ਕਿਲੇ ਦੇ ਮੋਤੀ ਕਿਤਾਬ ਵਿੱਚੋਂ
ਲੇਖਕ : ਹਿਊ ਜੇ. ਐਮ ਜੌਹਨਸਟਨ
ਅਨੁਵਾਦਕ: ਹਰਪ੍ਰੀਤ ਸੇਖਾ
ਕੈਨੇਡੀਅਨ ਫ਼ੌਜ ਵਿੱਚ ਪਹਿਲਾ ਸਿੱਖ ਸ. ਬੁੱਕਣ ਸਿੰਘ ਬੈਂਸ
ਲੇਖਕ, ਭਾਸ਼ਣਕਾਰ, ਸਿਆਸਤਦਾਨ ਅਤੇ ਕਿਸਾਨ ਵਿਲੀਅਮ ਐੱਚ ਮੂਰ, ਦੀ ਸੰਪਤੀ `ਤੇ ਮਾਹਲਪੁਰ ਇਲਾਕੇ ਦਾ ਇੱਕ ਹੋਰ ਸਿੱਖ ਨੌਜਵਾਨ ਬੁੱਕਣ ਸਿੰਘ ਬੈਂਸ ਕੰਮ ਕਰਦਾ ਸੀ। ਉਹ ਵੀ ਵੈਨਕੂਵਰ ਤੋਂ ਹੀ ਟਰਾਂਟੋ ਆਇਆ ਸੀ। ਉਸ ਦੇ ਇਤਿਹਾਸ ਬਾਰੇ ਟਰਾਂਟੋ ਦੇ ਫ਼ੋਟੋਗਰਾਫ਼ਰ ਅਤੇ ਖ਼ੋਜੀ ਸੰਦੀਪ ਸਿੰਘ ਬਰਾੜ ਨੇ ਹਾਲ ਹੀ ਵਿੱਚ ਪਤਾ ਲਗਾਇਆ ਹੈ। ਸੰਦੀਪ ਭਾਰਤ ਦੇ ਜੰਗੀ ਮੈਡਲ ਇਕੱਠੇ ਕਰਦਾ ਹੈ। ਬਰਤਾਨਵੀ ਵਿਕਰੇਤਾ ਕੋਲੋਂ ਬਰਾੜ ਨੇ ਇੱਕ ਜੇਤੂ ਮੈਡਲ ਖ਼ਰੀਦਿਆ ਜਿਸ `ਤੇ ਬੈਂਸ ਦਾ ਨਾਂ, ਰੁਤਬਾ ਅਤੇ ਲੜੀ ਨੰਬਰ ਉੱਕਰਿਆ ਹੋਇਆ ਸੀ। ਜਦੋਂ ਉਸ ਨੇ ਸਮਝਿਆ ਕਿ ਇਹ ਮੈਡਲ ਕਿਸੇ ਸਿੱਖ ਦਾ ਹੈ ਜਿਹੜਾ ਪਹਿਲੀ ਸੰਸਾਰ ਜੰਗ ਵੇਲੇ ਕੈਨੇਡਾ ਦੀ ਫ਼ੌਜ ਵੱਲੋਂ ਲੜਿਆ ਤਾਂ ਉਹ ਓਟਾਵਾ `ਚ ਪੁਰਾਤਨ ਦਸਤਾਵੇਜ਼ਾਂ ਦੀ ਖੋਜ ਪੜਤਾਲ ਕਰਨ ਲੱਗਾ ਅਤੇ ਉਸ ਦੇ ਪਰਿਵਾਰ ਬਾਰੇ ਪੁੱਛਣ ਲੱਗਾ।
ਜਿਹੜਾ ਕੁਝ ਬਰਾੜ ਨੇ ਲੱਭਿਆ, ਉਸ ਅਨੁਸਾਰ ਇੱਕ ਚੌਦਾਂ ਸਾਲ ਦਾ ਮੁੰਡਾ 1907 ਵਿੱਚ ਮਾਹਲਪੁਰ ਇਲਾਕੇ ਤੋਂ ਪਰਵਾਸ ਕਰਨ ਵਾਲੇ ਇੱਕ ਜਥੇ ਨਾਲ ਰਲ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਮੁੰਡਾ ਇੱਕ ਜਵਾਨ ਮਰਦ ਬਣਿਆ ਜਿਸ ਨੇ ਖ਼ਾਨ ਵਿੱਚ ਕੰਮ ਕੀਤਾ ਅਤੇ ਓਨਟਾਰੀਓ ਵਿੱਚ ਉਸ ਨੇ ਮੂਰ ਲਈ ਕੰਮ ਕੀਤਾ। ਉਸ ਨੇ 1915 ਦੀ ਬਸੰਤ ਰੁੱਤ ਵਿੱਚ ਮੂਰ ਦੀ ਨੌਕਰੀ ਛੱਡ ਦਿੱਤੀ ਅਤੇ ਇਨਫੈਂਟਰੀ ਬਟਾਲੀਅਨ ਵਿੱਚ ਭਰਤੀ ਹੋ ਗਿਆ, ਜਿਹੜੀ ਪੂਰਬੀ ਓਨਟਾਰੀਓ ਦੇ ' ਸਕਾਟਸ਼ ਕੈਨੇਡੀਅਨਾਂ' ਦੀ ਲਾਮਬੰਦੀ ਕਰਦੀ ਸੀ। ਅਗਸਤ ਦੇ ਅਖੀਰ ਵਿੱਚ ਉਹ ਇੰਗਲੈਂਡ ਨੂੰ ਜਾ ਰਹੇ ਕੈਨੇਡੀਅਨ ਸੈਨਿਕ ਜਹਾਜ਼ 'ਸਕੈਂਡਿਨੇਵੀਅਨ' `ਤੇ ਸੀ। ਛੇ ਮਹੀਨਿਆਂ ਬਾਅਦ ਉਹ 'ਕੈਨੇਡੀਅਨ ਐਕਸਪੀਡਿਸ਼ਨੇਰੀ ਫੋਰਸ' ਨਾਲ ਫਲੈਂਡਰ ਵਿੱਚ ਮੋਰਚੇ `ਤੇ ਸੀ। ਉਸ ਨੇ ਯੇਪਰਸ ਸੈਕਟਰ ਵਿੱਚ 100 ਦਿਨ ਮੋਰਚੇ `ਤੇ ਸੇਵਾ ਨਿਭਾਈ ਅਤੇ ਇੱਕ ਮਹੀਨੇ ਦੇ ਵਕਫ਼ੇ ਵਿੱਚ ਦੋ ਵਾਰ ਫੱਟੜ ਹੋਇਆ। ਇੱਕ ਵਾਰ ਬੰਬ ਦੇ ਛੱਰ੍ਹੇ ਸਿਰ ਦੇ ਇੱਕ ਪਾਸੇ ਵੱਜੇ ਅਤੇ ਦੂਜੀ ਵਾਰ ਗੋਡੇ ਅਤੇ ਪਿੰਜਣੀ ਵਿੱਚ ਗੋਲੀ ਲੱਗੀ। ਉਹ 1915-16 ਦੀਆਂ ਗਰਮੀਆਂ ਦੇ ਅਖੀਰ, ਪਤਝੜ ਅਤੇ ਸਰਦੀਆਂ ਵਿੱਚ ਅੰਗਰੇਜ਼ ਮਿਲਟਰੀ ਹਸਪਤਾਲਾਂ ਵਿੱਚ ਸਿਹਤਯਾਬ ਹੁੰਦਾ ਰਿਹਾ। ਜੇ ਉਸ ਅੰਦਰ ਟੀ ਬੀ ਦੇ ਸੰਕੇਤ ਨਾ ਮਿਲਦੇ ਤਾਂ ਉਸ ਨੂੰ ਵਾਪਸ ਮੋਰਚੇ `ਤੇ ਭੇਜ ਦਿੱਤਾ ਜਾਣਾ ਸੀ। ਮਾਰਚ 1916 ਵਿੱਚ ਉਸ ਦੇ ਰੋਗ ਦੀ ਪਛਾਣ ਪੱਕੀ ਹੋ ਗਈ। ਉਹ ਅਗਲੇ ਪੰਦਰਾਂ ਮਹੀਨੇ ਦੱਖਣੀ ਤਟ `ਤੇ ਹੇਸਟਿੰਗਜ਼ ਵਿੱਚ ਇੱਕ ਛੋਟੇ ਹਸਪਤਾਲ ਵਿੱਚ ਬਿਮਾਰੀ ਨਾਲ ਘੁਲਦਾ ਰਿਹਾ। ਉਹ ਹਸਪਤਾਲੀ ਜਹਾਜ਼ ਰਾਹੀਂ 1917 ਵਿੱਚ ਵਾਪਸ ਕੈਨੇਡਾ ਪਰਤਿਆ। ਉਸ ਨੇ ਆਪਣੀ ਹਯਾਤੀ ਦਾ ਆਖ਼ਰੀ ਸਾਲ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਵਿੱਚ ਮਿਲਟਰੀ ਹਸਪਤਾਲ ਵਿੱਚ ਗੁਜ਼ਾਰਿਆ। ਅਗਸਤ 1918 ਵਿੱਚ ਚੌਵੀ ਸਾਲ ਦੀ ਉਮਰ ਵਿੱਚ ਮਰਨ ਤੋਂ ਬਾਅਦ ਉਸ ਨੂੰ ਕਿਚਨਰ ਵਿੱਚ ਸੈਨਿਕਾਂ ਦੀ ਕਬਰ ਵਿੱਚ ਦਫ਼ਨਾਇਆ ਗਿਆ। ਉਸ ਦੇ ਮਾਹਲਪੁਰ ਵਿੱਚ ਰਿਸ਼ਤੇਦਾਰਾਂ ਨਾਲ ਉਸ ਦਾ 1907 ਵਿੱਚ ਦੇਸ਼ ਛੱਡਣ ਤੋਂ ਬਾਅਦ ਕੋਈ ਰਾਬਤਾ ਨਹੀਂ ਸੀ ਹੋਇਆ ਅਤੇ ਉਸ ਬਾਰੇ ਪਹਿਲੀ ਖ਼ਬਰ ਕੈਨੇਡੀਅਨ ਫ਼ੌਜ ਵੱਲੋਂ ਉਸ ਦੀ ਮੌਤ ਦਾ ਪਰਵਾਨਾ ਸੀ, ਜਿਹੜਾ ਉਨ੍ਹਾਂ ਨੇ 'ਕਿਸੇ ਜਿਉਂਦੇ ਰਿਸ਼ਤੇਦਾਰ' ਨੂੰ ਸੰਬੋਧਨ ਕਰਕੇ ਭੇਜਿਆ ਸੀ।
ਬੁੱਕਣ ਸਿੰਘ ਬੈਂਸ ਦੇ ਦੂਜੀ ਵਾਰ ਫੱਟੜ ਹੋਣ ਤੋਂ ਤਿੰਨ ਹਫ਼ਤੇ ਬਾਅਦ ਉਸ ਦਾ ਨਾਂ ਕੈਨੇਡੀਅਨ ਫ਼ੌਜ ਦੇ ਫੱਟੜਾਂ ਦੀ ਰੋਜ਼ਾਨਾ ਛਪਦੀ ਸੂਚੀ ਵਿੱਚ ਛਪਿਆ। 'ਟਰਾਂਟੋ ਸਟਾਰ' ਅਖ਼ਬਾਰ ਨੇ ਉਸ ਦਿਨ ਫੱਟੜਾਂ ਦੀ ਸੂਚੀ ਵਿੱਚ ਦਰਜ ਸਾਰੇ ਸਥਾਨਕ ਬੰਦਿਆ ਦੇ ਨਾਲ-ਨਾਲ ਉਸ ਬਾਰੇ ਵੀ ਸੰਖੇਪ ਕਹਾਣੀ ਛਾਪੀ। ਪਹਿਲੀ ਸੰਸਾਰ ਜੰਗ ਵੇਲੇ ਕੈਨੇਡਾ ਦੇ ਅਖ਼ਬਾਰਾਂ ਵਿੱਚ ਇਹ ਕਾਲਮ ਲਗਾਤਾਰ ਛਪਦਾ ਸੀ। ਵੇਰਵੇ ਤੋਂ ਇਹ ਸਪਸ਼ਟ ਹੈ ਕਿ 'ਟਰਾਂਟੋ ਸਟਾਰ' ਨੂੰ ਬੈਂਸ ਬਾਰੇ ਬਹੁਤੀ ਜਾਣਕਾਰੀ- ਉਹ ਕਦੋਂ ਓਨਟਾਰੀਓ ਆਇਆ, ਕਿੱਥੇ ਕੰਮ ਕੀਤਾ, ਅਤੇ ਉਹ ਪਹਿਲਾ ਸਿੱਖ ਸੀ ਜਿਸ ਨੇ ਕੈਨੇਡੀਅਨ ਫ਼ੌਜ ਵਿੱਚ ਸੇਵਾਵਾਂ ਨਿਭਾਈਆਂ- ਇਹ ਵਿਲੀਅਮ ਐੱਚ ਮੂਰ ਤੋਂ ਮਿਲੀ। ਇਸ ਦੀ ਪੂਰੀ ਸੰਭਾਵਨਾ ਹੈ ਕਿ ਮੂਰ ਨੇ ਹੀ ਅਖ਼ਬਾਰ ਨੂੰ ਬੈਂਸ ਬਾਰੇ ਲਿਖਣ ਲਈ ਉਤਸ਼ਾਹਿਤ ਕੀਤਾ ਹੋਵੇ। ਕੀ ਉਸ ਨੇ ਬੈਂਸ ਨੂੰ ਫ਼ੌਜ ਵਿੱਚ ਜਾਣ ਲਈ ਪ੍ਰੇਰਿਆ, ਇਸ ਬਾਰੇ ਅਸੀਂ ਨਹੀਂ ਜਾਣਦੇ।
-
ਹਿਊ ਜੇ. ਐਮ ਜੌਹਨਸਟਨ, writer
bukkansingh@
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.