ਪੀਜ਼ਾ ਡਿਲੀਵਰੀ ਦੀ ਆੜ 'ਚ ਵਿਕ ਰਿਹਾ ਸੀ 'ਚਿੱਟਾ': ਲੁਧਿਆਣਾ ਪੁਲਿਸ ਵੱਲੋਂ 400 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਪੀਜ਼ਾ ਵੇਚਣ ਦੀ ਆੜ ਵਿੱਚ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 400 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 25 ਅਪ੍ਰੈਲ, 2026- ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਹੈਬੋਵਾਲ ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਦਬੋਚਿਆ ਜੋ ਪੀਜ਼ਾ ਡਿਲੀਵਰੀ ਦੀ ਆੜ ਵਿੱਚ ਸ਼ਹਿਰ ਅੰਦਰ ਨਸ਼ੇ ਦਾ ਜਾਲ ਵਿਛਾ ਰਿਹਾ ਸੀ। ਪੁਲਿਸ ਨੇ ਇੱਕ ਮੁਲਜ਼ਮ ਨੂੰ 400 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ (IPS) ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਆਈ. ਕ੍ਰਿਸ਼ਨ ਲਾਲ (ਮੁੱਖ ਅਫ਼ਸਰ ਥਾਣਾ ਹੈਬੋਵਾਲ) ਦੀ ਅਗਵਾਈ ਵਿੱਚ ਪੁਲਿਸ ਪਾਰਟੀ ਚੈਕਿੰਗ ਦੌਰਾਨ ਸਿਵਲ ਸਿਟੀ ਰੋਡ 'ਤੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਨੌਜਵਾਨ ਪੀਜ਼ਾ ਦੀ ਦੁਕਾਨ ਚਲਾਉਣ ਦੇ ਬਹਾਨੇ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਹਨ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਬਿਲਾਲ, ਵਿਸ਼ਾਲ ਅਤੇ ਨੀਲੂ ਕੁਮਾਰ ਮਿਲ ਕੇ 'ਪੀਜ਼ਾ ਐਕਸਪ੍ਰੈਸ' ਨਾਮਕ ਦੁਕਾਨ ਦੀ ਆੜ ਵਿੱਚ ਵੱਖ-ਵੱਖ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦੇ ਸਨ। ਇਹ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲਿਆਉਂਦੇ ਸਨ ਅਤੇ ਪੀਜ਼ਾ ਵੇਚਣ ਦੀ ਆੜ ਹੇਠ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਰਹੇ ਸਨ।
ਪੁਲਿਸ ਨੇ ਛਾਪੇਮਾਰੀ ਦੌਰਾਨ ਨੀਲੂ ਕੁਮਾਰ ਪੁੱਤਰ ਮਾਨ ਸਿੰਘ (ਵਾਸੀ ਸੰਧੂ ਨਗਰ, ਲੁਧਿਆਣਾ) ਨੂੰ ਕਾਬੂ ਕਰ ਲਿਆ, ਜਿਸ ਦੇ ਕਬਜ਼ੇ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ NDPS ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਨੰਬਰ 110 ਦਰਜ ਕਰ ਲਿਆ ਹੈ।
ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਮੁਲਜ਼ਮ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਇਹਨਾਂ ਦੇ ਤਾਰ ਹੋਰ ਕਿਹੜੇ-ਕਿਹੜੇ ਵੱਡੇ ਤਸਕਰਾਂ ਨਾਲ ਜੁੜੇ ਹੋਏ ਹਨ। ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
Click to Follow Babushahi Facebook page →