ਲੁਧਿਆਣਾ ਪੁਲਿਸ ਦੀ ਵੱਡੀ ਕਾਮਯਾਬੀ: ਥਾਣਾ ਦੁੱਗਰੀ ਨੇ ਘਰ ਵਿੱਚ ਚੋਰੀ ਕਰਨ ਵਾਲਾ ਦੋਸ਼ੀ ਕੀਤਾ ਕਾਬੂ, 32 ਲੱਖ ਦੇ ਗਹਿਣੇ ਤੇ ਨਗਦੀ ਬਰਾਮਦ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਮਈ 2026
ਪੁਲਿਸ ਕਮਿਸ਼ਨਰ ਲੁਧਿਆਣਾ Swapan Sharma ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਦੁੱਗਰੀ ਦੀ ਪੁਲਿਸ ਨੇ ਘਰ ਵਿੱਚ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੀਬ 22 ਤੋਲੇ ਸੋਨਾ, 346 ਗ੍ਰਾਮ ਚਾਂਦੀ, ਇਕ ਆਈਫੋਨ-16, ਇੱਕ ਸਮਾਰਟ ਘੜੀ ਅਤੇ 39,000 ਰੁਪਏ ਨਗਦ ਬਰਾਮਦ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 09-05-2026 ਨੂੰ ਸ਼ਿਕਾਇਤਕਰਤਾ ਰਜਿੰਦਰ ਸ਼ਰਮਾ ਪੁੱਤਰ ਦੁਰਗਾ ਦਾਸ ਸ਼ਰਮਾ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ, ਜੋ ਕਿ ਸਰਵਪ੍ਰਿਆ ਹੋਂਡਾ ਫਿਰੋਜ਼ਪੁਰ ਰੋਡ ਵਿਖੇ ਮੈਨੇਜਰ ਵਜੋਂ ਨੌਕਰੀ ਕਰਦਾ ਹੈ, ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਮਿਤੀ 08-05-2026 ਦੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤੇ ਹੋਏ ਸਨ। ਸਵੇਰੇ ਉੱਠਣ ‘ਤੇ ਪਤਾ ਲੱਗਾ ਕਿ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਘਰ ਵਿਚੋਂ ਕਰੀਬ 3 ਲੱਖ ਰੁਪਏ ਨਗਦ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਹਨ।
ਇਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 10-05-2026 ਅਧੀਨ ਧਾਰਾ 331(4), 305 ਅਤੇ 317 ਬੀ.ਐੱਨ.ਐੱਸ ਥਾਣਾ ਦੁੱਗਰੀ ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਕਰਨਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਅਤੇ ਅੰਗਰੇਜ਼ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਮੁੱਖ ਸਿੰਘ ਮੁਖੀ ਥਾਣਾ ਦੁੱਗਰੀ ਦੀ ਅਗਵਾਈ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਗਠਿਤ ਕੀਤੀਆਂ ਗਈਆਂ। ਦੌਰਾਨੇ ਤਫਤੀਸ਼ ਤਕਨੀਕੀ ਸਾਧਨਾਂ ਅਤੇ ਖੁਫੀਆ ਸੂਚਨਾਵਾਂ ਦੀ ਮਦਦ ਨਾਲ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਾਲੀਤਾਰ, ਥਾਣਾ ਕਾਸਿਮਪੁਰ, ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼), ਹਾਲ ਵਾਸੀ ਪਿੰਦੇ ਦਾ ਵਿਹੜਾ, ਮਕਾਨ ਨੰਬਰ 35-ਬੀ, ਪਿੰਡ ਸੁਨੇਤ, ਲੁਧਿਆਣਾ ਵਜੋਂ ਹੋਈ ਹੈ, ਜਿਸ ਨੂੰ ਮਿਤੀ 10-05-2026 ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਵੱਲੋਂ ਦੋਸ਼ੀ ਪਾਸੋਂ ਕਰੀਬ 22 ਤੋਲੇ ਸੋਨਾ ਜਿਸ ਦੀ ਕੀਮਤ ਕਰੀਬ 31,90,000 ਰੁਪਏ ਬਣਦੀ ਹੈ, 346 ਗ੍ਰਾਮ ਚਾਂਦੀ, ਇੱਕ ਆਈਫੋਨ-16, ਇੱਕ ਸਮਾਰਟ ਘੜੀ ਅਤੇ 39,000 ਰੁਪਏ ਨਗਦ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
- Download Babushahi App
-
-