇ ਅਤੇ ਬਾਅਦ ਅੰਨੇ ਖੂਹ ਵਿੱਚ ਸੁਟਵਾ ਦਿੱਤਾ ਗਿਆ । ਹਰ ਸਾਲ 22 ਫੱਗਣ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਾਂ ਵਿਖੇ ਸ਼ਹੀਦੀ ਜੋੜ ਮੇਲਾ ਹੁੰਦਾ ਹੈ ।

-
ਹਰਜਿੰਦਰ ਸਿੰਘ ਮਾਂਝੀ, ਲੇਖਕ
harjindersinghmajhi1313@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.