ਖੰਨਾ 'ਚ ਪਲਾਸਟਿਕ ਫੈਕਟਰੀ ਸੜ ਕੇ ਸੁਆਹ
ਐਨਓਸੀ (NOC) ਨੂੰ ਲੈ ਕੇ ਇਲਾਕਾ ਵਾਸੀਆਂ ਤੇ ਮਾਲਕ ਆਹਮੋ-ਸਾਹਮਣੇ
Ravinder Singh
ਖੰਨਾ, 26 ਅਪ੍ਰੈਲ, 2026
ਖੰਨਾ ਦੇ ਕਬਜ਼ਾ ਫੈਕਟਰੀ ਰੋਡ 'ਤੇ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਪਲਾਸਟਿਕ ਦਾਣਾ ਬਣਾਉਣ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਅਸਮਾਨ ਨੂੰ ਛੂਹ ਰਹੇ ਸਨ, ਜਿਸ ਨਾਲ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦੇ ਕੰਮ ਵਿੱਚ ਜੁੱਟ ਗਈ।
ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਨੇ ਫੈਕਟਰੀ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਇਹ ਫੈਕਟਰੀ ਬਿਨਾਂ ਕਿਸੇ NOC ਦੇ ਚਲਾਈ ਜਾ ਰਹੀ ਹੈ ਅਤੇ ਇਸ ਬਾਰੇ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਕਾਰਨ ਇਲਾਕੇ ਵਿੱਚ ਭਾਰੀ Pollution ਫੈਲ ਰਿਹਾ ਹੈ, ਜਿਸ ਨਾਲ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਚੁੱਕੇ ਕਿ ਮੌਕੇ 'ਤੇ ਲੋੜੀਂਦੀਆਂ ਗੱਡੀਆਂ ਨਹੀਂ ਭੇਜੀਆਂ ਗਈਆਂ।
ਦੂਜੇ ਪਾਸੇ, ਫੈਕਟਰੀ ਮਾਲਕ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਇਦ Short circuit ਹੋ ਸਕਦਾ ਹੈ। ਮਾਲਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕਮੇਟੀ ਵੱਲੋਂ ਜਾਰੀ ਕੀਤੀ ਗਈ NOC ਮੌਜੂਦ ਹੈ ਅਤੇ Fire safety ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ। ਉਨ੍ਹਾਂ ਦਾ ਤਰਕ ਹੈ ਕਿ ਫੈਕਟਰੀ ਪਹਿਲਾਂ ਲੱਗੀ ਸੀ ਅਤੇ Residential area ਬਾਅਦ ਵਿੱਚ ਵਸਿਆ ਹੈ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।
ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਗੱਡੀ ਭੇਜ ਦਿੱਤੀ ਗਈ ਸੀ, ਜਦਕਿ ਬਾਕੀ ਗੱਡੀਆਂ ਦੋਰਾਹਾ ਏਰੀਏ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਰੁੱਝੀਆਂ ਹੋਈਆਂ ਸਨ। NOC ਦੇ ਸਵਾਲ 'ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਜਾਂਚ ਸੋਮਵਾਰ ਨੂੰ ਹੀ ਹੋ ਸਕੇਗੀ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਫੈਕਟਰੀ ਦੇ ਅੰਦਰ ਕੋਈ ਵੀ Fire safety equipment ਨਹੀਂ ਮਿਲਿਆ, ਜਿਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕਾਨੂੰਨ ਅਨੁਸਾਰ ਫੈਕਟਰੀ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
Click to Follow Babushahi Facebook page →