ਬਾਬੂਸ਼ਾਹੀ ਨੈੱਟਵਰਕ 13 ਸਾਲ ਦਾ ਹੋਇਆ
ਸੰਪਾਦਕ ਬਲਜੀਤ ਬੱਲੀ ਨੇ ਸਾਂਝੇ ਕੀਤੇ ਕੌੜੇ-ਮਿੱਠੇ ਤਜਰਬੇ
Babushahi Hindi ਸ਼ੁਰੂ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ, 11 ਨਵੰਬਰ 2024- ਤਿਰਛੀ ਨਜ਼ਰ ਮੀਡੀਆ ਵੱਲੋਂ ਸ਼ੁਰੂ ਕੀਤੇ ਅਦਾਰੇ ਬਾਬੂਸ਼ਾਹੀ ਡਾਟ ਕਾਮ ਨੂੰ ਅੱਜ 13 ਵਰ੍ਹੇ ਮੁਕੰਮਲ ਹੋ ਗਏ ਹਨ। 11 ਨਵੰਬਰ 2011 ਨੂੰ ਤਿਰਛੀ ਨਜ਼ਰ ਮੀਡੀਆ ਦੇ ਬਾਨੀ ਬਲਜੀਤ ਬੱਲੀ ਵੱਲੋਂ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਬਾਬੂਸ਼ਾਹੀ ਡਾਟ ਕਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ 13 ਵਰ੍ਹਿਆਂ ਵਿਚ ਪਾਠਕਾਂ ਤੇ ਦਰਸ਼ਕਾਂ ਵੱਲੋਂ ਬਾਬੂਸ਼ਾਹੀ ਨੂੰ ਦਿੱਤੇ ਭਰਵੇਂ ਹੁੰਗਾਰੇ ਲਈ ਸੰਪਾਦਕ ਬਲਜੀਤ ਬੱਲੀ ਨੇ ਸਭ ਦਾ ਧੰਨਵਾਦ ਕੀਤਾ ਹੈ।
ਬਾਬੂਸ਼ਾਹੀ ਨੈੱਟਵਰਕ : 13 ਵਰ੍ਹਿਆਂ ਦਾ ਸਫ਼ਰ -ਕੌੜੇ -ਮਿੱਠੇ ਤਜਰਬੇ -ਫਿਰ ਵੀ ..
ਮੈਂ ਰਾਹਾਂ 'ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
ਸੁਰਜੀਤ ਪਾਤਰ ਦੀਆਂ ਇਹ ਸਤਰਾਂ ਯਾਦ ਨਹੀਂ ਕਿਹੜੇ ਸਾਲ 'ਚ ਲਿਖੀਆਂ ਪਰ ਮੇਰੇ ਤੇ ਮੇਰੇ ਸਾਥੀਆਂ ਵੱਲੋਂ 2011 'ਚ Digital News ਮੀਡੀਆ ਦੇ ਖੇਤਰੀ 'ਚ ਬਾਬੂਸ਼ਾਹੀ ਡਾਟ ਕਾਮ ਸ਼ੁਰੂ ਕਰਨ ਦੇ ਖ਼ਤਰਿਆਂ ਭਰਪੂਰ ਉੱਦਮ 'ਤੇ ਐਨ ਢੁਕਦੀਆਂ ਨੇ।
ਪਿਛਲੇ 31 ਸਾਲਾਂ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਲੰਮੇ ਸਫ਼ਰ ਤੋਂ ਬਾਅਦ, 13 ਵਰ੍ਹੇ ਪਹਿਲਾਂ ਅੱਜ ਦੇ ਦਿਨ 11 ਨਵੰਬਰ 2011 ਨੂੰ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਡਿਜਟਲ ਮੀਡੀਆ 'ਚ ਕੁੱਦਣ ਇਹ ਕਦਮ ਚੁੱਕਿਆ ਸੀ।
ਤਿਰਛੀ ਨਜ਼ਰ ਮੀਡੀਆ ਅਦਾਰਾ ਬਣਾ ਕੇ ਨੰਗੇ ਧੜ ਬਾਬੂਸ਼ਾਹੀ ਡਾਟ ਕਾਮ ਵੈੱਬ ਨਿਊਜ਼ ਪੋਰਟਲ ਦਾ ਆਗਾਜ਼ ਕਰਨ ਦਾ ਇਹ ਉਹ ਵੇਲਾ ਸੀ ਜਦੋਂ ਸਮਾਰਟ ਫ਼ੋਨ ਪ੍ਰਚਲਿਤ ਨਹੀਂ ਸਨ , ਇੰਟਰਨੈਟ ਦੀ ਸਪੀਡ ਬਹੁਤ ਮੱਠੀ ਸੀ 2 ਜੀ ਸਿਸਟਮ ਹੀ ਸੀ ਉਸ ਵੇਲੇ .ਵਾਟਸ-ਐਪ ਵੀ ਨਹੀਂ ਸੀ . ਸੋਸ਼ਲ ਮੀਡੀਆ ਪਲੇਟਫ਼ਾਰਮ ਵੀ ਇੰਨੇ ਪ੍ਰਚਲਤ ਨਹੀਂ ਸਨ।
ਡਿਜੀਟਲ ਆਨ ਲਾਈਨ ਨਿਊਜ਼ ਵੈੱਬਸਾਈਟ ਦਾ ਸੰਕਲਪ ਵੀ ਬਹੁਤਾ ਸਪਸ਼ਟ ਨਹੀਂ ਸੀ ਤੇ ਨਾ ਹੀ ਪ੍ਰਚਲਤ ਸੀ। ਉਸ ਵੇਲੇ ਇੱਕ ਨਿਊਜ਼ ਡਿਜੀਟਲ ਮੀਡੀਆ ਪਲੇਟਫ਼ਾਰਮ ਨੂੰ ਚਲਾਉਣਾ ਬਹੁਪੱਖੀ ਚੁਨੌਤੀ ਭਰਪੂਰ ਸੀ ਓਹ ਵੀ ਬਿਨਾਂ ਕਿਸੇ ਆਰਥਿਕ ਮਦਦ ਤੋਂ।
ਕਿਸੇ ਵੀ ਸੰਸਥਾ ਲਈ 13 ਵਰ੍ਹਿਆਂ ਦੀ ਉਮਰ ਉਂਜ ਤਾਂ ਅੱਲ੍ਹੜ ਉਮਰ ਹੀ ਹੁੰਦੀ ਐ ਪਰ ਮੈਨੂੰ , ਮੇਰੇ ਪਰਿਵਾਰ ਅਤੇ ਬਾਬੂਸ਼ਾਹੀ ਟੀਮ ( ਸਮੇਤ ਸਾਬਕਾ ਮੈਂਬਰਾਂ ਦੇ ) ਨੂੰ ਇਸ ਗੱਲ ਦਾ ਫ਼ਖਰ ਹੈ ਕਿ ਬੇਹੱਦ ਸੀਮਿਤ ਸਾਧਨਾਂ,ਉੱਘੜ-ਦੁਘੜੇ ਅਤੇ ਬਿਖੜੇ ਪੈਂਡੇ ਦੇ ਬਾਵਜੂਦ ਆਪਣੇ ਇਸ ਉੱਦਮ ਨੂੰ ਪੰਜਾਬ , ਉੱਤਰੀ ਭਾਰਤ ਅਤੇ ਗਲੋਬਲ ਪੰਜਾਬ ਅਤੇ ਅੰਦਰ "ਬਰਾਂਡ ਬਾਬੂਸ਼ਾਹੀ " ਵਜੋਂ ਕਾਇਮ ਕਰਨ 'ਚ ਸਫ਼ਲਤਾ ਹਾਸਲ ਕੀਤੀ।
ਸਾਨੂੰ ਇਸ ਗੱਲ ਦੀ ਬਹੁਤ ਸੰਤੁਸ਼ਟੀ ਹੈ ਕਿ ਨਿਊਜ਼ ਮੀਡੀਆ ਵਜੋਂ ਬਾਬੂਸ਼ਾਹੀ ਨੈੱਟਵਰਕ ਤੇ ਲੋਕ ਯਕੀਨ ਕਰਦੇ ਹਨ। ਕੁਝ ਸਮਾਂ ਪਹਿਲਾਂ ਇਸ ਉੱਦਮ ਨੂੰ ਹੋਰ ਅੱਗੇ ਲਿਜਾਂਦੇ ਹੋਏ ਵਿਜ਼ੂਅਲ ਮੀਡੀਆ 'ਚ ਵੀ ਪੈਰ ਧਰਿਆ ।
ਇਨ੍ਹਾਂ 13 ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਹੈ -ਇਸ ਤਰ੍ਹਾਂ ਲੱਗ ਰਿਹੈ ਜਿਵੇਂ ਇੱਕ ਯੁੱਗ ਹੀ ਬਦਲ ਗਿਆ ਹੋਵੇ। ਹੁਣ ਸਮੁੱਚੇ ਮੀਡੀਆ ਦਾ ਨਜ਼ਰੀਆ , ਇਸ ਵਿੱਚ ਪੇਸ਼ ਸਮਗਰੀ ਤੇ ਮੂੰਹ-ਮੁਹਾਂਦਰਾ ਹੀ ਬਦਲ ਗਿਆ ਹੈ .ਪ੍ਰਿੰਟ ਤੇ ਟੀ ਵੀ ਮੀਡੀਆ ਦੇ ਨਾਲ ਨਾਲ ਡਿਜੀਟਲ ਤੇ ਆਨ ਲਾਈਨ ਮੀਡੀਆ ਦੀ ਵੀ ਬੇਹਿਸਾਬੀ ਭਰਮਾਰ ਹੋ ਗਈ ਹੈ।
ਪੱਤਰਕਾਰੀ ਵਿੱਚ ਫੇਸ ਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦਾ ਦਖ਼ਲ ਬੇਹੱਦ ਵਧ ਗਿਆ ਹੈ। ਖ਼ਬਰ-ਸੰਸਾਰ ਮੀਡੀਆ 'ਤੇ ਵਪਾਰੀ ਕਰਨ ਅਤੇ ਇਕ ਦੂਜੇ ਤੋਂ ਅੱਗੇ ਲੰਘਣ ਅਤੇ ਪਾਠਕ ਜਾਂ ਦਰਸ਼ਕਾਂ ਦੀ ਗਿਣਤੀ ਵਧਾਉਣ ਦੀ ਮੁਕਾਬਲੇਬਾਜ਼ੀ ਹਾਵੀ ਹੋਣ ਕਰ ਕੇ ਹਰ ਵੰਨਗੀ ਦੇ ਮੀਡੀਆ ਲਈ ਭਰੋਸੇਯੋਗਤਾ ਇਕ ਬਹੁਤ ਵੱਡਾ ਮੁੱਦਾ ਬਣ ਗਿਆ ਹੈ।
ਬਰੇਕਿੰਗ ਨਿਊਜ਼ ਅਤੇ ਸਭ ਤੋਂ ਪਹਿਲਾਂ ਫਲੈਸ਼ ਦੇਣਾ ( ਜਿਸ ਵਿਚ ਬਾਬੂਸ਼ਾਹੀ ਨੇ ਆਪਣੀ ਧਾਕ ਜਮਾਈ ਰੱਖੀ ) ਆਪਣੇ ਆਪ 'ਚ ਬਹੁਤ ਅਹਿਮ ਹੈ ਪਰ ਇਸ ਵੇਲੇ ਇਸ ਨਾਲੋਂ ਵੀ ਵੱਡਾ ਚੈਲੰਜ ਠੋਸ, ਭਰੋਸੇਯੋਗ, ਪੁਖ਼ਤਾ, ਹਕੀਕੀ ਅਤੇ ਬੇਲਾਗ ਖ਼ਬਰ-ਸੰਚਾਰ ਮੁਹੱਈਆ ਕਰਨ ਦਾ ਹੈ।
ਅਸੀਂ ਦੁੱਧ ਧੋਤੇ ਹੋਣ ਦਾ ਦਾਅਵਾ ਤਾਂ ਨਹੀਂ ਕਰਦੇ ਕਿਉਂਕਿ ਕੋਈ ਵੀ ਅਦਾਰਾ ਵੀ ਆਪਣੇ ਨੂੰ ਸੰਪੂਰਨ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਸਮੇਂ ਅਤੇ ਸਥਾਨ ਮੁਤਾਬਕ ਹਰੇਕ ਦੀਆਂ ਘੱਟ-ਵੱਧ ਸੀਮਾਵਾਂ ਹੁੰਦੀਆਂ ਹਨ। ਬਹੁਤ ਵਾਰ ਲਚਕਦਾਰ ਅਤੇ ਵਿਹਾਰਕ ਵਤੀਰਾ ਵੀ ਅਪਣਾਉਣਾ ਪੈਂਦਾ ਹੈ।
ਕਦੇ ਕਦੇ ਨਾ ਚਾਹੁੰਦੇ ਹੋਏ ਕੁਝ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਫਿਰ ਵੀ ਬੁਨਿਆਦੀ ਕੋਸ਼ਿਸ਼ ਇਹੀ ਰਹੀ ਹੈ ਕਿ ਸਾਡੇ ਪੈਰ ਜ਼ਮੀਨ 'ਤੇ ਹੀ ਟਿਕੇ ਰਹਿਣ, ਪੱਤਰਕਾਰੀ ਕੈਰੀਅਰ 'ਚ ਪ੍ਰੋਫੈਸ਼ਨਲ ਪਹੁੰਚ ਰੱਖੀ ਜਾਵੇ ਅਤੇ ਸੰਭਵ ਹੱਦ ਤੱਕ ਇਸ 'ਤੇ ਅਮਲ ਕੀਤਾ ਜਾਵੇ। ਬੇਲੋੜੀ ਸਨਸਨੀਖ਼ੇਜ਼ , ਅੰਧਵਿਸ਼ਵਾਸੀ , ਸਮਾਜ 'ਚ ਕੁੜੱਤਣ ਤੇ ਵੰਡੀਆਂ ਪਾਉਣ ਵਾਲੀ ਰਿਪੋਰਟਿੰਗ ਤੋਂ ਗੁਰੇਜ਼ ਕਰਨ ਲਈ ਯਤਨਸ਼ੀਲ ਰਹੇ ਹਾਂ. ਲਿਖਣ-ਬੋਲਣ ਸਮੇਂ ਭਾਸ਼ਾ ਦਾ ਸੰਜਮ ਹਮੇਸ਼ਾ ਸਾਡਾ ਨਵੇਕਲਾ ਖ਼ਾਸਾ ਰਿਹਾ ਹੈ .ਸਾਰੇ ਸਫ਼ਰ ਦੌਰਾਨ ਬਾਬੂਸ਼ਾਹੀ ਨੈੱਟਵਰਕ ਰਾਹੀਂ ਆਪਣੀ ਪੰਜਾਬੀ ਮਾਂ-ਬੋਲੀ ਨੂੰ ਵੀ ਪ੍ਰਫੁੱਲਤ ਕਰਨ ਅਤੇ ਆਧੁਨਿਕ ਤਕਨਾਲੋਜੀ ਯੁੱਗ ਦੀ ਹਾਣੀ ਬਣਾਉਣ ਦੇ ਯਤਨ ਮਾਂ ਬੋਲੀ ਲਈ ਸਾਡੀ ਅਹਿਮ ਦੇਣ ਹੈ .
ਇਹ ਯਤਨ ਕਿੰਨੇ ਕੁ ਸਫਲ ਹੋਏ , ਇਸ ਦੇ ਪਾਰਖੂ ਤੁਸੀਂ ਹੋ। ਹੁਣ ਇਸੇ ਰਾਹ ਤੇ ਚਲਦੇ ਰਹਿਣ ਅਤੇ ਤੁਹਾਡਾ ਵਿਸ਼ਵਾਸ ਬਣਾਈ ਰੱਖਣ ਦੀ ਕੋਸ਼ਿਸ਼ ਜਾਰੀ ਰਹੇਗੀ . ਨੇੜ ਭਵਿੱਖ 'ਚ ਮੌਜੂਦਾ ਨੈੱਟਵਰਕ ਨੂੰ ਹੋਰ ਨਿਖਾਰ ਦੇਣ ਤੋਂ ਇਲਾਵਾ ਕੋਈ ਨਵੇਂ ਦਿਸਹੱਦਿਆਂ ਨੂੰ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਰਹੇਗੀ।
2024 ਵਿੱਚ ਕੀਤੇ ਇਸ ਵਾਅਦੇ ਮੁਤਾਬਿਕ ਹੁਣ ਅਸੀਂ ਆਪਣੇ ਪਾਠਕਾਂ ਅਤੇ ਦਰਸ਼ਕ-ਘੇਰਾ ਵਧਾਉਣ ਲਈ ਹਿੰਦੀ ਭਾਸ਼ਾ ਵਿੱਚ ਨਿਊਜ਼ ਪੋਰਟਲ Babushahi Hindi ਸ਼ੁਰੂ ਕਰਨ ਦਾ ਐਲਾਨ ਕਰਦੇ ਹਾਂ www.babushahihindi.com ਵਿੱਚ ਅਸੀਂ ਆਪਣੀ ਉਸੇ ਪ੍ਰੋਫੈਸ਼ਨਲ ਪਹੁੰਚ ਤੇ ਕਾਇਮ ਰਹਿਣ ਦਾ ਯਤਨ ਕਰਾਂਗੇ। ਜੇਕਰ ਸੁਰਜੀਤ ਪਾਤਰ ਦੀਆਂ ਸਭ ਤੋਂ ਉੱਪਰ ਦਿੱਤੀਆਂ ਸਤਰਾਂ ਸਾਡੇ ਉੱਦਮ ਦੀ ਸਫਲਤਾ ਤੇ ਢੁਕਦੀਆਂ ਨੇ ਤਾਂ ਉਸੇ ਪਾਤਰ ਦੀਆਂ ਇਹ ਸਤਰਾਂ ਵੀ ਸੱਚ ਨੇ :
ਕਦੀ ਦਰਿਆ ਇਕੱਲਾ ਤਹਿ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ-ਮਿਲ ਰਾਹ ਬਣਦੇ।
ਇਨ੍ਹਾਂ 13 ਵਰ੍ਹਿਆਂ ਦੌਰਾਨ ਤਿਰਛੀ ਨਜ਼ਰ ਮੀਡੀਆ ਦੇ ਸਾਬਕਾ ਅਤੇ ਮੌਜੂਦਾ ਐਡੀਟੋਰੀਅਲ ਸਟਾਫ਼ , ਫ਼ੀਲਡ ਤੇ ਕਾਰੋਬਾਰੀ ਟੀਮ ਅਤੇ ਕੈਨੇਡਾ ਤੋਂ ਉਪਰੇਟ ਕਰ ਰਹੀ IT Tech ਟੀਮ ਵਿਚ ਬੇਹੱਦ ਲਗਨ ਅਤੇ ਸਿਦਕ ਦਿਲੀ ਨਾਲ ਕੰਮ ਕਰ ਰਹੇ ( ਅਤੇ ਕੰਮ ਕਰਦੇ ਰਹੇ ) ਸਾਰੇ ਸਾਥੀਆਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਟੀਮ ਵਰਕ ਨੇ ਇਸ ਨੂੰ ਇੱਥੋਂ ਤੱਕ ਪੁਚਾਇਆ . ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਉਨ੍ਹਾਂ ਸਾਰੇ ਦੋਸਤਾਂ -ਮਿੱਤਰਾਂ ਅਤੇ ਹਰ ਵਰਗ ਦੇ ਹੋਰ ਲੋਕਾਂ ਦੇ ਵੀ ਬੇਹੱਦ ਧਨਵਾਦੀ ਹਾਂ ਜਿਨ੍ਹਾਂ ਨੇ ਕਿਸੇ ਵੀ ਰੂਪ ਵਿਚ, ਇਸ ਉੱਦਮ ਵਿਚ, ਸਾਡੀ ਬਾਂਹ ਫੜੀ , ਮਦਦ ਕੀਤੀ ਅਤੇ ਸਹਿਯੋਗ ਦਿੱਤਾ . ਉਮੀਦ ਹੈ ਕਿ ਭਵਿੱਖ ਵਿਚ ਵੀ ਸਭ ਦਾ ਸਹਿਯੋਗ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ .ਬਹੁਤ ਸ਼ੁਕਰੀਆ !
-
ਬਲਜੀਤ ਬੱਲੀ, ਚੀਫ਼ ਐਡੀਟਰ, ਬਾਬੂਸ਼ਾਹੀ ਨੈੱਟਵਰਕ
tirshinazar@gmail.com
+919915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.