ਗਦਰ ਲਹਿਰ ਤੋਂ ਮੁਸਲਮ ਭਾਈਚਾਰਾ ਕਿਉਂ ਦੂਰ ਰਿਹਾ..!
ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਵਿੱਚੋਂ ਮੁਸਲਮਾਨ ਭਾਈਚਾਰੇ ਬਾਰੇ ਇੱਕ ਅਹਿਮ ਤੱਥ ਉਭਰਕੇ ਸਾਹਮਣੇ ਆਉਦਾ ਹੈ ਕਿ ਲਗਭਗ ਸਮੁੱਚਾ ਮੁਸਲਮਾਨ ਭਾਈਚਾਰਾ ਹੀ ਗ਼ਦਰ ਲਹਿਰ ਤੋਂ ਬੇਮੁੱਖ ਰਿਹਾ ਸੀ, ਬਾਬਾ ਜੀ ਮੁਤਾਬਿਕ ਸਿਰਫ ਇਕੱਲਾ ਨਵਾਬ ਖ਼ਾਨ ਹੀ ਲਹਿਰ ਵਿਚ ਸ਼ਾਮਲ ਹੋਇਆ ਸੀ ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ । ਬਾਬਾ ਜੀ ਦੀ ਗ਼ਦਰ ਪਾਰਟੀ ਵਿਚ ਸਿਰਫ ਇਕੋ ਮੁਸਲਮਾਨ ਦੇ ਭਰਤੀ ਹੋਣ ਦੀ ਗੱਲ ਭਾਵੇਂ ਤੱਥ ਦੇ ਤੌਰ ‘ਤੇ ਪੂਰੀ ਸਹੀ ਨਹੀਂ ਕਹੀ ਜਾ ਸਕਦੀ, ਕਿਉਕਿ ਇਤਿਹਾਸ ਵਿਚ ਕੁੱਝ ਕੁ ਹੋਰ ਮੁਸਲਮਾਨ ਗ਼ਦਰੀਆਂ ਦੇ ਨਾਂ ਵੀ ਆਉਦੇ ਹਨ । ਪਰ ਫਿਰ ਵੀ ਗਦਰ ਲਹਿਰ ਵਿਚ ਮੁਸਲਮਾਨਾਂ ਦੀ ਸੰਖਿਆ ਨਾਂਹ ਬਰਾਬਰ ਹੀ ਸੀ, ਬਾਬਾ ਭਕਨਾ ਇਸ ਦਾ ਕਾਰਨ ਮੁਸਲਮਾਨਾਂ ਦੀ ਲਾਲਾ ਹਰਦਿਆਲ ਨਾਲ ਨਰਾਜ਼ਗੀ ਨੂੰ ਦਸਦੇ ਹਨ, ਕਿ ਉਸ ਨੇ ਬਾਬਾ ਜਵਾਲਾ ਸਿੰਘ ਵੱਲੋਂ ਜਾਰੀ ਕੀਤੇ ਗਏ ਵਜ਼ੀਫ਼ਿਆਂ ਦੀ ਚੋਣ ਮੌਕੇ ਇਕ ਮੁਸਲਮਾਨ ਵਿਦਿਆਰਥੀ ਨਾਲ ਦੁਵੈਤ ਕਰਕੇ ਇੱਕ ਹਿੰਦੂ ਵਿਦਿਆਰਥੀ ਦੀ ਨਹੱਕੀ ਚੋਣ ਕਰ ਲਈ ਸੀ । ਆਪਣੀ ਥਾਵੇਂ ਇਹ ਤੱਥ ਪੂਰਾ ਸਹੀ ਹੋ ਸਕਦਾ ਹੈ । ਪਰ ਮੁਸਲਿਮ ਭਾਈਚਾਰੇ ਦੀ ਗ਼ਦਰ ਲਹਿਰ ਤੋਂ ਬੇਮੁਖ ਹੋ ਜਾਣ ਦੀ ਇਹੀ ਇਕਮਾਤਰ ਵਜ੍ਹਾ ਨਹੀਂ ਸੀ । ਇਸ ਮਸਲੇ ਨੂੰ ਇਕ ਅਹਿਮ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਦੇਖਣ ਤੇ ਪੜਤਾਲਣ ਦੀ ਜ਼ਰੂਰਤ ਹੈ । ਗ਼ਦਰ ਲਹਿਰ ਵੱਲੋਂ ਪ੍ਰਵਾਨ ਕੀਤੇ ਤੇ ਪਰਚਾਰੇ ਗਏ ਪਾਰਟੀ ਦੇ ਨਾਅਰੇ, ਚਿੰਨ੍ਹ , ਜੋ ਲਾਲਾ ਹਰਦਿਆਲ ਦੁਆਰਾ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਗ੍ਰਹਿਣ ਕੀਤੇ ਗਏ ਸਨ, ਅਸਲ ਸਚਾਈ ਵਿੱਚ ਹਿੰਦੂਵਾਦੀ ਰੰਗਤ ਵਾਲੇ ਸਨ।
ਗ਼ਦਰ ਪਾਰਟੀ ਦਾ ਮੁੱਖ ਨਾਅਰਾ ‘ਬੰਦੇ ਮਾਤਰਮ ਸੀ, ਹੈੱਡ ਕੁਆਟਰ ਦਾ ਨਾਂਅ ‘ਯੁਗਾਂਤਰ ਆਸ਼ਰਮ ਸੀ ਅਤੇ ਭਾਰਤ ਦੇਸ ਲਈ ‘ਭਾਰਤ ਮਾਤਾ ਦਾ ਪ੍ਰਤੀਕ ਇਸਤੇਮਾਲ ਕੀਤਾ ਜਾਂਦਾ ਸੀ । ‘ਬੰਦੇ ਮਾਤਰਮ” ਬਾਬੂ ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਅਨੰਦ ਮੱਠ ਦੇ ਨਾਵਲ ਵਿਚੋਂ ਲਿਆ ਗਿਆ ਸੀ ਅਤੇ ਉਹਨਾਂ ਸਮਿਆਂ ਵਿਚ ਇਸ ਨਾਹਰੇ ਦੀ ਵਰਤੋਂ ਬੰਗਾਲ ਅੰਦਰ ਹਿੰਦੂਆਂ ਵਲੋਂ ਮੁਸਲਮਾਨ ਭਾਈਚਾਰੇ ਨੂੰ ਚਿੜਾਉਣ ਅਤੇ ਉਹਨਾਂ ਦੀ ਤੌਹੀਨ ਕਰਨ ਲਈ ਆਮ ਕੀਤੀ ਜਾਂਦੀ ਸੀ । ਨਾਵਲ ਵਿੱਚ ਵੀ ਮੁਸਲਮਾਨ ਭਾਈਚਾਰੇ ਪ੍ਰਤੀ ਘੋਰ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਸੀ । ‘ਯੁਗਾਂਤਰ ਵੀ ਬੰਗਾਲੀ ਬਾਬੂ ਆਰਵਿੰਦੋ ਘੋਸ਼ ਵਲੋਂ ਕੱਢੇ ਜਾਂਦੇ ਪਰਚੇ ਦਾ ਨਾਂਅ ਸੀ ਜਿਸ ਦਾ ਮਨੋਰਥ ਹਿੰਦੁਸਤਾਨ ਵਿਚ ਨਿਰੋਲ ਹਿੰਦੁਸਤਾਨੀ ਕੌਮ ਦੀ ਸਿਰਜਣਾ ਅਤੇ ਹਿੰਦੂ ਗੌਰਵ ਨੂੰ ਮੁੜ ਬਹਾਲ ਕਰਨਾ ਸੀ ।ਭਾਰਤ ਮਾਤਾ, ਦਾ ਸੰਕਲਪ ਵੀ ਦੇਵੀ ਪੂਜ ਹਿੰਦੂ ਬਿਰਤੀ ਤੇ ਪ੍ਰੰਪਰਾ ਦੀ ਤਰਜਮਾਨੀ ਕਰਦਾ ਹੈ।
ਇਸ ਕਰਕੇ ਇਹ ਬੁੱਤ-ਪ੍ਰਸਤ ਹਿੰਦੂ ਸਮਾਜ ਲਈ ਤਾਂ ਪਵਿੱਤਰ ਹੋ ਸਕਦਾ ਹੈ, ਪਰ ਖ਼ੁਦਾ-ਪ੍ਰਸਤ ਮੁਸਲਿਮ ਭਾਈਚਾਰਾ ਇਸ ਹਿੰਦੂ ਸੰਕਲਪ ਦਾ ਧਾਰਨੀ ਕਦਾਚਿਤ ਨਹੀਂ ਹੋ ਸਕਦਾ । ਸੋ ਲਾਲਾ ਹਰਦਿਆਲ ਵੱਲੋਂ ਤੈਅ ਕੀਤੇ ਗਏ ਇਹ ਹਿੰਦੂ ਰੰਗਤ ਵਾਲੇ ਨਾਅਰੇ ਤੇ ਸੰਕਲਪ ਮੁਸਲਮਾਨ ਭਾਈਚਾਰਾ ਕਿਵੇਂ ਪ੍ਰਵਾਨ ਕਰ ਸਕਦਾ ਸੀ ? ਗ਼ਦਰੀ ਸਿੱਖਾਂ ਨੇ ਇਹ ਨਾਅਰੇ ਤੇ ਸੰਕਲਪ ਕਿਹੜੇ ਹਾਲਾਤਾਂ ਤੇ ਕਾਰਨਾਂ ਅਧੀਨ ਪ੍ਰਵਾਨ ਕਰ ਲਏ ਸਨ ਅਤੇ ਇਹਨਾਂ ਸਦਕਾ ਲਹਿਰ ਅੰਦਰ ਕਿਹੋ ਜਿਹੇ ਸਿਧਾਂਤਕ ਵੱਜ ਪਏ, ਇਹ ਇਕ ਡੂੰਘੇ ਵਿਸ਼ਲੇਸ਼ਣ ਦਾ ਮਸਲਾ ਹੈ।
-
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, Writer
gptrucking134@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.