ਬਠਿੰਡਾ ਪੁਲਿਸ ਨੇ 4 ਪਿਸਤੌਲਾਂ ਸਮੇਤ 2 ਜਣਿਆਂ ਨੂੰ ਗ੍ਰਿਫਤਾਰ ਕਰਕੇ ਟਾਲੀ ਸੰਭਾਵੀ ਵਾਰਦਾਤ
ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2026 : ਬਠਿੰਡਾ ਜਿਲ੍ਹੇ ਦੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਗੈਂਗਸਟਰਾਂ ਤੇ ਵਾਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ 4 ਨਜਾਇਜ ਪਿਸਤੌਲਾਂ ਅਤੇ ਕਾਰਤੂਸ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਵਾਰਦਾਤ ਟਾਲਣ ’ਚ ਸਫਲਤਾ ਹਾਸਲ ਕੀਤੀ ਹੈ। ਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਸਾਹੀਵਾਲ ਨੇ ਥਾਣਾ ਸਿਟੀ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਬੰਸ ਸਿੰਘ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜਮਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਭਗਤਾ ਭਾਈ ਅਤੇ ਜਸਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਹਮੀਰਗੜ ਜਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 25 ਅਪ੍ਰੈਲ ਨੂੰ ਥਾਣਾ ਸਿਟੀ ਰਾਮਪੁਰਾ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਸਬੰਧੀ ਵੈਟਰਨਰੀ ਕਾਲਜ ਰਾਮਪੁਰਾ ਪੁੱਜੀ ਤਾਂ ਝਿੜੀ (ਜੰਗਲ) ਵੱਲੋਂ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਪੁਲਿਸ ਨੂੰ ਦੇਖਕੇ ਮੋਟਰਸਾਇਕਲ ਮੋੜਨਾ ਚਾਹਿਆ ਜੋ ਬੰਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਦੋਵਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ 3 ਪਿਸਤੌਲ 32 ਬੋਰ ਸਮੇਤ 6 ਜਿੰਦਾ ਕਰਤੂਸ ਅਤੇ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਐਸਪੀ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਸਿੰਘ ਨੇ ਪਿਸਟਲ ਮੱਧ ਪ੍ਰਦੇਸ਼ ਤੋਂ ਰਾਜਵੀਰ ਸਿੰਘ ਨਾਮ ਦੇ ਵਿਅਕਤੀ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਸੇ ਤਰਾਂ ਹੀ ਜਸਵਿੰਦਰ ਸਿੰਘ 32 ਬੋਰ ਦਾ ਪਿਸਟਲ ਅਕਾਸ਼ਦੀਪ ਸਿੰਘ ਵਾਸੀ ਭਗਤਾ ਭਾਈ ਤੋਂ ਲੈਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਦਾ ਪਿੰਡ ਵਿੱਚ ਬੱਗੀ ਸਿੰਘ ਪੁੱਤਰ ਨਾਨਕ ਸਿੰਘ ਨਾਲ ਝਗੜਾ ਸੀ ਜਿਸ ਨੂੰ ਮਾਰਨ ਦੇ ਲਈ ਉਸ ਨੇ ਇਹ ਪਿਸਤੌਲ ਖਰੀਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਮੁਲਜਮ ਨਾ ਫੜੇ ਜਾਂਦੇ ਤਾਂ ਉਹ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਸਨ।
Click to Follow Babushahi Facebook page →