ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਵੱਲੋਂ SIR ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ
ਅਸ਼ੋਕ ਵਰਮਾ
ਬੂਥ ਲੈਵਲ ਅਫਸਰ ਘਰਾਂ ਵਿੱਚ ਜਾ ਕੇ ਗਣਨਾ ਫਾਰਮ ਭਰਵਾਉਣ ਸਮੇਂ ਵੋਟਰਾਂ ਤੋਂ ਕੋਈ ਦਸਤਾਵੇਜ ਨਹੀਂ ਮੰਗ ਰਹੇ
ਤੱਥਹੀਣ ਖਬਰਾਂ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਹਦਾਇਤ
ਅਸ਼ੋਕ ਵਰਮਾ
ਮਾਨਸਾ, 25 ਜੂਨ 2026 : ਜ਼ਿਲ੍ਹਾ ਚੋਣ ਅਫਸਰ -ਕਮ -ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕੁਝ ਅਖਬਾਰਾਂ ਵਿੱਚ ਐਸ.ਆਈ.ਆਰ ਪ੍ਰਕਿਰਿਆ ਸਬੰਧੀ ਪ੍ਰਕਾਸ਼ਤ ਖਬਰਾਂ ਨੂੰ, ਪੂਰੀ ਤਰ੍ਹਾਂ ਨਿਰਆਧਾਰ, ਮਨਘੜਤ ਤੇ ਤੱਥਹੀਣ ਕਰਾਰ ਦਿੱਤਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਆਈ.ਆਰ ਦੇ ਪਹਿਲੇ ਪੜਾਅ ਵਜੋਂ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਜਾ ਕੇ ਵੋਟਰਾਂ ਦੇ ਗਣਨਾ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਆਰੰਭ ਹੋ ਚੁੱਕੀ ਹੈ। ਉਹਨਾਂ ਸਪਸ਼ਟ ਕੀਤਾ ਕਿ ਬੀ.ਐਲ.ਓਜ਼ ਵੱਲੋਂ ਵੋਟਰਾਂ ਤੋਂ ਗਣਨਾ ਫਾਰਮ ਉਤੇ ਕੇਵਲ ਇੱਕ ਤਾਜ਼ਾ ਰੰਗਦਾਰ ਫੋਟੋ ਚਿਪਕਾ ਕੇ ਪ੍ਰਾਪਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਦਸਤਾਵੇਜ਼ ਪ੍ਰਾਪਤ ਨਹੀਂ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਲਾ ਮਾਨਸਾ ਵਿੱਚ ਬੂਥ ਲੈਵਲ ਅਫਸਰ ਹਰੇਕ ਵੋਟਰ ਦੇ ਘਰ ਵਿੱਚ ਜਾ ਕੇ ਪੂਰਾ ਸਹਿਯੋਗ ਦੇਣਗੇ ਅਤੇ ਗਣਨਾ ਫਾਰਮ ਭਰਨ ਵਿੱਚ ਪੂਰੀ ਮਦਦ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਵੋਟਰ ਸੂਚੀਆਂ ਦੀ ਗਹਿਰੀ ਸੁਧਾਈ (ਐਸ.ਆਈ.ਆਰ), ਭਾਰਤੀ ਸੰਵਿਧਾਨ ਅਤੇ ਲੋਕ ਪ੍ਰਤੀਨਿਧਤਾ ਐਕਟ 1950 ਵਿੱਚ ਦਰਜ ਉਪਬੰਧਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਸ.ਆਈ.ਆਰ ਸੰਬੰਧੀ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਕੋਈ ਵੀ ਤੱਥਹੀਣ ਜਾਣਕਾਰੀ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਅੱਗੇ ਸ਼ੇਅਰ ਨਾ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ , ਸਿਆਸੀ ਆਗੂਆਂ, ਮੀਡੀਆ ਅਦਾਰਿਆਂ, ਸੋਸ਼ਲ ਮੀਡੀਆ ਪੇਜਾਂ ਅਤੇ ਡਿਜ਼ੀਟਲ ਇੰਫਲੂਐਂਸਰਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ ਨਾਲ ਸਬੰਧਤ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਸਾਂਝੀ ਨਾ ਕਰਨ, ਜਿਸ ਨਾਲ ਲੋਕਾਂ ਵਿੱਚ ਬੇਵਜ੍ਹਾ ਡਰ ਜਾਂ ਚਿੰਤਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ ਸਬੰਧੀ ਜਾਣ-ਬੁੱਝ ਕੇ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-