ਪਿਆਰੇ ਗੀਤਕਾਰ ਮਿੱਤਰ ਮੋਹਨ ਬੰਸੀਆਂ ਵਾਲਾ ਨੂੰ ਚੇਤੇ ਕਰਦਿਆਂ
ਗੁਰਭਜਨ ਗਿੱਲ
ਬਹੁਤ ਪਿਆਰਾ ਇਨਸਾਨ ਤੇ ਗੀਤਕਾਰ ਮੋਹਨ ਬੰਸੀਆਂ ਵਾਲਾ ਦੁਨੀਆਂ ਤੋਂ ਪਿਛਲੇ ਮਹੀਨੇ ਚਲਾ ਗਿਆ। ਉਹ ਰੰਗਲਾ ਸੱਜਣ ਸੀ। ਭਰ ਵਗਦਾ ਦਰਿਆ ਹੋਣ ਦੇ ਬਾਵਜੂਦ ਸਹਿਜ ਤੋਰ ਤੁਰਦਾ ਸੀ,ਨਾ ਤੇਜ਼ ਨਾ ਹੌਲੀ।
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸੈਕਰਾਮੈਂਟੋ ਵੱਸਦਾ ਸੀ। 2006 ਦੀ ਆਪਣੀ ਅਮਰੀਕਾ ਫੇਰੀ ਦੌਰਾਨ ਮੈਂ ਉਸਨੂੰ ਮਿਲਿਆ। ਉਸ ਚੰਗਾ ਚਾਅ ਲਿਆ। ਸ਼ਾਇਦ ਕੁਲਦੀਪ ਸਿੰਘ ਧਾਲੀਵਾਲ (ਹੁਣ ਵਿਧਾਇਕ)ਜਾਂ ਗੁਰਜਤਿੰਦਰ ਸਿੰਘ ਰੰਧਾਵਾ ਮੈਨੂੰ ਉਸ ਨਾਲ ਮਿਲਾਉਣ ਲੈ ਕੇ ਗਿਆ ਸੀ। ਪੱਕਾ ਚੇਤੇ ਨਹੀਂ।
ਪਰ ਕਿੱਡੇ ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਪਰਸੋਕ ਗਮਨ ਦਾ ਪਤਾ ਹੀ ਨਾ ਲੱਗਾ ਮਹੀਨਾ ਭਰ।
ਅੱਜ ਜੇਕਰ ਉਸ ਦਾ ਗਿਰਾਈਂ ਤੇ ਕੈਨੇਡਾ ਵੱਸਦਾ ਮੇਰਾ ਸ਼ਾਇਰ ਮਿੱਤਰ ਮੰਗਾ ਸਿੰਘ ਬਾਸੀ ਮੈਨੂੰ ਨਾ ਦੱਸਦਾ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਮੋਹਨ ਪਿਆਰਾ ਚਲਾ ਗਿਆ ਹੈ।
ਦੁਸ਼ਿਅੰਤ ਕੁਮਾਰ ਨੇ ਠੀਕ ਹੀ ਤਾਂ ਲਿਖਿਆ ਸੀ ਕਦੇ
ਅਬ ਕਿ ਇਸ ਸ਼ਹਿਰ ਮੇ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁਲਤੀ ਨਹੀਂ ਹੈਂ ਖਿੜਕੀਆਂ।
ਸੱਚ ਮੁੱਚ ਸਾਡਾ ਇਹੀ ਵਿਹਾਰ ਹੋ ਗਿਆ। ਮਹੀਨਾ ਹੋ ਗਿਆ ਉਸ ਨੂੰ ਵਿੱਛੜੇ ਨੂੰ , ਪਰ ਪਤਾ ਅੱਜ ਲੱਗ ਰਿਹਾ ਹੈ।
ਮੋਹਨ ਸੱਚਮੁੱਚ ਮਨ ਮੋਹਨ ਸੀ। ਜਲੰਧਰ ਜ਼ਿਲ੍ਹੇ ਵਿੱਚ ਉਸ ਦਾ ਪਿੰਡ ਰੁੜਕਾ ਕਲਾਂ ਨੇੜੇ ਬੀੜ ਬੰਸੀਆਂ ਸੀ। ਇਸੇ ਕਰਕੇ ਉਹ ਮੋਹਨ ਬੰਸੀਆਂਵਾਲਾ ਸੀ। ਸਰਕਾਰੀ ਕਾਗ਼ਜ਼ਾਂ ਵਿੱਚ ਮੋਹਨ ਸਿੰਘ ਬਾਸੀ ਸੀ ਉਹ।
ਮੇਰੀ ਉਸ ਨਾਲ ਮੁਲਾਕਾਤ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ ਲਗਪਗ ਤੀਹ ਪੈਂਤੀ ਸਾਲ ਪਹਿਲਾਂ ਕਰਵਾਈ ਸੀ। ਉਸ ਨੰ ਮੋਹਨ ਨਾਲ ਭਰਾਵਾਂ ਵਰਗਾ ਸਨੇਹ ਸੀ।
ਮੋਹਨ ਬਹੁਤ ਪਾਪੂਲਰ ਹੋਣ ਵਾਲੇ ਲੋਕ ਰੰਗ ਵਾਲੇ ਗੀਤ ਲਿਖਦਾ ਸੀ।
ਸੁਰਿੰਦਰ ਸ਼ਿੰਦਾ ਦੇ ਗਾਏ ਮੇਹਨ ਬੰਸੀਆਂ ਵਾਲੇ ਦੇ ਗੀਤ
ਬਾਰੀ ਖੋਲ੍ਹ ਕੇ, ਵਾਹਿਗੁਰੂ ਬੋਲ ਕੇ,
ਸੀਟ ਉੱਤੇ ਬਹਿ ਜਾ ਬੱਲੀਏ।
ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ।
ਨੇ ਤਾਂ ਉਹ ਧੂੜਾਂ ਪੁੱਟੀਆਂ ਕਿ ਬਹਿ ਜਾ ਬਹਿ ਜਾ ਹੋ ਗਈ। ਸੁਰਿੰਦਰ ਸ਼ਿੰਦਾ ਦਾ ਪਛਾਣ ਚਿੰਨ੍ਹ ਬਣ ਗਿਆ ਇਹ ਗੀਤ। ਜਿਵੇਂ ਜਿਉਣਾ ਮੌੜ ਜਾਂ ਪੁੱਤ ਜੱਟਾਂ ਦੇ ਗੀਤ ਹੈ।
1993 ਸੀ ਜਾਂ 1994 ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਤੇ ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਮੋਹਨ ਬੰਸੀਆਂ ਵਾਲੇ ਨੂੰ ਪੰਜਾਬੀ ਭਵਨ ਦੇ ਮੰਚ ਤੇ ਸਨਮਾਨਿਤ ਵੀ ਕੀਤਾ ਸੀ।
ਮੋਹਨ ਬੰਸੀਆਂ ਵਾਲੇ ਦੇ ਸੈਂਕੜੇ ਗੀਤ ਰੀਕਾਰਡ ਹੋਏ। ਅਜੀਤ ਸਿੰਘ ਰੰਗੀਲਾ ਜੱਟ ਤੇ ਸੁਰਿੰਦਰ ਕੌਰ ਨੇ ਵੀ ਉਸ ਦੇ ਕਈ ਗੀਤ ਗਾਏ।
ਜਿੰਨ੍ਹਾਂ ਵਿੱਚੋਂ ਦੋਗਾਣਾ
ਮੁੰਡਾ ਚਿੱਟਿਆਂ ਰੁਮਾਲਾ ਵਾਲਾ ਬਹੁਤ ਪ੍ਰਚੱਲਤ ਹੋਇਆ। ਕੁਲਦੀਪ ਮਾਣਕ, ਗੋਲਡਨ ਸਟਾਰ ਮਲਕੀਤ ਸਿੰਘ . ਜੈਜ਼ੀ ਬੈਂਸ , ਹ ਸ ਭਜਨ ਤੇ ਹੋਰ ਕਈ ਪ੍ਰਮੁੱਖ ਗਾਇਕਾਂ ਨੇ ਵੀ ਮੋਹਨ ਬੰਸੀਆਂ ਵਾਲੇ ਦੇ ਲਿਖੇ ਗੀਤ ਗਾਏ ਹਨ।
ਮੋਹਨ ਬੰਸੀਆਂ ਵਾਲਾ ਨੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਿਜ ਜੰਡਿਆਲਾ ਤੋਂ ਗਰੈਜੂਏਸ਼ਨ ਕਰਕੇ ਐੱਮ ਏ ਪੁਲਿਟੀਕਲ ਸਾਇੰਸ ਲਾਇਲਪੁਰ ਖ਼ਾਲਸਾ ਕਾਲਿਜ ਤੋਂ ਕੀਤੀ।
ਮੋਹਨ ਬੰਸੀਆਂ ਵਾਲਾ ਪੜ੍ਹਿਆ ਲਿਖਿਆ ਗੀਤਕਾਰ ਸੀ। ਉਸ ਦੇ ਗੀਤਾਂ ਵਿੱਚ ਪੇਂਡੂ ਪੰਜਾਬ ਜੀਵੰਤ ਰੂਪ ਵਿੱਚ ਹਾਜ਼ਰ ਨਾਜ਼ਰ ਹੈ।
ਕੈਂਸਰ ਦੇ ਭੈੜੇ ਰੋਗ ਨੇ ਉਸ ਨੂੰ ਜ਼ਿੰਦਗੀ ਦੇ ਆਖ਼ਰੀ ਵੇਲੇ ਬਹੁਤ ਨਪੀੜਿਆ। ਇਸ ਬਾਰੇ ਵੀ ਮੈਨੂੰ ਵੱਖ ਵੱਖ ਸਮੇਂ ਸ਼ਾਇਰ ਮਿੱਤਰ ਮੰਗਾ ਸਿੰਘ ਬਾਸੀ ਦੱਸਦਾ ਰਹਿੰਦਾ ਸੀ। ਲੱਖ ਚਾਹੁਣ ਦੇ ਬਾਵਜੂਦ ਉਸ ਨਾਲ ਮੇਰੀ ਗੱਲਬਾਤ ਨਾ ਹੋ ਸਕੀ।
ਇਸ ਵੇਲੇ ਮਨ ਦੀ ਹਾਲਤ ਇਸ ਲੋਕ ਬੋਲੀ ਵਰਗੀ ਹੈ।
ਅਹੁ ਗਏ ਸੱਜਣ ਅਹੁ ਗਏ
ਲੰਘ ਗਏ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ,
ਸਾਡੇ ਮਨੋਂ ਨਾ ਲੱਥੜਾ ਚਾਅ।
ਸੱਜਣ ਪਿਆਰਿਆਂ ਦੇ ਵਿਛੋੜੇ ਵਾਲੇ ਸੱਲ ਸਹਾਰਨੇ ਸੌਖੇ ਨਹੀਂ ਹੁੰਦੇ। ਪਲ ਪਲ ਯਾਦਾਂ ਭਰੇ ਹੋਏ ਫੋੜੇ ਵਾਂਗ ਟਸ ਟਸ ਕਰਦੀਆਂ ਨੇ।
ਮੋਹਨ ਨੂੰ ਸਾਡੀ ਇਹੀ ਸ਼ਰਧਾਂਜਲੀ ਹੋਵੇਗੀ ਕਿ ਉਸ ਦੇ ਗੀਤਾਂ ਨੂੰ ਸੰਭਾਲੀਏ। ਰੀਕਾਰਡ ਹੋਏ ਗੀਤ ਤਾਂ ਯੂ ਟਿਉਬ ਵਿੱਚ ਮਿਲ ਜਾਣਗੇ ਪਰ ਉਸ ਦੇ ਬਾਕੀ ਸਾਹਿੱਤਕ ਤੇ ਨਾ ਰੀਕਾਰਡ ਹੋਏ ਗੀਤਾਂ ਨੂੰ ਸੰਭਾਲਣ ਲਈ ਉਸ ਦੇ ਸ਼ੁਭ ਚਿੰਤਕਾਂ ਨੂੰ ਪਰਿਵਾਰ ਨਾਲ ਸੰਪਰਕ ਕਰਕੇ ਇਹ ਕਲਾਮ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ। ਉਸ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.