ਰੌਂਗ ਨੰਬਰ
ਕੋਈ ਕਿਸੇ ਦੇ ਦਰਦ ਨੂੰ ਇਸ ਤਰ੍ਹਾਂ ਵੀ ਲਿਖ ਸਕਦਾ ਕੇ ਪੜ੍ਹਨ ਵਾਲਾ ਰੋਣ ਹੀ ਲੱਗ ਪਵੇ ਇਹ ਗੱਲ ਮੈਂ ' ਰੌਂਗ ਨੰਬਰ 'ਪੜ੍ਹਦਾ ਵਾਰ ਵਾਰ ਸੋਚਦਾ ਰਿਹਾ ਅਮਰੀਕਾ ਵੱਸਦੀ ਲੇਖਕਾ
ਪਵਿੱਤਰ ਕੌਰ ਬਰਾੜ “ਮਾਟੀ “ਪੀੜਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀ ਕਹਾਣੀਕਾਰ ਹੈ ਚਾਹੇ ਉਹ ਔਰਤ ਹੋਵੇ ਜਾਂ ਫਿਰ ਔਰਤ ਤੋਂ ਪੀੜਤ ਲੋਕ l ਉਹ ਲਿੰਗ,ਜਾਤ ਜਾਂ ਧਰਮ ਅਧਾਰਿਤ ਲੋਕਾਂ ਦੀ ਗੱਲ ਨਹੀਂ ਕਰਦੀ ਸਗੋਂ ਉਹ ਚੰਗੇ ਤੇ ਬੁਰੇ ਮਨੁੱਖਾਂ ਦੀ ਗੱਲ ਕਰਦੀ ਹੈ l ਉਹ ਪੰਜਾਬੀ ਸੁਭਾ, ਰਹਿਣ ਸਹਿਣ, ਸੱਭਿਆਚਾਰ ਤੇ ਇਸ ਖਿੱਤੇ ਤੇ ਇਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦਰਪੇਸ਼ ਮਸਲਿਆਂ ਤੇ ਕਦਰਾਂ ਕੀਮਤਾਂ ਨੂੰ ਸਮਝਦੀ ਹੈ , ਉਹ ਰਿਸ਼ਤਿਆਂ ਵਿਚਲੇ ਅੰਤਰ ਵਿਰੋਧ ਨੂੰ ਬਹੁਤ ਨੇੜੇ ਤੋਂ ਜਾਣਦੀ ਹੈ ਤੇ ਉਸ ਨੂੰ ਬੜੇ ਸਹਿਜ ਨਾਲ ਕਹਿਣ ਦੀ ਮੁਹਾਰਤ ਵੀ ਰੱਖਦੀ ਹੈ l ਉਹ ਪੀੜੀਆਂ ਵਿਚਲੇ ਪਾੜੇ,ਔਰਤ ਦੀਆਂ ਮਜਬੂਰੀਆਂ,ਕਮਜ਼ੋਰੀਆਂ, ਉਸ ਵਿਚਲੀਆਂ ਘਾਟਾਂ, ਖਾਸੀਅਤਾਂ ਤੇ ਔਰਤ ਵਲੋਂ ਮਾਂ ਪਿਓ ਤੇ ਸੱਸ ਸੁਹਰੇ ਨੂੰ ਅਲੱਗ ਸਮਝਣ ਦੇ ਸੱਚ ਨੂੰ ਕਹਾਣੀ ਰਾਹੀਂ ਬਿਆਨ ਕਰਨ ਵਿੱਚ ਸਮਰੱਥ ਹੈ l ਉਹ ਜੋ ਕਹਿਣਾ ਚਾਹੁੰਦੀ ਹੈ ਉਸ ਨੂੰ ਉਹ ਬੜੀ ਸਰਲ ਤੇ ਸੌਖੀ ਭਾਸ਼ਾ ਵਿਚ ਕਹਿਣਾ ਆਉਂਦਾ ਹੈ l
ਪਿਛਲੇ ਕੁਝ ਸਮੇਂ ਤੋਂ ਉਹ ਪ੍ਰਵਾਸ ਹੰਢਾ ਰਹੀ ਹੈ ਸਾਇਦ ਇਸੇ ਲਈ ਪ੍ਰਵਾਸ ਦਾ ਦਰਦ ਉਸ ਦੀਆਂ ਕਹਾਣੀਆਂ ਵਿੱਚੋ ਸਾਫ ਝਲਕਦਾ ਹੈ l ਕੁੜੀਆਂ ਦੇ ਮੋਢੇ ਚੜ੍ਹ ਕੇ ਵਿਦੇਸ਼ ਗਏ ਲਾੜਿਆ ਤੇ ਉਹਨਾਂ ਦੇ ਬੁੱਢੇ ਮਾਂ ਪਿਓ ਦੀ ਵਿਦੇਸ਼ਾਂ ਵਿਚ ਹੁੰਦੀ ਦੁਰਗਤੀ ਨੂੰ ਉਸ ਨੇ ਬੇਝਿਜਕ ਹੋ ਕਿ ਕਿਹਾ ਹੈ l ਉਸ ਦੇ ਪਾਤਰ ਆਪਣੀ ਧਰਤੀ,ਆਪਣੀ ਮਿੱਟੀ,ਆਪਣੇ ਘਰ ਤੇ ਦੇਸ਼ ਲਈ ਬਹੁਤ ਉਦਾਸ ਦਿਸਦੇ ਤੇ ਤੜਪਦੇ ਜਿਹੇ ਦਿਸਦੇ ਹਨ l ਸਭ ਸਹੂਲਤਾਂ ਦੇ ਬਾਵਜੂਦ ਕਿਵੇਂ ਉਹ ਮਜਬੂਰੀਆਂ ਦੇ ਭੰਨੇ ਦਿਨ ਕਟੀਆਂ ਕਰਦੇ ਹਨ ਉਹ ਵੀ ਇਸ ਕਿਤਾਬ ਵਿੱਚੋ ਸਾਫ ਪੜ੍ਹਿਆ ਜਾ ਸਕਦਾ ਹੈ l ਵਿਦੇਸ਼ੀ ਧਰਤੀ ਤੇ ਜਦ ਉਹਨਾਂ ਦੇ ਬੱਚੇ ਵਿਦੇਸ਼ੀ ਸੱਭਿਆਚਾਰ ਅਪਣਾਉਂਦੇ ਨੇ ਤਾਂ ਉਹ ਲੋਕ ਜਿਨ੍ਹਾਂ ਪੰਜਾਬ ਦੇਖਿਆ ਹੈ ਰਿਸ਼ਤਿਆਂ ਦੇ ਮੋਹ ਵਿੱਚ ਬੱਝੇ ਲੋਕ ਦੇਖੇ ਹਨ ਉਹ ਇਹ ਸਭ ਬਰਦਾਸਤ ਨਾ ਕਰਦੇ ਹੋਏ ਕਿਵੇਂ ਰੋਂਦੇ ਹਨ ਇਹ ਮਾਟੀ ਦੀਆਂ ਕਹਾਣੀਆਂ ਦੇ ਪਲਾਟ ਹਨ l
ਸਮਾਜ ਦਾ ਬਹੁਤਾ ਤਾਣਾ ਬਾਣਾ ਔਰਤ ਦੇ ਦੁਆਲੇ ਬੁਣਿਆ ਹੋਇਆ ਮਾਟੀ ਖੁਦ ਇੱਕ ਔਰਤ ਹੋਣ ਕਾਰਨ ਉਸ ਸਭ ਨੂੰ ਚੰਗੀ ਤਰ੍ਹਾਂ ਸਮਝਦੀ ਹੈ l ਵਿਧਵਾ, ਜ਼ਿੰਦਗੀ ਦੀ ਲੀਹ ਤੋਂ ਲੱਥੇ ਮਰਦ ਦੀ ਔਰਤ,ਘਰਦਿਆਂ ਦੀ ਸਹਿਮਤੀ ਬਿਨਾਂ ਕੀਤਾ ਪਿਆਰ ਵਿਆਹ, ਬਾਂਝ ਔਰਤਾਂ ਦਾ ਦਰਦ, ਪ੍ਰਦੇਸ਼ੀ ਭੇਜਣ ਲਈ ਪੰਜਾਬੀਆਂ ਦੁਆਰਾ ਕੀਤੇ ਬੇਜੋੜ ਰਿਸ਼ਤੇ, ਕੁੜੀਆਂ ਦੇ ਸਿਰ ਵਿਦੇਸ਼ਾਂ ਵਿੱਚ ਸਿਟ ਹੋਏ ਮੁੰਡਿਆਂ ਤੇ ਉਹਨਾਂ ਦੇ ਮਾਪਿਆਂ ਦਾ ਦਰਦ, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਦਾ ਇੱਕ ਸਾਊ ਮੁੰਡਾ ਤੇ ਉਸ ਦੀ ਮਾਂ ਦਰਦ .... ਇਹ ਸਭ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਹਨ l
ਉਸ ਦੀਆਂ ਕਹਾਣੀਆਂ ਇਸ ਧਰਤੀ ਦੇ,ਦੁਨੀਆਂ ਦੇ,ਘਰਾਂ ਦੇ ਨੇੜੇ ਨੇੜੇ ਵਪਾਰਦੀਆਂ ਹਨ ਉਹ ਪਤਾਲ ਲੋਕ ਦੀਆਂ ਗੱਲਾਂ ਨਹੀਂ ਕਰਦੀ l ਸਾਇਦ ਔਰਤ ਹੋਣ ਕਰਕੇ ਉਹ ਔਰਤ ਦੇ ਮਨ ਦੀ ਬਹੁਤ ਬਾਰੀਕ ਤੋਂ ਬਾਰੀਕ ਤੰਦ ਵੀ ਬੜੀ ਸਹਿਜੇ ਹੀ ਫੜ ਕਿ ਪਾਠਕ ਦੇ ਸਾਹਮਣੇ ਰੱਖ ਦਿੰਦੀ ਹੈ l ਮੈਨੂੰ ਨਹੀਂ ਲੱਗਦਾ ਕਿ ਮਾਟੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਏਨਾ ਦੁੱਖ ਦੇਖਿਆ ਹੋਵੇ ਪਰ ਫਿਰ ਵੀ ਇਸ ਦਰਦ ਦੀ ਸ਼ਿੱਦਤ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਹੜਾ ਉਸ ਨੂੰ ਸਮਰੱਥ ਕਹਾਣੀਕਾਰ ਹੋਣ ਵਿੱਚ ਸ਼ਾਮਿਲ ਕਰਦਾ ਹੈ l ਉਹ ਸਮਾਜ ਦੇ ਪੀੜਤ ਲੋਕਾਂ ( ਸਿਰਫ ਆਰਥਿਕ ਤੌਰ ਤੇ ਨਹੀਂ ) ਦੀ ਗੱਲ ਏਨੇ ਸਹਿਜ ਨਾਲ ਕਰਦੀ ਹੈ ਕਿ ਪੜ੍ਹ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇਹ ਸਭ ਖੁਦ ਸਾਡੇ ਨਾਲ ਵਾਪਰ ਰਿਹਾ ਹੈ ਜਾਂ ਕਹਾਣੀਕਾਰ ਨਾਲ ਵਾਪਰਿਆ ਹੋਵੇ l ਉਸ ਦੇ ਸਾਰੇ ਪਾਤਰ ਜਾਣ ਪਹਿਚਾਣ ਵਾਲੇ ਲੱਗਦੇ ਹਨ l
'ਰੌਂਗ ਨੰਬਰ 'ਦੀ ਹਰ ਕਹਾਣੀ ਪੜ੍ਹਨ ਤੋਂ ਬਾਅਦ ਜੋ ਸਭ ਤੋਂ ਵੱਡੀ ਖਾਸੀਅਤ ਮੈਨੂੰ ਲੇਖਿਕਾ ਦੀ ਲੱਗੀ ਉਹ ਇਹ ਹੈ ਉਹ ਸੱਮਸਿਆ ਹੀ ਨਹੀਂ ਦੱਸਦੀ ਉਸ ਦਾ ਹੱਲ ਵੀ ਦੱਸਦੀ ਹੈ ਜਿਸ ਕਰਕੇ ਲੱਗਭਗ ਉਸ ਦੀ ਹਰ ਕਹਾਣੀ ਦਾ ਅੰਤ ਸੁਖਦ ਹੈ l ਪਾਠਕ ਕਹਾਣੀ ਦੇ ਪਾਤਰਾਂ ਦਾ ਦਰਦ ਦਿਲ ਚ ਲੈ ਕਿ ਨਹੀਂ ਉੱਠਦਾ ਸਗੋਂ ਸੰਤੁਸ਼ਟ ਹੁੰਦਾ ਕਿ ਉਸ ਦੇ ਪਾਤਰ ਨੇ ਆਪਣੀ ਸੱਮਸਿਆ ਨੂੰ ਸੁਲਝਾ ਲਿਆ ਹੈ l
ਇਸ ਤੋਂ ਪਹਿਲਾਂ ਉਹ ਤਿੰਨ ਕਿਤਾਬਾਂ 'ਰਿਸ਼ਤਿਆਂ ਦੇ ਮਾਰੂਥਲ 'ਸ਼ਾਹਰਗ ਤੋਂ ਨੇੜੇ ' ਤੇ ਰੰਗਾਵਲੀ ਲਿਖ ਚੁੱਕੀ ਹੈ ਜਿਸ ਵਿੱਚੋ 'ਸ਼ਾਹਰਗ ਤੋਂ ਨੇੜੇ ' ਨੇ ਬੇਹੱਦ ਸਫਲਤਾ ਪ੍ਰਾਪਤ ਕੀਤੀ ਹੈ l ਉਮੀਦ ਕਰਦੇ ਹਾਂ ਕਿ ਰੌਂਗ ਨੰਬਰ ਵੀ ਪਾਠਕਾਂ ਨੂੰ ਪਸੰਦ ਆਵੇਗੀ ਤੇ ਉਸ ਵਿਚਲੀਆਂ ਦਸ ਦੀਆਂ ਦਸ ਕਹਾਣੀਆਂ ਤੁਹਾਨੂੰ ਮਨੁੱਖ ਨਾਲ ਵਾਪਰਦੀਆਂ ਉਹਨਾਂ ਬੇ ਰਹਿਮੀਆਂ ਦੇ ਨੇੜੇ ਲੈ ਜਾਣਗੀਆਂ ਜੋ ਉਸ ਦੇ ਆਪਣਿਆਂ ਵਲੋਂ ਹੀ ਉਸ ਨਾਲ ਵਰਤਾਈਆਂ ਜਾਂਦੀਆਂ ਹਨ l
'ਰੌਂਗ ਨੰਬਰ' ਊੜਾ ਪਬਿਕੇਸ਼ਨ ਨੇ ਛਾਪੀ ਹੈ ਪੰਜਾਬੀ ਸਾਹਿਤ ਨੂੰ ਏਨੀ ਸੋਹਣੀ ਕਿਤਾਬ ਦੇਣ ਲਈ ਦੋਨੋਂ ਵਧਾਈ ਦੇ ਹੱਕਦਾਰ ਹਨ l
ਰੀਵੀਉ
ਹਰਚਰਨ ਚੋਹਲਾ ਜ਼ੀਰਾ
-
ਹਰਚਰਨ ਚੋਹਲਾ ਜ਼ੀਰਾ, writer
gurpreetsinghjossan@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.