Political Special ਭਾਜਪਾ ਦਾ ਮਿਸ਼ਨ ਪੰਜਾਬ: ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾਂ ਜਾਣਾ ਉਨ੍ਹੀਂ ਰਾਹੀਂ ਵੇ ਮੈਨੂੰ ਟੁਰਨਾ ਪਿਆ
ਅਸ਼ੋਕ ਵਰਮਾ
ਬਠਿੰਡਾ , 26 ਫਰਵਰੀ 2026 : ਸ਼ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਿਆਸਤ ਕਰਦੀ ਆ ਰਹੀ ਭਾਜਪਾ ਨੇ ਹੁਣ ਪੰਜਾਬ ’ਚ ਇਕੱਲਿਆਂ ਹੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਤਰਫ਼ੋਂ ਅਗਾਮੀ 14 ਮਾਰਚ ਨੂੰ ਪੰਜਾਬ ’ਚ ਤਾਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜਣਗੇ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਰੈਲੀ ਤੋਂ ਜਾਪਦਾ ਹੈ ਕਿ ਹੁਣ ਭਾਜਪਾ ਨੇ ਪੰਜਾਬ ਵਿੱਚ ਖੁਦ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ, ਜਿੱਥੇ ਅੱਜ ਤੱਕ ਕਦੇ ਪਾਰਟੀ ਦੇ ਇਕੱਲੇ ਪੈਰ ਨਹੀਂ ਲੱਗੇ ਹਨ। ਪਾਰਟੀ ਨੇ ਫਿਲਹਾਲ ਰੈਲੀ ਲਈ ਕੋਈ ਥਾਂ ਤਾਂ ਨਹੀਂ ਤੈਅ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿਲੀ ਚਾਹਲਾਂ ਦੀ ਜਿਸ ਜਮੀਨ ’ਤੇ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ ਸੀ ਭਾਜਪਾ ਉਸੇ ਸਥਾਨ ਦੀ ਚੋਣ ਕਰ ਸਕਦੀ ਹੈ।
ਭਾਜਪਾ ਹਾਈਕਮਾਂਡ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੰਦਰਖਾਤੇ ਵਿਉਂਤਬੰਦੀ ਕਰ ਰਹੀ ਸੀ ਜਿਸ ਦੇ ਸਿੱਟੇ ਵਜੋਂ ‘ਮਿਸ਼ਨ ਪੰਜਾਬ’ ਦੇ ਆਗਾਜ਼ ਲਈ ਸੂਬੇ ਦੇ ਕੇਂਦਰ ’ਚ ਪੈਂਦੇ ਮੋਗਾ ਨੂੰ ਚੁਣਿਆ ਗਿਆ ਹੈ। ਪੰਜਾਬ ਭਾਜਪਾ ਤਰਫ਼ੋਂ ਮੋਗਾ ਰੈਲੀ ਬਾਰੇ ਇਸ ਤੋਂ ਪਹਿਲਾਂ ਦੋ ਸੂਬਾਈ ਮੀਟਿੰਗਾਂ ਵੀ ਚੰਡੀਗੜ੍ਹ ਅਤੇ ਜਲੰਧਰ ’ਚ ਕੀਤੀਆਂ ਜਾ ਚੁੱਕੀਆਂ ਹਨ ਅਤੇ ਪਾਰਟੀ ਨੇ ਅਗਲੇ ਦਿਨੀਂ ਜਿਲ੍ਹਾ ਪੱਧਰ ਸਮੇਤ ਹੋਰ ਵੀ ਤਿਆਰੀ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ । ਰੈਲੀ ਦੀ ਤਰੀਕ ਦਾ ਐਲਾਨ ਹੁੰਦਿਆਂ ਪਿਛਲੇ ਦਿਨਾਂ ਤੋਂ ਸ਼ਾਂਤ ਬੈਠੇ ਭਾਜਪਾ ਦੇ ਸਥਾਨਕ ਪੱਧਰ ਦੇ ਆਗੂ ਅਤੇ ਵਰਕਰ ਇੱਕ ਦਮ ਜੋਸ਼ ’ਚ ਆ ਗਏ ਹਨ। ਮੋਗਾ ਰੈਲੀ ਵਿੱਚ ਇੱਕ ਲੱਖ ਇਕੱਠ ਕਰਨ ਦਾ ਏਜੰਡਾ ਰੱਖਿਆ ਗਿਆ ਹੈ। ਖੁਦ ਭਾਜਪਾ ਆਗੂ ਮੰਨਦੇ ਹਨ ਕਿ ਗਠਜੋੜ ਟੁੱਟਣ ਮਗਰੋਂ ਭਾਜਪਾ ਆਪਣਾ ਸਿਆਸੀ ਦਮ ਪਰਖਣਾ ਚਾਹੁੰਦੀ ਹੈ।
ਹਾਲਾਂਕਿ ਕਿਸੇ ਧਿਰ ਨਾਲ ਗਠਜੋੜ ਸਬੰਧੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹਾਲ ਦੀ ਘੜੀ ਚੁੱਪ ਹੈ ਪਰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀਆਂ ਦੇ ਗੜ੍ਹ ’ਚ ਰੈਲੀ ਜਰੂਰ ਐਲਾਨ ਦਿੱਤੀ ਹੈ। ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਮੋਗਾ ਰੈਲੀ ਰਾਹੀਂ ਸ਼ਰੋਮਣੀ ਅਕਾਲੀ ਦਲ ’ਤੇ ਆਪਣਾ ਪ੍ਰਭਾਵ ਬਨਾਉਣ ਦੇ ਰੌਂਅ ’ਚ ਜਾਪਦੀ ਹੈ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੋਣਾਂ ’ਚ ਮਿਲੇ ਵੋਟ ਸ਼ੇਅਰ ਤੋਂ ਵੀ ਭਾਜਪਾ ਤਸੱਲੀ ’ਚ ਹੈ ਅਤੇ ਇਸ ਨੂੰ ਦਿਹਾਤੀ ਖੇਤਰਾਂ ’ਚ ਪੈਰ ਪਸਾਰਨ ’ਚ ਸਫਲਤਾ ਵਜੋਂ ਦੇਖ ਰਹੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਭਾਜਪਾ ਨੂੰ 6.39 ਫ਼ੀਸਦੀ ਅਤੇ ਸਮਿਤੀ ਚੋਣਾਂ ’ਚ 6.41 ਫ਼ੀਸਦੀ ਵੋਟ ਮਿਲੇ ਹਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਕੋਈ ਸੀਟ ਤਾਂ ਹਾਸਲ ਨਹੀਂ ਹੋਈ ਸੀ ਪਰ ਉਦੋਂ 18.56 ਫ਼ੀਸਦੀ ਵੋਟ ਮਿਲੇ ਸਨ ਜਦੋਂਕਿ ਸੰਸਦੀ ਚੋਣਾਂ 2019 ਵਿੱਚ ਇਹ 9.7 ਫ਼ੀਸਦੀ ਸਨ।
ਭਲਾ ਹੋਇਆ ਮੇਰਾ ਚਰਖਾ ਟੁੱਟਾ
ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅਕਾਲੀ ਦਲ ਵੱਲੋਂ ਗੱਠਜੋੜ ਤੋੜਨ ਕਾਰਨ ਭਾਜਪਾ ਨੇ ਵਿਧਾਨ ਸਭਾ ਚੋਣਾਂ 2022 ਸਾਬਕਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ ਅਤੇ ਸ਼ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲਕੇ ਲੜੀਆਂ ਪਰ ਸਿਰਫ਼ ਇੱਕ ਸੀਟ ਪੱਲੇ ਪਈ ਅਤੇ ਵੋਟ ਸ਼ੇਅਰ 6.6 ਫ਼ੀਸਦ ਸੀ। ਸਾਲ 2024 ਭਾਜਪਾ ਲੋਕ ਸਭਾ ਚੋਣਾਂ ਇਕੱਲੀ ਨਿੱਤਰੀ ਤਾਂ ਹੱਥ ਖਾਲੀ ਰਹੇ ਪਰ ਵੋਟ ਫ਼ੀਸਦ ਤਿੰਨ ਗੁਣਾ ਵਧ ਕੇ 18.56 ਫ਼ੀਸਦ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਭਾਜਪਾ ਪੰਜਾਬ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਪੰਜਾਬ ਲਈ ਐਲਾਨ ਸੰਭਵ
ਪੰਜਾਬ ’ਚ ਆਪਣਾ ਪ੍ਰਭਾਵ ਜਮਾਉਣ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ ਰੈਲੀ ’ਚ ਅਹਿਮ ਐਲਾਨ ਵੀ ਕਰ ਸਕਦੇ ਹਨ ਜਿੰਨ੍ਹਾਂ ’ਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਫਸਲਾਂ ਦੇ ਸਰਕਾਰੀ ਭਾਅ ਮਿਥਣੇ ਸ਼ਾਮਲ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿਛਲੇ ਲੰਮੇਂ ਸਮੇਂ ਤੋਂ ਮੋਰਚਾ ਵੀ ਚੱਲ ਰਿਹਾ ਹੈ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ (ਪੁਨਰ ਸੁਰਜੀਤ) ਸਮੇਤ ਸਮੂਹ ਸਿਆਸੀ ਧਿਰਾਂ ਵੀ ਇਹੋ ਮੰਗ ਕਰਦੀਆਂ ਆ ਰਹੀਆਂ ਹਨ।
ਪੰਜਾਬੀਆਂ ’ਚ ਭਾਜਪਾ ਪ੍ਰਤੀ ਰੋਸ
ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਨਰਾਜ਼ ਹੋਣ ਕਾਰਨ ਭਾਜਪਾ ਲਈ ਪੰਜਾਬ ਵਿੱਚ ਪੈਰ ਜਮਾਉਣੇ ਸੌਖੇ ਨਹੀਂ ਹਨ । ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣ ਤੋਂ ਪਹਿਲਾਂ ਭਾਜਪਾ ਲਈ ਕਿਸਾਨੀ ਨੂੰ ਨਾਲ ਲਾਉਣਾ ਵਧੇਰੇ ਜ਼ਰੂਰੀ ਹੋਵੇਗਾ। ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲੇ ਅੰਦੋਲਨ ਮਗਰੋਂ ਪੰਜਾਬੀਆਂ ਦੇ ਮਨਾਂ ਵਿੱਚ ਭਾਜਪਾ ਖਿਲਾਫ ਵੱਡਾ ਰੋਸਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ, ਪੰਜਾਬ ’ਵਰਸਿਟੀ ਦੀ ਸੈਨੇਟ ਦੇ ਪੁਨਰਗਠਨ, ਭਾਰਤੀ ਖ਼ੁਰਾਕ ਨਿਗਮ ਦੇ ਜਨਰਲ ਮੈਨੇਜਰ ਦਾ ਅਹੁਦਾ ਪੰਜਾਬ ਤੋਂ ਖੋਹਣਾ ਆਦਿ ਵਰਗੇ ਫ਼ੈਸਲੇ ਲਏ ਹਨ।
ਸਰਕਾਰ ਬਣਾਏਗੀ ਭਾਜਪਾ: ਸੋਢੀ
ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਦਾ ਕਹਿਣਾ ਸੀ ਕਿ ਜਿਸ ਤਰਾਂ ਦਿੱਲੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਨਕਾਰਕੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਭਾਜਪਾ ਨੂੰ ਸਫ਼ਲ ਕੀਤਾ ਹੈ ਉਸੇ ਤਰਾਂ ਹੁਣ ਵਾਰੀ ਪੰਜਾਬ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਜਿਸ ਸਦਕਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਮਜ਼ਬੂਤੀ ਨਾਲ ਸਰਕਾਰ ਬਣਾਏਗੀ।
Click to Follow Babushahi Facebook page →