ਮੁੱਖ ਮੰਤਰੀ ਦੀ ਬਠਿੰਡਾ ਫੇਰੀ ਦੌਰਾਨ 1158 ਫ਼ਰੰਟ ਨੂੰ ਮੀਟਿੰਗ ਦੇ ਕੇ ਮੁੱਕਰਿਆ ਪ੍ਰਸ਼ਾਸ਼ਨ : ਫਰੰਟ
1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਜਤਾਇਆ ਰੋਸ
ਅਸ਼ੋਕ ਵਰਮਾ
ਬਠਿੰਡਾ, 8 ਮਈ 2026: 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਬਠਿੰਡਾ ਇਕਾਈ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਫੇਰੀ ਦੌਰਾਨ 1158 ਫ਼ਰੰਟ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਸਵੇਰ ਤੋਂ ਮੀਟਿੰਗ ਕਰਾਉਣ ਦਾ ਲਾਰਾ ਲਾ ਰਿਹਾ ਪ੍ਰਸ਼ਾਸਨ ਮੀਟਿੰਗ ਤੋਂ ਮੁੱਕਰ ਗਿਆ। ਇਸ ਉਪਰੰਤ ਰੋਸ ਵਜੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰੋਫ਼ੈਸਰ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰੀ ਨਲਾਇਕੀ ਕਰਕੇ ਸੁਪਰੀਮ ਕੋਰਟ ਦੁਆਰਾ ਉਹਨਾਂ ਦੀ ਭਰਤੀ ਰੱਦ ਕੀਤੀ ਗਈ। ਜਿਸ ਨਾਲ਼ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾ ਦੇ ਘਰਾਂ ਦਾ ਚੁੱਲ੍ਹਾ ਬੁਝਣ ਕਿਨਾਰੇ ਪਹੁੰਚ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜੇ ਤੱਕ ਉਹਨਾਂ ਦੇ ਹੱਕ ਵਿੱਚ ਇੱਕ ਮੀਡੀਆ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਉਹਨਾਂ ਦੀ ਬਾਂਹ ਫੜਨ ਦੀ ਥਾਵੇਂ 1158 ਉਮੀਦਵਾਰਾਂ ਦੀਆਂ ਹੱਕੀ ਛੁੱਟੀਆਂ ਬੰਦ ਕਰਕੇ ਅਤੇ ਉਨਾਂ ਨੂੰ ਵਿਭਾਗੀ ਪੱਧਰ ਉੱਤੇ ਖੱਜਲ-ਖੁਆਰ ਕਰਕੇ ਬਦਲਾਖ਼ੋਰੀ ਦੇ ਰਾਹ ਪਿਆ ਹੋਇਆ ਹੈ।ਡਾ. ਜਸਪ੍ਰੀਤ ਸਿਵੀਆਂ ਨੇ ਦੱਸਿਆ ਕਿ ਸਰਕਾਰੀ ਕਾਲਜ ਫ਼ੰਡਾਂ ਅਤੇ ਸਾਜੋ ਸਮਾਨ ਦੀ ਕਮੀ ਨਾਲ਼ ਜੂਝ ਰਹੇ ਹਨ। ਸਰਕਾਰ ਦੀ ਸਿੱਖਿਆ ਕ੍ਰਾਂਤੀ ਵਿੱਚੋਂ ਉਚੇਰੀ ਸਿੱਖਿਆ ਦਾ ਸੰਕਲਪ ਪੂਰੀ ਤਰਾਂ ਗਾਇਬ ਹੈ। ਪ੍ਰੋਫ਼ੈਸਰ ਰਾਜਵੀਰ ਕੌਰ ਨੇ ਦੱਸਿਆ ਕਿ ਸੀ ਐੱਮ ਭਗਵੰਤ ਮਾਨ ਪੰਜਾਬ ਵਿੱਚ ਸ਼ੁਕਰਾਨਾ ਯਾਤਰਾ ਕਰਦੇ ਹੋਏ ਆਮ ਲੋਕਾਂ ਨਾਲ਼ ਮਿਲਣ ਦੀ ਗੱਲ ਕਰ ਰਹੇ ਹਨ ਉਹਨਾਂ ਨੂੰ ਆਸ ਸੀ ਕਿ ਉਹ ਬਠਿੰਡਾ ਫੇਰੀ ਦੌਰਾਨ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨ ਦੀ ਗੱਲ ਸੁਣਨਗੇ ਅਤੇ ਉਨਾਂ ਦਾ ਰੁਜ਼ਗਾਰ ਸੁਰੱਖਿਅਤ ਕਰਨ ਦੇ ਨਾਲ ਹੀ ਸਰਕਾਰੀ ਕਾਲਜ ਬਚਾਉਣ ਦਾ ਸੁਹਿਰਦ ਯਤਨ ਕਰਨਗੇ।
ਪ੍ਰੋ. ਦੀਪਕ ਅਜ਼ੀਜ਼ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਜੇਕਰ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਰਕਰਾਰ ਰੱਖਣ ਵੱਲ ਕੋਈ ਸਾਰਥਕ ਕਦਮ ਨਹੀਂ ਪੁੱਟਿਆ ਜਾਂਦਾ ਤਾਂ 1158 ਫ਼ਰੰਟ ਵੱਲੋਂ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
- Download Babushahi App
-
-