ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ: ਸੁਖਬੀਰ ਸਿੰਘ ਬਾਦਲ ਨੇ ਭਾਵੁਕ ਹੁੰਦਿਆਂ ਦਿੱਤੀ ਸ਼ਰਧਾਂਜਲੀ, ਪੰਥ ਤੇ ਪੰਜਾਬ ਦੀ ਸੇਵਾ ਦਾ ਲਿਆ ਅਹਿਦ
Ravi Jakhu
ਚੰਡੀਗੜ੍ਹ, 25 ਅਪ੍ਰੈਲ, 2026
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਦੇ ਮੌਕੇ 'ਤੇ ਅੱਜ ਉਨ੍ਹਾਂ ਦੇ ਸਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਨਾ ਸਿਰਫ ਉਨ੍ਹਾਂ ਲਈ ਸਗੋਂ ਸਮੁੱਚੇ ਪੰਜਾਬੀਆਂ ਲਈ ਬੇਹੱਦ ਭਾਵਨਾਤਮਕ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸੰਗਤ ਵਿੱਚ ਵਿਚਰਦਿਆਂ ਕੋਈ ਵੀ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਬਾਦਲ ਸਾਹਿਬ ਦਾ ਜ਼ਿਕਰ ਨਾ ਹੋਇਆ ਹੋਵੇ, ਜਿਸ ਤੋਂ ਉਨ੍ਹਾਂ ਦੀ ਪੰਜਾਬ ਦੀ ਰਾਜਨੀਤੀ ਵਿੱਚ ਅਟੁੱਟ ਹੋਂਦ ਦਾ ਪਤਾ ਚੱਲਦਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰਾਂ ਦੀ ਖ਼ੁਸ਼ਬੂ ਪੰਜਾਬ ਦੇ ਹਰ ਪਿੰਡ, ਸ਼ਹਿਰ ਦੀ ਹਰ ਗਲੀ ਅਤੇ ਹਰ ਘਰ ਵਿੱਚ ਫੈਲੀ ਹੋਈ ਹੈ, ਜੋ ਸਦਾ ਕਾਇਮ ਰਹੇਗੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਜਦੋਂ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਨਿਘਾਰ ਆ ਰਿਹਾ ਹੈ, ਉਦੋਂ ਹਰ ਸੰਵੇਦਨਸ਼ੀਲ ਦੇਸ਼ ਵਾਸੀ ਅਤੇ ਖਾਸ ਕਰਕੇ ਹਰ ਪੰਜਾਬੀ ਨੂੰ ਬਾਦਲ ਸਾਹਿਬ ਦੀ ਗੈਰ-ਮੌਜੂਦਗੀ ਬਹੁਤ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ। ਉਨ੍ਹਾਂ ਮੁਤਾਬਕ ਬਾਦਲ ਸਾਹਿਬ ਦੀ ਨਿਮਰਤਾ, ਸਹਿਣਸ਼ੀਲਤਾ ਅਤੇ ਦੂਰਅੰਦੇਸ਼ੀ ਨੇ ਹਮੇਸ਼ਾ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਸਿਖਾਇਆ ਹੈ। ਉਹ ਨਿੱਜੀ ਤਕਲੀਫਾਂ ਬਾਰੇ ਖਾਮੋਸ਼ ਰਹਿ ਕੇ ਹਮੇਸ਼ਾ ਪੰਜਾਬੀਆਂ ਦੇ ਦੁੱਖ-ਦਰਦ ਦੀ ਆਵਾਜ਼ ਬਣੇ ਰਹੇ ਅਤੇ ਇਹ ਸੋਚ ਸਮੁੱਚੇ ਖਾਲਸਾ ਪੰਥ ਤੇ ਪੰਜਾਬੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।
ਪੰਜਾਬ ਦੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਕੀਤੇ ਗਏ ਉੱਚੇ ਮਿਆਰਾਂ ਦਾ ਹਵਾਲਾ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਉਹ ਖੁਦ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਉਨ੍ਹਾਂ ਤੋਂ ਸੇਧ ਲੈ ਕੇ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਹਮੇਸ਼ਾ ਜੁਟੇ ਰਹਿਣਗੇ। ਅੰਤ ਵਿੱਚ ਉਨ੍ਹਾਂ ਨਮਨ ਅੱਖਾਂ ਨਾਲ ਆਪਣੇ ਸਤਿਕਾਰਯੋਗ ਬਾਦਲ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
Click to Follow Babushahi Facebook page →