ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖ਼ਿਲਾਫ਼ ਸੰਘਰਸ਼ ਦਾ ਐਲਾਨ, ਪੀਐਸਐਮਯੂ ਵਲੋ 15 ਮਈ ਨੂੰ ਸੰਗਰੂਰ ‘ਚ ਰੋਸ ਮਾਰਚ
ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਅਹਿਮ ਮੀਟਿੰਗ
ਖੰਨਾ, ਰਵਿੰਦਰ ਢਿੱਲੋਂ
ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾਈ ਅਤੇ ਜ਼ਿਲ੍ਹਾ ਆਗੂਆਂ ਨੇ ਭਾਗ ਲੈ ਕੇ ਮੌਜੂਦਾ ਹਾਲਾਤਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅਗਲੇ ਸੰਘਰਸ਼ ਲਈ ਮਹੱਤਵਪੂਰਨ ਫ਼ੈਸਲੇ ਲਏ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਦਿੱਤੇ ਗਏ ਮੁਲਾਜ਼ਮ ਹਿਤੈਸ਼ੀ ਫ਼ੈਸਲੇ ਲਾਗੂ ਕਰਨ ਵਿੱਚ ਸਰਕਾਰ ਟਾਲਮਟੋਲ ਕਰ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਕਰੜਾ ਜਵਾਬ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਇਹ ਫ਼ੈਸਲਾ ਵੀ ਲਿਆ ਗਿਆ ਕਿ 5 ਮਈ ਤੋਂ 8 ਮਈ ਦੇ ਵਿਚਕਾਰ ਕਿਸੇ ਇੱਕ ਦਿਨ ਜ਼ਿਲ੍ਹਾ ਪੱਧਰੀ ਜਨਰਲ ਇਜਲਾਸ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਨੇੜਲੇ ਜ਼ਿਲ੍ਹਿਆਂ ਦੇ ਸੂਬਾਈ ਆਗੂ ਵੀ ਸ਼ਿਰਕਤ ਕਰਨਗੇ। ਇਨ੍ਹਾਂ ਇਜਲਾਸਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ 15 ਮਈ 2026 ਨੂੰ ਸੰਗਰੂਰ ਵਿੱਚ ਸੂਬਾ ਅਤੇ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਕਾਲੇ ਚੋਲੇ ਪਾ ਕੇ ਪੰਜਾਬ ਦੇ ਖਜਾਨਾ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਦੇ ਘਰ ਵੱਲ ਸੰਕੇਤਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਅਗਲੇ ਸੰਘਰਸ਼ਕਾਰੀ ਕਦਮਾਂ ਦਾ ਵੀ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਕਲਮ ਛੋੜ ਹੜਤਾਲ ਅਤੇ ਕੈਬਨਿਟ ਸਬ ਕਮੇਟੀ ਮੈਂਬਰਾਂ ਦੇ ਘਰਾਂ ਦਾ ਘੇਰਾਓ ਵੀ ਸ਼ਾਮਿਲ ਹੋ ਸਕਦਾ ਹੈ।
ਯੂਨੀਅਨ ਨੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਨਿਗਮ ਚੋਣਾਂ ਦੌਰਾਨ ਵੀ ਸਰਕਾਰ ਖ਼ਿਲਾਫ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਜ਼ਿਲ੍ਹਾ ਪੱਧਰ ‘ਤੇ ਕਾਲੇ ਝੰਡਿਆਂ ਨਾਲ ਮੋਟਰਸਾਈਕਲ ਮਾਰਚ ਕੱਢੇ ਜਾਣਗੇ। ਮੁੱਖ ਨਾਅਰਾ ਹੋਵੇਗਾ— “ਇਹ ਸਰਕਾਰ ਨਿਕੰਮੀ ਹੈ - ਆਪਾਂ ਇਹ ਬਦਲਣੀ ਹੈ”। ਵੋਟਾਂ ਦੇ ਦਿਨ ਕਲੈਰੀਕਲ ਕਰਮਚਾਰੀ ਕਾਲੇ ਬਿੱਲੇ ਲਾ ਕੇ ਚੋਣ ਡਿਊਟੀ ਕਰਨਗੇ ਅਤੇ ਹੋਰ ਜਥੇਬੰਦੀਆਂ ਨੂੰ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸਬੰਧੀ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖਟੜਾ (ਸੂਬਾ ਪ੍ਰਧਾਨ ਸਿੱਖਿਆ ਵਿਭਾਗ) ਨੇ ਇਹ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਵਾਈਸ ਚੇਅਰਮੈਨ ਤੇ ਜਿਲਾ ਪ੍ਰਧਾਨ ਹੁਸ਼ਿਆਰਪੁਰ ਅਨੀਰੁਧ ਮੋਦਗਿਲ, ਪਿੱਪਲ ਸਿੰਘ ਸਿੱਧੂ (ਫਿਰੋਜ਼ਪੁਰ) ਅਤੇ ਖੁਸ਼ਕਰਨਜੀਤ ਸਿੰਘ (ਮੁਕਤਸਰ) ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ, ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ ਅਤੇ ਸੂਬਾ ਪ੍ਰਧਾਨ ਬੀ ਐਂਡ ਆਰ ਵਿਭਾਗ, ਤੇਜਿੰਦਰ ਸਿੰਘ ਨੰਗਲ ਸੂਬਾ ਮੁਖ ਸਲਾਹਕਾਰ ਅਤੇ ਸੂਬਾ ਪ੍ਰਧਾਨ ਤੇ ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਦੋਵੇਂ ਪੰਜਾਬ ਰਾਜ ਜਿਲ੍ਹਾ (ਡੀਸੀ) ਦਫਤਰ ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਸੂਬਾ ਪ੍ਰਧਾਨ ਕਮਿਸ਼ਨਰ ਦਫਤਰ, ਲਖਬੀਰ ਸਿੰਘ ਗਰੇਵਾਲ ਸੂਬਾ ਪ੍ਰਧਾਨ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ, ਵਿਨੋਦ ਸਾਗਰ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼, ਅਮਰਪ੍ਰੀਤ ਸਿੰਘ ਸੂਬਾ ਪ੍ਰਧਾਨ ਐਨ ਸੀ ਸੀ, ਯਾਦਵਿੰਦਰ ਸਿੰਘ ਪ੍ਰਧਾਨ ਕਮਿਸ਼ਨਰ ਦਫਤਰ ਫਿਰੋਜਪੁਰ, ਸੰਦੀਪ ਭੁੰਬਕ ਜਿਲਾ ਪ੍ਰਧਾਨ ਲੁਧਿਆਣਾ, ਸੰਗਤ ਰਾਮ ਬਾਗੀ ਜਿਲਾ ਪ੍ਰਧਾਨ ਕਪੂਰਥਲਾ, ਸੁਨੀਲ ਕੁਮਾਰ ਜਿਲਾ ਪ੍ਰਧਾਨ ਫਾਜਲਿਕਾ ਗੁਰਚਰਨ ਸਿੰਘ ਪੰਧੇਰ ਜਿਲਾ ਜਨਰਲ ਸਕੱਤਰ ਲੁਧਿਆਣਾ ਅਮਿਤ ਕਟੋਚ ਜਿਲਾ ਪ੍ਰਧਾਨ ਮੋਹਾਲੀ, ਗੁਰਵਿੰਦਰ ਸਿੰਘ ਜਨਰਲ ਸਕੱਤਰ ਐਨ ਸੀ ਸੀ, ਗੁਰਪ੍ਰੀਤ ਸਿੰਘ, ਰਕੇਸ਼ ਕੁਮਾਰ ਅਤੇ ਸੁਨੀਲ ਕੁਮਾਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸਾਰੇ ਲੁਧਿਆਣਾ ਆਦਿ ਸ਼ਾਮਿਲ ਹੋਏ।
Click to Follow Babushahi Facebook page →