‘ਧੁਰ ਕੀ ਬਾਣੀ’ ਵਿਚ ਤਰੰਗਿਤ ਹੋ ਜਾਣ ਵਾਲਾ ਸਰਘੀ ਦਾ ਸੰਗੀਤ ਸੁਰੀਲਾ ਨਗਮਾ-
(ਅੱਜ 555ਵੇਂ ਗੁਰਪੁਰਬ ਤੇ ਬਾਬੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਮੇਰੇ ਵੱਲੋਂ ਹੱਥ ਜੋੜ ਕੇ ਪ੍ਰੇਮ ਸਹਿਤ ਸੰਸਾਰ ਚ ਬੈਠੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ)
ਗੁਰੂ ਨਾਨਕ ਸੂਰਜ ਦੀ ਸੋਚ, ਸਰਘੀ ‘ਚੋਂ ਜਨਮਦਾ ਪਹਿਲਾ ਸੁਪਨਾ, ਸਵੇਰ ਦਾ ਪਹਿਲਾ ਨਗਮਾ। ਕਿਰਤ ਦੇ ਪੋਟਿਆਂ ‘ਤੇ ਲਿਖੇ ਨੇਕੀ ਦੇ ਗੀਤ ਜਿਹਾ ਅਰਸ਼ ਹੈ। ਰੱਬ ਨਿਸ਼ਚਾ ਅਤੇ ਬੰਦਗੀ, ਇਨਸਾਨੀਅਤ ਦੇ ਇਤਫਾਕ ਜਿਹਾ। ਸਮਾਜਕ ਇਨਸਾਫ ਲਈ ਉਦਮ ਇਮਾਨਦਾਰ ਵਤੀਰਾ। ਉਹ ਘਰੇਲੂ ਜ਼ਿੰਦਗੀ ਦਾ ਰਿਸ਼ਤਾ ਤੇ ਰਸਤਾ ਵੀ ਹੈ। ਦਲੀਲ ਦਾ ਮਾਡਲ।
ਉਹ ਨਨਕਾਣੇ ਦਾ ਗੀਤ ਕਰਤਾਰਪੁਰ ਸਾਹਿਬ ਦੀ ਕਿਰਤ ਦਾ ਰਾਹ ਰਾਗ।
ਬਾਬਾ ਨਾਨਕ ਅਰਸ਼ ਦੀ ਕਿੱਲੀ ‘ਤੇ ਟੰਗੀ ਨਵੀਂ ਤਰਜ਼ ਹੈ, ਰਬਾਬ ਦੀਆਂ ਤਾਰਾਂ ਦੀ ਪਹਿਲੀ ਕੰਬਣੀ। ਧਰਤੀ ‘ਤੇ ਵਿਚਰਦਿਆਂ ਸਾਨੂੰ ਅਨੰਦ ਮਿਲਿਆ ਅਦਭੁਤ ਲੱਗਾ। ਬੇਅੰਤ ਭੰਡਾਰੇ ਅਣਮੁੱਲ ਖਜਾਨੇ ਉਪਹਾਰ ਪ੍ਰਾਪਤ ਹੋਏ; ਅਸੀਂ ਜੀਣ ਜੋਗੇ ਹੋਏ। ਮਿੱਟੀਆਂ ਸਾਡੇ ਬੋਝ ਢੋਹਦੀਆਂ ਕੁਫਰ ਝੱਲਦੀਆਂ ਵੀ ਨਾ ਬੋਲਣ। ਨਾਨਕ ਉਚਾਰਦਾ ਗਿਆ, ਗਾਉਂਦਾ ਤੁਰਿਆ ਰਿਹਾ। ਜਗ ਨੂੰ ਸ਼ਬਦਾਂ ਦਾ ਚਾਨਣ ਵੰਡਦਾ ਰਿਹਾ।
ਨਾਨਕ ਸੂਰਜ ਹੈ, ਲੱਖਾਂ ਧਰਤੀਆਂ ਤੇ ਰੋਸ਼ਨੀ ਦੀ ਚਾਦਰ ਵਿਛਾਉਣ ਵਾਲਾ। ਰੋਸ਼ਨੀ ਠੰਢਕ ਹੈ, ਰੌਣਕ ਹੈ, ਖੇੜਾ ਹੈ। ਸ਼ਬਦ ਬਾਣੀ ਵਿਚ ਸੱਚੀ ਸੋਚ ਚੰਨ-ਸਿਤਾਰਿਆਂ ਦੀ ਲਿਸ਼ਕ ਹੈ। ਟੁਕੜੇ, ਕਾਤਰਾਂ ਨੇ ਸੂਰਜੀ ਰਿਸ਼ਮਾਂ ਗੁੰਨੀਆਂ ਹੋਈਆਂ। ਪੰਜ ਆਬ ਵਿਛਾ ਨਾਨਕ ਨੇ ਊੜਾ ਲਿਖ ਨਾਲ ਏਕਾ ਵੀ ਲਾਇਆ। ਪੰਜਾਬੀ ਸਾਰੀ ਦੁਨੀਆਂ ‘ਚ ਤਾਰਿਆਂ ਵਾਂਗ ਲਿਸ਼ਕ ਗਏ ਤਾਂ ਹੀ ਪੰਜਾਬ ਦੇ ਪਾਣੀ ਪਿਤਾ ਬਣ ਗਏ ਤੇ ਧਰਤੀ ਮਾਤਾ ਬਣ ਸਜ ਗਈ। ਇਹਦੇ ਪਾਣੀ ਵਹਿੰਦੇ ਵੀ ਜਾਪ ਕਰਨ ਗੁਰਬਾਣੀ ਦਾ। ਹਵਾਵਾਂ ਰਾਗਨੀਆਂ ਗਾਉਣ। ਓਹੀ ਨਾਨਕ ਸ਼ਬਦ ਹੁਣ ਤੱਕ ਨਦੀਆਂ ਦੀਆਂ ਲਹਿਰਾਂ ਗਾ ਰਹੀਆਂ ਹਨ ਤੇ ਵਿਚ ਪੰਛੀ ਨਹਾਉਣ, ਜਪੁਜੀ ਗਾਉਣ।
ਨਾਨਕੁ ਧਰਤੀਆਂ ਗਾਹੁੰਦਾ ਨਹੀਂ ਥੱਕਦਾ। ਕੀ ਨਹੀਂ ਹੋ ਸਕਦਾ। ‘ਕੱਲਾ ਸੀ ਨਾਨਕ, ਫਿਰ ਵੀ ਕੀ ਕੁਝ ਨਹੀਂ ਓਹਨੇ ਸਜਾਇਆ। ਕਿਰਤ ਕਰਨੀ ਦੱਸੀ, ਜੋ ਲੁਕਾਈ ਦੀਆਂ ਹਥੇਲੀਆਂ ‘ਤੇ ਲਿਖੀ ਗਈ ਹੈ। ਪਿੰਡ ਵਸਾਇਆ ਕਿਰਤ ਦਾ ਕਰਤਾਰਪੁਰ ਬਣ ਸਜ ਗਿਆ, ਜਿਥੇ ਸ਼ਬਦ ਰਿਮਝਿਮ ਵਰਸੇ। ਵੰਡ ਕੇ ਖਾਣਾ ਦੱਸਿਆ, ਜਿਸ ਨਾਲ ਦੁਨੀਆਂ ਦੀ ਭੁੱਖ ਮਿਟ ਜਾਵੇ। ਹੰਕਾਰ ਨੀਵਾਂ ਕੀਤਾ ਮਜ਼ਹਬਾਂ ਦਾ। ਕਿਹਾ ਓਧਰ ਕਰ ਦਿਓ ਪੈਰ, ਜਿੱਧਰ ਮਹਿਰਮ ਨਹੀਂ ਰਹਿੰਦਾ। ਫਲ ਹਰੇਕ ਮਿੱਠਾ ਹੋ ਸਕਦਾ ਹੈ, ਜੇ ਰੀਝਾਂ ਦੇ ਪਾਣੀ ਨਾਲ ਸਿੰਜੋਗੇ ਤਾਂ। ਵਿਛ ਸਕਦੀ ਹੈ ਦੁਨੀਆਂ ਤੁਹਾਡੇ ਪੈਰਾਂ ‘ਚ, ਠਰ ਸਕਦੀ ਹੈ ਬਲਦੀ ਧਰਤ, ਦਲੀਲ ਨਾਲ ਗੱਲ ਤਾਂ ਕਰਨੀ ਸਿੱਖੋ। ਸਮਝ ਸਕਦੀ ਹੈ ਲੁਕਾਈ, ਜੇ ਪਿਆਰ ਨਾਲ ਬੁੱਕਲ ‘ਚ ਲੈ ਕੇ ਦਰਦ ਪੁੱਛੇ ਜਾਣ ਜ਼ਖਮਾਂ ਦੇ।
ਗੁੰਬਦਾਂ, ਮੀਨਾਰਾਂ ਨਾਲ ਜੇ ਅਰਸ਼ ਛੂਹੇ ਜਾਂਦੇ ਤਾਂ ਮੱਥਿਆਂ ‘ਚ ਦੀਵੇ ਸਜਾਉਣ ਦੀ ਲੋੜ ਨਾ ਪੈਂਦੀ। ਨਾਨਕ ਬੋਲਦਾ। ਸੁੱਕੀਆਂ ਪੈਲੀਆਂ ਹਰੀਆਂ ਵੀ ਹੋ ਸਕਦੀਆਂ ਹਨ। ਸੁੱਚੀ ਸੋਚ ਨਾਲ ਸਿੰਜੋ ਤਾਂ ਸਹੀ ਖੇਤਾਂ-ਫਸਲਾਂ ਨੂੰ। ਬਲਦੀਆਂ ਹਿੱਕਾਂ ਦੀ ਤਪਸ਼ ਵੀ ਮਰ ਸਕਦੀ ਹੈ, ਜਰਾ ਰਲਮਿਲ ਬੈਠ ਕੇ ਵਿਚਾਰ ਕਰਨੀ ਜੇ ਕੋਈ ਸਿੱਖ ਜਾਵੇ ਤਾਂ।
ਉਹ ਵਾਰ ਵਾਰ ਕਹਿ ਰਿਹਾ ਹੈ, ਮੇਰੇ ਬਾਰੇ ਗਲਤ ਅਫਵਾਹਾਂ ਨਾ ਫੈਲਾਓ। ਅੱਜ ਤੱਕ ਵੀ ਤੁਸੀਂ ਮੈਨੂੰ ਨਹੀਂ ਜਾਣ ਸਕੇ, ਤੇ ਮੇਰਾ ਸੁਨੇਹਾ। ਮੱਕੇ ਦੇ ਲੋਕਾਂ, ਮੁੱਲਾਂ ਦੀ ਸਮਝ ਕੁਝ ਪਾਇਆ ਸੀ, ਇਹ ਸੇਧ ਸੋਚ ਨਾਲ ਕਿ ਭਾਈ ਜਿੱਧਰ ਉਹ ਨਹੀਂ ਹੈ, ਓਧਰ ਕਰ ਦਿਓ ਪੈਰ। ਉਨ੍ਹਾਂ ਨੂੰ ਹਰ ਪਾਸੇ ਹੀ ਅੱਲ੍ਹਾ ਦਿਸਣ ਲੱਗਾ। ਹੋਰ ਮੱਕਾ ਕੋਈ ਚੱਕ ਸੀ ਘੁਮਿਆਰ ਦਾ ਕਿ ਫੇਰਿਆ ਜਾਂਦਾ। ਹਾਂ, ਲੱਤਾਂ-ਪੈਰ ਜ਼ਰੂਰ ਘੁੰਮਾਏ ਜਾ ਸਕਦੇ ਨੇ। ਸੱਪ ਤੋਂ ਛਾਂ ਕੌਣ ਕਰਵਾ ਸਕਦਾ ਹੈ, ਜੋ ਪਹਿਲਾਂ ਡੰਗ ਮਾਰਦਾ ਹੈ। ਇਸੇ ਹੀ ਤਰ੍ਹਾਂ ਪਹਾੜ ਨੂੰ ਰੋਕਣਾ ਹੋਵੇ, ਹੈ ਕਦੇ ਸੰਭਵ! ਮੈਨੂੰ ਜਾਦੂਗਰ ਨਾ ਬਣਾਉ। ਵੱਟਾ ਤਾਂ ਕੋਈ ਮਾਰ-ਰੋਕ ਸਕਦਾ, ਪਹਾੜ ਨੂੰ ਮਾਰਨਾ-ਰੋਕਣਾ ਕਿੰਜ ਸੰਭਵ ਹੋਇਆ? ਹਸਨ ਅਬਦਾਲ ਕਿੰਨੇ ਨੇ ਖੂਹ। ਕੀ ਕੋਈ ਪਿਆਸਾ ਪਹਾੜ ਉਤੇ ਪਾਣੀ ਪੀਣ ਜਾਵੇਗਾ? ਉਪਰੋਂ ਹੇਠ ਨੂੰ ਕਈ ਥਾਂਵਾਂ ‘ਤੇ ਪਾਣੀ ਆ ਰਿਹਾ ਹੁੰਦਾ ਹੈ। ਮੰਨ ਲਓ, ਕਿਸੇ ਵਲੀ ਫਕੀਰ ਕੋਲ ਪਿਆਸਾ ਭੁੱਖਾ ਪਾਣੀ ਪੀਣ ਜਾਂਦਾ ਹੈ। ਕੀ ਉਹ ਫੱਕਰ ਦੁਰਕਾਰੇਗਾ?
ਕਿਰਤੀ ਦੇ ਹੱਥਾਂ ਵਿਚ ਸਦਾ ਹੀ ਦੁੱਧ ਵਰਗੀ ਸੋਚ ਚੰਨ-ਸੂਰਜ ਵਰਗੀ ਚਮਕ ਹੁੰਦੀ ਹੈ। ਮਲਕ ਭਾਗੋ ਵਰਗੇ ਸਦਾ ਗਰੀਬ ਦਾ ਲਹੂ ਹੀ ਨਿਚੋੜਦੇ ਨੇ। ਹੋਰ ਕਦੇ ਪੂਰੀਆਂ ਨਿਚੋੜ ਲਹੂ ਕਿਉਂ ਕੱਢਵਾ ਰਹੇ ਹੋ! ਹਾਂ ਵਾਧੂ ਤੇਲ ਜ਼ਰੂਰ ਨਿਕਲ ਸਕਦਾ ਹੈ। ਗਰੀਬ, ਜੋ ਮਿਹਨਤ ਕਰਦਾ ਹੈ ਉਹ ਤਾਂ ਕੋਧਰੇ ਦੀ ਰੋਟੀ ਜਾਂ ਬਾਜਰਾ, ਜੁਆਰ ਹੀ ਖਾ ਸਕਦਾ ਹੈ ਤੇ ਨਾਨਕ ਨੇ ਖਾਧੀ ਵੀ ਹੋ ਸਕਦੀ ਹੈ। ਉਸ ‘ਚ ਦੁੱਧ ਵਰਗਾ ਸੱਚ ਹੀ ਹੋਵੇਗਾ, ਹੋਰ ਕੀ ਹੋ ਸਕਦਾ ਹੈ, ਗਰੀਬ ਦੀ ਮਿਹਨਤ ਕੋਲ।
ਨਾਨਕ ਪੰਥ ਦਾ ਰੰਗ ‘ਨਿਜ ਅਤੇ ਧੁਰ’ ਦੀ ਰੱਖਿਆ ਪ੍ਰਤੀ ਜਾਗ੍ਰਿਤੀ ਕਹੋ। ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਪਾਤਸ਼ਾਹ ਹੈ। ਸੱਚ ਦੇ ਸਫਿਆਂ ਨੂੰ ਥੱਲਣ ਵਾਲਾ ਨਿਰਾਲਾ ਜਿਹਾ ਸੰਕਲਪ। ਸਵੇਰਿਆਂ ਦਾ ਨਵਾਂ ਸੂਰਜ। ਨਵੀਂ ਪੈੜ੍ਹ ਤੇ ਸਰ੍ਹੋਂ ਦੇ ਫੁੱਲਾਂ ਜਿਹੀ ਤਾਰੀਖ ਦਾ ਪੰਨਾ। ਇਨਸਾਨੀਅਤ ਦਾ ਗੌਰਵ ਸਵੈ-ਮਾਣ। ਅੰਬਰ ਦੇ ਬਨੇਰੇ ‘ਤੇ ਅਰਸ਼ ਜਿਹਾ ਸਤੰਬ ਮੀਨਾਰ। ਤਾਰੀਖ ਦੇ ਪੰਨੇ ‘ਤੇ ਚਿੰਤਨ ਅਤੇ ਚੇਤਨ ਦਾ ਨਵਾਂ ਅਧਿਆਇ ਹੈ ਨਾਨਕ। ਸੁੰਨੇ ਵਿਹੜਿਆਂ ਦੀ ਰੌਣਕ, ਗੀਤ ਤੇ ਸੋਚ। ਲਤਾੜੀਆਂ ਰੂਹਾਂ ਦੀ ਪੀੜਤ ਆਤਮਾ। ਸਵੈਮਾਣ ਦਾ ਦੀਵਾ, ਕੌਮ ਦੀ ਸੁਰਤਿ ਵਿਚ ਸ਼ਬਦ ਦੀ ਉਪਾਸਨਾ। ਸੰਗਮ ਰਾਗ ਸ਼ਬਦ ਦਾ ਖਾਲਸ ਹਾਰ। ਰੰਗ ਬਿਰੰਗੇ ਤੇ ਸੂਹੀਆਂ ਫੁੱਲ ਪੱਤੀਆਂ ਦਾ ਵਿਸ਼ਵ ਇਤਿਹਾਸ ਦਾ ਲਾਸਾਨੀ ਫਿਲਾਸਫਰ। ਅਧਿਆਤਮਕ ਆਗੂ, ਅਮਰ ਸਾਹਿਤਕਾਰ ਦਰਵੇਸ਼ ਰਚਨਾਤਮਕ ਪ੍ਰਤਿਭਾ ਇਲਾਹੀ ਸ਼ਖਸੀਅਤ ਹੈ ਕੋਈ, ਬਾਬਾ ਨਾਨਕ। ਰੂਹਾਨੀ ਸੂਰਜ ਧਰਮ ਨਿਰਪੱਖਤਾ ਦਾ ਅਨੂਠਾ ਸੁਮੇਲ। ਲਾਸਾਨੀ ਸ਼ੈਲੀ ਅਕਾਲ ਉਸਤਤਿ ਦਾ ਰਚੈਤਾ। ਬ੍ਰਹਿਮੰਡ ਪਸਾਰੇ ਦੀ ਮਹਿਮਾ, ਗਾਇਣ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਤਿੱਖਾ ਵਿਰੋਧ।
ਮਹਾਂਪੁਰਸ਼, ਧਰਮ ਕਰਮਵੀਰ, ਦਾਨਵੀਰ ਤੇ ਦਯਾਵੀਰ। ਕੂੜ ਦੀ ਧੁੰਦੁ ਮਿਟਾ ਕੇ ਜਗਿ ਚਾਨਣੁ ਕਰਨ ਵਾਲਾ ਸੂਰਜ। ਤਲਵੰਡੀ ਦੀ ਮਿੱਟੀ, ਵੇਈਂ ਦੀਆਂ ਲਹਿਰਾਂ ਦਾ ਸੰਗੀਤ। ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਜਿਹਾ ਬੋਲ। ਮਾਰਗ ਦਰਸ਼ਨ ਲੋਕਾਈ ਦਾ ਨਵੇਂ ਆਦਰਸ਼ਾਂ ਦਾ ਸੰਸਥਾਪਕ। ਸੰਸਾਰ ਨੂੰ ਗਿਆਨ ਰਿਸ਼ਮਾਂ ਵੰਡਣ ਵਾਲਾ ਜੁਗਪੁਰਸ਼। ਨਾਨਕ ਪ੍ਰਤੀਨਿਧ ਬਾਣੀ ਦਾ ਰਾਗ ਹੈ। ਸ਼ਬਦ ਦੀਪਕ, ਖੰਡਨ ਵਹਿਮਾਂ ਦਾ। ਵਿਚਾਰਧਾਰਕ ਪਰਿਪੇਖ ਦੀ ਪੇਸ਼ਕਸ਼। ਰਾਗ, ਲੈਅ ਅੰਤਰੀਵਤਾ ਕਾਵਿ ਕੌਸ਼ਲਤਾ, ਸਾਗਰਾਂ ਜਿਹੀ ਡੂੰਘਾਈ, ਨੀਝ, ਵਿਸਥਾਰ। ਸ਼ਬਦ ਸੋਚ ਵਿਸ਼ਾਲਤਾ, ਢੁਕਵੇਂ ਅਲੰਕਾਰ, ਵੱਖਰੀ ਧਾਰਾ, ਅਧਿਆਤਮਕ ਅਨੁਭਵ ਜਿਹੀ ਮੂਰਤ। ਗੁਰਮਤਿ ਵਿਚਾਰਧਾਰਾ ਦਾ ਨਿਰੰਤਰ ਅਤੇ ਸਹਿਜ ਵਿਕਾਸ, ਸਿਰਜਕ। ਮੂਲਭੂਤ ਮਾਨਵੀ ਅਧਿਕਾਰਾਂ ਲਈ ਡਟ ਕੇ ਖਲੋਣ ਵਾਲਾ। ਕੌਮ ਰਚਨਹਾਰਾ, ਰਹਿਬਰ। ਜਬਰ ਦੀ ਅਧੀਨਗੀ ਨੂੰ ਅਪ੍ਰਵਾਨਤ ਕਰਨ ਵਾਲਾ ਜਗਤ ਫੱਕਰ। ਮੰਦਿਰ-ਮਸਜਿਦ, ਪੂਜਾ ਅਤੇ ਨਮਾਜ਼ ਸੱਭ ਨੂੰ ਸਮਾਨ ਸਜਾਉਣ ਵਾਲਾ ਨਨਕਾਣਵੀ।
ਸੱਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦਾ ਪੁੰਜ। ਸਦੀਆਂ ਤੋਂ ਚਾਨਣ ਮੁਨਾਰਾ ਲੱਖਾਂ ਸਿਤਾਰਿਆਂ ਦਾ। ਸਰਬਕਾਲੀਨ ਮਹਾਨ ਸੰਦੇਸ਼ ਮਾਰਗ, ਗੁਰ ਪੀਰ ਜਗਤ ਗੁਰੂ। ਰਾਜਨੀਤਕ, ਸਮਾਜਕ, ਧਾਰਮਿਕ, ਆਰਥਕ ਅਤੇ ਸੱਭਿਆਚਾਰਕ ਗਿਰਾਵਟ ਵੇਲੇ ਦਾ ਜਗਿਆਸੂ, ਪੀਰ। ਮਕਸਦ ਨੂੰ ਸਨਮੁੱਖ ਰੱਖ ਅਮਲ ਕਰਨ ਵਾਲੀ ਭਾਰਤੀ ਜੀਵਨ ਦੀ ਡੂੰਘੀ ਨੀਝ। ਧਾਰਮਿਕ ਅੰਧਕਾਰ, ਸਮਾਜਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚਿਤਰਨ ਤੇ ਕਰੜੀ ਪੜਚੋਲ ਕਰਨ ਵਾਲੀ ਸੱਚੀ ਸੋਚ ਮੁਹੱਬਤ। ‘ਸਭੇ ਸਾਂਝੀਵਾਲ ਸਦਾਇਨਿ’ ਧਰਮ ਦੀ ਨੀਂਹ ਰੱਖਣ ਵਾਲਾ ਇਲਾਹੀ ਨਾਦ ਦੁਨੀਆਂ ਦਾ। ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਵਲਗਣਾਂ ਨੂੰ ਖਤਮ ਕਰ ਸੁਤੰਤਰਤਾ ਦਾ ਪ੍ਰਸੰਗ ਅੰਬਰ ਛੂੰਹਦਾ ਪਰਚਮ। ਬਹੁਮੁਖੀ ਪ੍ਰਤਿਭਾ ਦਾ ਸੁਆਮੀ ਆਦਰਸ਼ ਸ਼ਖਸੀਅਤ।
ਜੀਵਨ-ਜਾਚ ਸਿਖਾਉਣ ਵਾਲਾ ਰਾਹਗੀਰ ਜੀਵਨ ਸਮੱਸਿਆਵਾਂ ਦਾ ਗਹਿਰਾ ਅਧਿਐਨ। ਸੱਚੀ ਸਿੱਖਿਆ ਦੇਣ ਵਾਲਾ ਅਧਿਆਪਕ, ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਕਰਨ ਵਾਲਾ ਯਾਤਰੂ। ਜਿਹਦੀਆਂ ਯਾਤਰਾਵਾਂ ਚਲਦੀਆਂ-ਫਿਰਦੀਆਂ ਪਾਠਸ਼ਾਲਾਵਾਂ, ਗਿਆਨ ਦਾ ਮੀਂਹ, ਮਹਿਕਦੀ ਪਵਨ। ਸਮੇਂ ਦੇ ਸ਼ਾਸਕਾਂ ਨੂੰ ਸੁਤੰਤਰ ਵਿਚਾਰਾਂ ਨਾਲ ਕੈਦ ਕਰਨ ਵਾਲਾ।
ਦੋਸ਼ੀਆਂ ਕੋਲੋਂ ਦੋਸ਼ ਦਾ ਦਲੀਲ ਨਾਲ ਇਕਬਾਲ ਕਰਵਾਉਣ ਵਾਲਾ ਨਿਆਰਾ ਜੱਜ। ਰਾਜਨੀਤਕ ਹਲਚਲ ਤੇ ਅਰਾਜਕਤਾ ਸਮੇਂ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥” ਬਿਆਨਣ ਵਾਲਾ। ਖੂਨ ਦੀਆਂ ਨਦੀਆਂ ਵਹਿੰਦੀਆਂ ਦੇਖ ਬਾਬਰ ਨੂੰ ਜਾਬਰ ਕਹਿਣ ਵਾਲਾ ਸਮੇਂ ਦਾ ਬਾਗੀ “ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥”
ਧਾਰਮਿਕ ਪਰਪੰਚਾਂ ਅਤੇ ਫੋਕੇ ਰੀਤੀ-ਰਿਵਾਜਾਂ ਨੂੰ ਖੋਰਨ ਵਾਲਾ, ਦਰਿਆ ਰਾਜੇ, ਧਨਵਾਨ ਅਤੇ ਸ਼ਾਸਕਾਂ ਨੂੰ ਪੁਕਾਰਨ ਵਾਲੀ ਉਚੀ ਸੁੱਚੀ ਨਿਡਰ ਆਵਾਜ਼। ਰਾਜ ਸਭਾਵਾਂ ਨ੍ਰਿਤਕਾਵਾਂ ਤੇ ਜਾਦੂਗਰਾਂ ਦੇ ਕੇਂਦਰਾਂ ਨੂੰ ਢਾਹੁਣ ਵਾਲਾ ਸੂਰਬੀਰ ਬਲਵਾਨ। ਰਾਜਿਆਂ ਦੇ ਕਾਮਵਾਸ਼ਨਾ ਵਾਲੇ ਹਰਮਾਂ ਸਤੀ ਹੋਣ ਦੇ ਆਮ ਰਿਵਾਜਾਂ ਨੂੰ ਰੋਕ ਲਾਉਣ ਵਾਲਾ ਪਰਬਤ।
ਨਾਰੀ ਦੇ ਹੱਕ ਵਿਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਕਹਿਣ ਵਾਲੀ ਕੁਰੀਤੀਆਂ ਵਿਰੁਧ ਬੁਲੰਦ ਹਉਕਾ ਅੰਬਰੀ ਆਵਾਜ਼ ਹੈ, ਬਾਬਾ ਨਾਨਕ। ਲੋਕਾਂ ਦੀ ਸੇਵਾ ਚੰਗੇ ਸਮਾਜ ਦਾ ਨਿਰਮਾਣ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਇਲਾਹੀ ਪ੍ਰਤੀਕ ਮਧੁਰ ਨਗਮਾ। ਸਾਂਝੀਵਾਲਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦਾ ਸਾਂਝਾ ਉਪਦੇਸ਼। ਹਰ ਦੇਸ਼ ਕੌਮ ਪ੍ਰਾਣੀ ਲਈ ਸੇਧ ਮਾਰਗ ਜੀਵਨ ਫਲਸਫਾ। ਸੱਚ ਦਾ ਪਾਂਧੀ, ਸ਼ਾਂਤੀ ਤੇ ਮਾਨਵ ਏਕਤਾ ਦਾ ਚਹੇਤਾ।
ਸ੍ਰਿਸ਼ਟੀ ਦਾ ਕਲਿਆਣ ਕਰਨਹਾਰਾ ਚਾਹਵਾਨ “ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥” ਰਾਗ ਸ਼ਬਦ ਰਚਣਹਾਰਾ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਆਪਣੀ ਬਣਾਈ ਖਲਕਤ ਵਿਚ ਹਾਦਰ ਅਤੇ ਦਾਇਮ ਸੱਚਾਈ ਦੀ ਹਕੀਕਤ ਹੈ, ਗੁਰੂ ਨਾਨਕ।
ਬਰਾਬਰੀ, ਭਾਈਚਾਰਕ ਪਿਆਰ, ਇਤਫਾਕ, ਚੰਗਿਆਈ ਅਤੇ ਗੁਣ ਅਨੋਖਾ ਰੂਹਾਨੀ, ਸਮਾਜਕ ਤੇ ਸਿਆਸੀ ਰਾਹ ਕਹੋ। ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟਿ ਦੀ ਸੱਚੀ ਕਲਮ। ਸਿੱਖ ਮਜ਼ਹਬੀ ਯਕੀਨ ਹੁਰਮਤ, ਦਿੱਵਤਾ ਅਤੇ ਧਾਰਮਿਕ ਅਖਤਿਆਰ ਵਾਲੀ ਇਲਾਹੀ ਜੋਤ ਦਸ ਗੁਰੂਆਂ ਵਿਚ ਬੈਠਾ ਲਿਸ਼ਕਦਾ ਸੂਰਜ ਸਿੱਖੀ ਦਾ ਆਗਾਜ਼ ਮੌਲਿਕ ਯਕੀਨ, ਮੁਕੱਦਸ ਗੁਰੂ ਗ੍ਰੰਥ ਸਾਹਿਬ ਦਾ ਰਚਣਹਾਰਾ।
ਕਣਕਾਂ ਨਾਲ ਭੜੋਲੇ ਕੋਠੀਆਂ ਭਰਨ ਵਾਲਾ, ਕਰਤਾਰਪੁਰ ਦੇ ਖੇਤਾਂ ਦਾ ਸ਼ਹਿਨਸ਼ਾਹ ਬਾਦਸ਼ਾਹ, ਅੰਨ ਦਾਤਾ ਲੋਕਾਈ ਦਾ। ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ। ਤੇਰਾ ਤੇਰਾ ਕਹਿ ਲੁਟਾਉਣ ਵਾਲਾ ਅਨੋਖਾ ਹੱਟਬਾਣੀਆ। ਸਾਰੇ ਪੈਸੇ ਭੁੱਖ ਮਿਟਾਉਣ ਲਈ ਲੇਖੇ ਲਾਉਣ ਵਾਲਾ ਕਾਲੂ ਦਾ ਨਵਾਂ ਬਿਜਨਸਮੈਨ। ‘ਧੁਰ ਕੀ ਬਾਣੀ’ ਵਿਚ ਤਰੰਗਿਤ ਹੋ ਜਾਣ ਵਾਲਾ ਸਰਘੀ ਦਾ ਗੁਲਾਬੀ, ਸੁਗੰਧ ਵਾਲਾ ਸੰਗੀਤ ਨਗਮਾ।
ਮੇਰੇ ਲਿਖੇ ਜਾਏ ਜਾ ਰਹੇ ਨਾਵਲ "ਬਨੇਰਾ ਦੀਵਿਆਂ ਵਾਲਾ" ਵਿੱਚੋਂ ਨਿੱਕੇ ਨਿੱਕੇ ਫੁੱਲ ਪੱਤੀਆਂ
ਫੁੱਲ ਤੱਕਣ ਨਾਲ ਮਨ ਵਿਚ ਖੇੜਾ ਆਉਂਦਾ ਹੈ ਖੁਸ਼ੀ ਆਣ ਵੱਸਦੀ ਹੈ ਗ਼ਮਾਂ ਵਿੱਚ-ਡਾ ਅਮਰਜੀਤ ਟਾਂਡਾ
ਫੁੱਲ ਦੇਖਦਿਆਂ ਹੀ ਨੱਚਣ ਨੂੰ ਦਿਲ ਕਰਦਾ ਹੈ। ਭੰਗੜਾ ਗਿੱਧਾ ਕਿੱਕਲੀ ਪਾਉਣ ਨੂੰ ਜੀਅ ਕਰਦਾ ਹੈ।
ਫੁੱਲ ਨਾ ਹੁੰਦੇ ਤਾਂ ਦੁਨੀਆ ਏਨੀ ਰੰਗੀਨ ਨਹੀਂ ਸੀ ਹੋਣੀ।
ਫੁੱਲਾਂ ਦੀ ਦੁਨੀਆ ਨੂੰ ਤੁਸੀਂ ਦੇਖਦੇ ਹੀ ਰਹਿ ਜਾਂਦੇ ਹੋ। ਹਰ ਘਰ ਫੁੱਲਾਂ ਨਾਲ ਭਰਿਆ ਜੀ ਆਇਆਂ ਆਖਦਾ ਹੈ। ਤੇ ਤੁਸੀਂ ਮਨ ਹੀ ਮਨ ਵਿੱਚ ਖੁਸ਼ ਹੋ ਜਾਂਦੇ ਹੋ ਅਨੰਦਤ ਮਹਿਸੂਸ ਕਰਦੇ ਹੋ। ਕਮਾਲ ਹੈ ਇਹ ਫੁੱਲਾਂ ਦਾ ਸੰਸਾਰ।
ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਨੂੰ ਗੁਲਾਬ ਦੇ ਵੰਨ ਸੁਵੰਨੇ ਫੁੱਲ ਸੱਭ ਤੋਂ ਸੁੰਦਰ ਸੋਹਣੇ ਲੱਗਦੇ ਹਨ। ਤੇ ਮੈਂ ਸਾਰੇ ਗੁਲਾਬ ਦੇ ਬੂਟੇ ਆਪਣੇ ਹੱਥੀਂ ਬਣਾਉਂਦਾ ਉਗਾਉਂਦਾ ਹੀ ਰਹਿੰਦਾ ਹਾਂ।
ਫੁੱਲਾਂ ਦੀ ਇੱਕ ਨਜ਼ਰ ਹੀ ਉਦਾਸੀਆਂ ਨੂੰ ਪੂੰਝ ਕੇ ਰੱਖ ਦਿੰਦੀ ਹੈ। ਗਮਾਂ ਨੂੰ ਪੀ ਜਾਂਦੀ ਹੈ ਇੱਕ ਹੀ ਦਿਖ।
ਜਿਸ ਘਰ ਜਿੰਨੇ ਵੀ ਫੁੱਲ ਹੋਣਗੇ ਇਸ ਦਾ ਮਤਲਬ ਕਿ ਉਹ ਘਰ ਕਦੇ ਉੱਜੜ ਨਹੀਂ ਸਕਦਾ ਉਹ ਖੁਸ਼ੀਆਂ ਚ ਵਸ ਰਿਹਾ ਹੁੰਦਾ ਹੈ।
ਇਹੀ ਵੱਡਾ ਕਾਰਨ ਹੈ ਕਿ ਪਾਰਕਾਂ ਵਿੱਚ ਫੁੱਲ ਉਗਾਏ ਜਾਂਦੇ ਹਨ ਤਾਂ ਕਿ ਸਾਰੇ ਲੋਕ ਉੱਥੇ ਆ ਕੇ ਸੈਰ ਕਰ ਸਕਦੇ ਹੋਣ ਉਹਨਾਂ ਨਾਲ ਗੱਲਾਂ ਸਾਂਝੀਆਂ ਕਰ ਸਕਦੇ ਹੋਣ ਆਪਣੇ ਦਿਲ ਦੀਆਂ।
ਘਰ ਫੁੱਲਾਂ ਨਾਲ ਹੀ ਵਸਦੇ ਆਏ ਹਨ। ਘਰਾਂ ਨਾਲ ਹੀ ਪਿੰਡ ਸ਼ਹਿਰ ਗਲੀਆਂ ਤੇ ਰਾਹਾਂ ਦੀਆਂ ਉਦਾਸੀਆਂ ਦੂਰ ਹੋਈਆਂ ਸਨ।
ਗਮ ਆਏ ਤਾਂ ਫੁੱਲਾਂ ਨੇ ਹੀ ਆ ਕੇ ਧਰਵਾਸ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਅਸੀਂ ਜਿਉਂਦੇ ਹਾਂ ਅਜੇ ਜੇ ਕੋਈ ਦੋਸਤ ਨਹੀਂ ਆ ਕੇ ਤੇਰੇ ਕੋਲ ਬੈਠਾ ਤਾਂ। ਤੂੰ ਐਵੇਂ ਗਮ ਵਿੱਚ ਗੋਤੇ ਨਾ ਖਾ। ਚੱਲ ਉੱਠ ਖੇਡੀਏ ਹੱਸੀਏ।
ਇਹੋ ਜਿਹੇ ਫੁੱਲਾਂ ਨੇ ਖਿੜ੍ਹ ਕੇ ਹੀ ਪਿੰਡਾਂ ਸ਼ਹਿਰਾਂ ਵਿੱਚ ਦੁਨੀਆਂ ਵਸਾਈ ਸੀ। ਸੰਸਾਰ ਉਸਾਰਿਆ ਸੀ ਰੌਣਕਾਂ ਦਾ।
ਡੇਜ਼ੀ ਦੀਆਂ ਪੰਖੜੀਆਂ ਨੇ ਹੀ ਸਾਨੂੰ ਇਕੱਠੇ ਮਿਲਵਰਤਨ ਨਾਲ ਰਹਿਣਾ ਦੱਸਿਆ ਸੀ। ਹੱਸਣਾ ਤੇ ਵਸਣਾ ਦੱਸਿਆ ਸੀ ਗੁਲਾਬਾਂ ਨੇ।
ਦਿਮਾਗ ਵਿੱਚ ਸੇਰੋਟੋਨਿਨ ਦੇ ਪ੍ਰਵਾਹ ਨੂੰ ਚਾਲੂ ਕਰਨ ਲਈ ਫੁੱਲ ਹੀ ਜਾਣੇ ਜਾਂਦੇ ਹਨ।ਸੇਰੋਟੋਨਿਨ, ਜਿਸਨੂੰ ਅਕਸਰ "ਖੁਸ਼ੀ ਦਾ ਹਾਰਮੋਨ" ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਨ ਨਿਊਰੋਟ੍ਰਾਂਸਮੀਟਰ ਹੈ ਜੋ ਬਹੁਤ ਸਾਰੇ ਸਰੀਰਕ ਅਤੇ ਮਨੋਵਿਗਿਆਨਕ ਕਾਰਜਾਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਇਹ ਸਿਰਫ ਫੁੱਲਾਂ ਦੀ ਹੀ ਦੇਣ ਹੈ।
ਕੁਦਰਤ ਵਿੱਚ ਸੇਰੋਟੋਨਿਨ ਨੂੰ ਮੂਡ ਸਟੈਬੀਲਾਈਜ਼ਰ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਮਨੁੱਖਤਾ ਨੂੰ ਸੰਤੁਸ਼ਟੀ ਮਹਿਸੂਸ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਸੇਰੋਟੋਨਿਨ ਬੰਦੇ ਦੀ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਲਈ ਵੀ ਜਾਣਿਆ ਜਾਂਦਾ ਹੈ ਅਤੇ ਚੰਗੀ ਅਨੰਦ ਵਾਲੀ ਗੂੜੀ ਨੀਂਦ ਲੈਣ ਵਿੱਚ ਵੀ ਰੋਲ ਅਦਾ ਕਰਦਾ ਹੈ।
ਆਕਸੀਟੌਸਿਨ ਇੱਕ ਹੋਰ ਰਸਾਇਣ ਹੈ ਜੋ ਸਾਨੂੰ ਖੁਸ਼ ਰਹਿਣ ਵਿੱਚ ਮਦਦ ਕਰਦਾ ਹੈ। ਇਹ ਆਮ ਤੌਰ 'ਤੇ ਪਿਆਰ ਅਤੇ ਰੋਮਾਂਸ ਦੀ ਭਾਵਨਾ ਪੈਦਾ ਕਰਦਾ ਹੈ। ਫੁੱਲਾਂ ਦੀ ਖੁਸ਼ਬੂ ਇਸ ਰਸਾਇਣ ਨੂੰ ਪ੍ਰੇਰਿਤ ਕਰਦੀ ਹੈ।
ਇੱਕ ਫੁੱਲ ਤੁਹਾਨੂੰ ਮੁਸਕਰਾਟ ਦੇਣੀ ਸਿਖਾਉਂਦਾ ਹੈ। ਸਾਰੇ ਅਧਿਐਨ ਭਾਗੀਦਾਰਾਂ ਨੇ ਫੁੱਲ ਪ੍ਰਾਪਤ ਕਰਨ 'ਤੇ "ਸੱਚੀ" ਜਾਂ "ਉਤਸ਼ਾਹਿਤ" ਮੁਸਕਰਾਹਟ ਪ੍ਰਗਟ ਕੀਤੀ, ਅਸਾਧਾਰਣ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ।
ਰਟਗਰਜ਼ ਯੂਨੀਵਰਸਿਟੀ ਦੇ ਨਾਲ ਡਾਕਟਰ ਹੈਵੀਲੈਂਡ-ਜੋਨਸ ਦੇ ਅਧਿਐਨ ਨੇ ਇਹ ਵੀ ਪਾਇਆ ਕਿ 88% ਲੋਕਾਂ ਨੇ ਦੱਸਿਆ ਕਿ ਫੁੱਲ ਦੇਣ ਦੇ ਕੰਮ ਨੇ ਵੀ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਕੀਤੀ। ਇਸਦਾ ਮਤਲਬ ਇਹ ਹੈ ਕਿ ਫੁੱਲਾਂ ਦੇ ਸ਼ਾਮਲ ਸਾਰੇ ਲੋਕਾਂ ਲਈ ਸਕਾਰਾਤਮਕ ਪ੍ਰਭਾਵ ਹਨ.
ਖੁਸ਼ੀ ਲਈ ਫੁੱਲ ਹੀ ਹੁੰਦੇ ਹਨ। ਡੇਜ਼ੀ ਖੁਸ਼ਹਾਲੀ ਨੂੰ ਦਰਸਾਉਂਦੀ ਹੈ, ਇੱਕ ਭਾਵਨਾ ਨੂੰ ਸ਼ੁੱਧ ਅਨੰਦ ਪ੍ਰਦਾਨ ਕਰਦੀ ਹੈ. ਮਨ ਵਿਚ ਦੇਖਣ ਨਾਲ ਖੇੜਾ ਆਉਂਦਾ ਹੈ।
ਉਹਦੀਆਂ ਖੁਸ਼ਹਾਲ ਚਿੱਟੀਆਂ ਪੱਤੀਆਂ ਅਤੇ ਚਮਕਦਾਰ ਪੀਲੇ ਕੇਂਦਰ ਉਹਨਾਂ ਨੂੰ ਖੁਸ਼ੀ ਦਾ ਇੱਕ ਵਿਆਪਕ ਪ੍ਰਤੀਕ ਬਣਾਉਂਦੇ ਹਨ।
ਫੁੱਲ ਤੱਕਣ ਨਾਲ ਮਨ ਵਿਚ ਖੇੜਾ ਆਉਂਦਾ ਹੈ ਖੁਸ਼ੀ ਆਣ ਵੱਸਦੀ ਹੈ ਗ਼ਮਾਂ ਵਿੱਚ।
ਫ਼ਰਕ ਤਾਂ ਪੈਂਦਾ ਹੈ-ਅਮਰਜੀਤ ਟਾਂਡਾ
ਫ਼ਰਕ ਤਾਂ ਪੈਂਦਾ ਹੈ
ਜਦ ਟਿਮਿਟਮਾਂਦੇ ਤਾਰੇ ਟੁੱਟ ਜਾਣ
ਤੇ ਆਣ ਡਿੱਗਣ ਧਰਤੀ ਤੇ
ਛਮ ਛਮ ਰੋਣ ਬੱਦਲ ਤੇ ਹਵਾਵਾਂ
ਪੱਥਰਾਂ ਚ ਉਦਾਸ ਹਰਕਤ ਹੋਵੇ
ਫ਼ਰਕ ਤਾਂ ਪੈਂਦਾ ਹੈ
ਜਦੋਂ ਵਸਦੀਆਂ ਉਮੀਦਾਂ
ਮਸਲੀਆਂ ਜਾਂਦੀਆਂ ਹਨ
ਅਚਾਨਕ ਬਲਣ ਲੱਗ ਜਾਂਦਾ ਹੈ
ਕੋਈ ਧਾਰਮਿਕ ਅਸਥਾਨ
ਅੱਗ ਖਾ ਜਾਂਦੀ ਹੈ
ਖਿੜੇ ਹੱਸਦੇ ਫੁੱਲਾਂ ਨੂੰ
ਸੜਦਾ ਹੈ ਜਦ ਨੇਕੀ ਦਾ ਭਰਿਆ ਦਰਿਆ
ਫ਼ਰਕ ਤਾਂ ਪੈਂਦਾ ਹੈ
ਜਦੋਂ ਸਕੂਲ ਕਾਲਜ ਨੂੰ ਗਏ
ਕਿਸੇ ਉਜਾੜ ਘਰ ਜਾਂ ਸੜਕ ਕਿਨਾਰੇ
ਸਰਿੰਜਾਂ ਨਾਲ ਬੇਹੋਸ਼ ਪਏ ਮਿਲਦੇ ਹਨ
ਤਾਂ ਮਾਂਵਾਂ ਦੀਆਂ ਕੁੱਖਾਂ ਗੋਦੀਆਂ ਲੋਰੀਆਂ ਨੂੰ
ਫ਼ਰਕ ਤਾਂ ਪੈਂਦਾ ਹੈ
ਜਦ ਗੋਲੀਆਂ ਕਿਸੇ ਮੋੜ ਤੇ
ਬਿਨ ਚਿਹਰਾ ਪਛਾਣੇ ਤਾਰਿਆਂ ਦੇ
ਸੀਨੇ ਵਿੱਚ ਕਈ ਛੇਕ ਕਰ ਜਾਂਦੀਆਂ ਹਨ
ਤੇ ਖ਼ਾਕੀ ਵਰਦੀਆਂ ਨੂੰ ਸਾਲਾਂ ਬਾਅਦ ਵੀ ਸੂਹ ਨਹੀਂ ਲੱਗਦੀ
ਉਦੋਂ ਫ਼ਰਕ ਤਾਂ ਜ਼ਰੂਰ ਪੈਂਦਾ ਹੈ
ਜਦ ਕਿਰਤ
ਸਾਰੇ ਦਮ ਨਾਲ ਕੰਮ ਕਰਨ ਤੇ ਵੀ
ਘਰ ਨੂੰ ਭੁੱਖੀ ਪਰਤਦੀ ਹੈ
ਤੇ ਸਾਈਕਲ ਦੇ ਹੈਂਡਲ ਨਾਲ ਲਮਕਦੇ
ਖਾਲੀ ਰੋਟੀ ਵਾਲੇ ਡੱਬੇ ਦਾ ਸੰਗੀਤ ਹੀ ਬਚਿਆ ਰਹਿ ਜਾਂਦਾ ਹੈ ਜੇਬਾਂ ਵਿੱਚ
ਤਾਂ ਫ਼ਰਕ ਤਾਂ ਪੈਂਦਾ ਹੈ
ਜਦ ਬੱਚਿਆਂ ਦੀਆਂ
ਸਾਰੀਆਂ ਖੁਸ਼ੀਆਂ ਮਰਦੀਆਂ ਹਨ
ਖਾਲੀ ਝੋਲਾ ਦੇਖ ਕੇ
ਉਦੋਂ ਜਦੋਂ ਸਵਾਦਲੀਆਂ ਕੁਲਫੀਆਂ ਗੋਲੀਆਂ ਦੇ
ਸਾਰੇ ਸੁਪਨੇ ਇਕੱਠੇ ਹੀ ਮਰਦੇ ਹਨ ਸੁੱਕੇ ਬੁੱਲਾਂ ਤੇ
ਫ਼ਰਕ ਤਾਂ ਉਦੋਂ ਪੈਂਦਾ ਹੀ ਹੈ
-
ਡਾ. ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.