ਮਾਨਸਾ ਜ਼ਿਲ੍ਹੇ ਦੀ ਸਰਕਾਰੀ ਸਕੂਲਾਂ ਵਿੱਚ 28 ਮਾਰਚ ਨੂੰ ਕਰਵਾਈ ਜਾਵੇਗੀ ਮਾਪੇ ਅਧਿਆਪਕ ਮਿਲਣੀ
ਅਸ਼ੋਕ ਵਰਮਾ
ਮਾਨਸਾ, 27 ਮਾਰਚ 2026 :ਸੂਬਾ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 28 ਮਾਰਚ ਦਿਨ ਸ਼ਨੀਵਾਰ ਨੂੰ 'ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਮੰਜੂ ਬਾਲਾ ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਮਾਪਿਆਂ ਨਾਲ ਸਾਂਝੀਆਂ ਕਰਨਾ ਅਤੇ ਉਨ੍ਹਾਂ ਨੂੰ ਸਕੂਲ ਦੀਆਂ ਗਤੀਵਿਧੀਆਂ ਨਾਲ ਜੋੜਨਾ ਹੈ।
ਉਹਨਾਂ ਕਿਹਾ ਕਿ 28 ਮਾਰਚ ਨੂੰ ਸਵੇਰੇ 8:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲਣ ਵਾਲੀ ਇਸ ਮਿਲਣੀ ਦੌਰਾਨ ਪਹਿਲੀ ਤੋਂ ਗਿਆਰਵੀਂ ਜਮਾਤ (ਨਾਨ-ਬੋਰਡ) ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ 'ਹੋਲਿਸਟਿਕ ਰਿਪੋਰਟ ਕਾਰਡ ਸੌਂਪੇ ਜਾਣਗੇ, ਜਿਸ ਵਿੱਚ ਬੱਚੇ ਦੀ ਸਾਲ ਭਰ ਦੀ ਕਾਰਗੁਜ਼ਾਰੀ ਦਾ ਵੇਰਵਾ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਮਾਪੇ ਬੱਚਿਆਂ ਦੇ ਅੰਕਾਂ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ ਉਨ੍ਹਾਂ ਦੀ ਆਪਣੀ ਤਰੱਕੀ 'ਤੇ ਧਿਆਨ ਦੇਣ।
ਉਹਨਾਂ ਦੱਸਿਆ ਕਿ ਇਸ ਵਾਰ ਮਾਪੇ ਅਧਿਆਪਕ ਮਿਲਣੀ ਦੌਰਾਨ ਕਈ ਅਹਿਮ ਵਿਸ਼ਿਆਂ 'ਤੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 1 ਅਪ੍ਰੈਲ 2026 ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਬੱਚਿਆਂ ਦੇ ਦਾਖਲੇ ਅਤੇ ਨਿਯਮਤ ਹਾਜ਼ਰੀ ਬਾਰੇ ਪ੍ਰੇਰਿਤ ਕੀਤਾ ਜਾਵੇਗਾ । ਬੱਚਿਆਂ ਦੀ ਗੈਰ-ਹਾਜ਼ਰੀ ਸਬੰਧੀ ਮਾਪਿਆਂ ਨੂੰ ਮਿਲਣ ਵਾਲੇ ਆਟੋਮੈਟਿਕ ਐਸ ਐਮ ਐਸ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸਤੋਂ ਇਲਾਵਾ 14 ਸਾਲ ਤੱਕ ਦੀਆਂ ਲੜਕੀਆਂ ਲਈ ਐੱਚ ਪੀ ਵੀ ਟੀਕਾਕਰਨ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਹੁਨਰ ਸਿੱਖਿਆ ਬਾਰੇ ਜਾਗਰੂਕਤਾ ਸੈਸ਼ਨ ਲਗਾਏ ਜਾਣਗੇ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਅਤੇ ਮਾਪਿਆਂ ਦੇ ਬੈਠਣ ਲਈ ਸੁਚੱਜਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਐਸ.ਐਮ.ਸੀ. ਮੈਂਬਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਇਸ ਮਿਲਣੀ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਸੁਝਾਵਾਂ ਲਈ ਸਕੂਲਾਂ ਵਿੱਚ ਸੁਝਾਅ ਬਕਸੇ ਵੀ ਰੱਖੇ ਜਾਣਗੇ।
Click to Follow Babushahi Facebook page →