ਸਬਜ਼ੀ ਮੰਡੀ ਵਿੱਚ ਨਵਾਂ ਸਟੀਲ ਕਵਰ ਸ਼ੈੱਡ ਦੀ ਉਸਾਰੀ ਮੁਕੰਮਲ
ਸ਼ੈੱਡ ਵਿੱਚ ਜਲਦ ਲਾਈਟਾਂ ਵੀ ਲਗਵਾਈਆਂ ਜਾਣਗੀਆਂ-ਰਮਨ ਬਹਿਲ,ਕਿਹਾ-ਸਬਜ਼ੀ ਮੰਡੀ ਗੁਰਦਾਸਪੁਰ ਵਿਖੇ 2 ਕਰੋੜ 10 ਲੱਖ ਰੁਪਏ ਲਾਗਤ ਦੇ ਕਰਵਾਏ ਜਾ ਚੁੱਕੇ ਹਨ ਵਿਕਾਸ ਕਾਰਜ
ਰੋਹਿਤ ਗੁਪਤਾ
ਗੁਰਦਾਸਪੁਰ, 13 ਫਰਵਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵੱਲੋਂ ਗੁਰਦਾਸਪੁਰ ਸਬਜ਼ੀ ਮੰਡੀ ਲਈ ਮਨਜ਼ੂਰ ਕੀਤਾ ਗਿਆ ਪ੍ਰੋਜੈਕਟ ਬਣਕੇ ਤਿਆਰ ਹੋ ਚੁੱਕਾ ਹੈ। ਸੂਬਾ ਸਰਕਾਰ ਵੱਲੋਂ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਸਬਜ਼ੀ ਮੰਡੀ ਗੁਰਦਾਸਪੁਰ ਵਿੱਚ 15,000 ਸਕੁਏਅਰ ਫੁੱਟ ਦਾ ਨਵਾਂ ਸਟੀਲ ਕਵਰ ਸ਼ੈੱਡ ਮਨਜ਼ੂਰ ਕੀਤਾ ਗਿਆ ਸੀ, ਜਿਸ ਦਾ ਨੀਂਹ ਪੱਥਰ ਉਨ੍ਹਾਂ ਵੱਲੋਂ ਰੱਖਿਆ ਗਿਆ ਸੀ ਅਤੇ ਹੁਣ ਇਹ ਸ਼ੈੱਡ ਮੁਕੰਮਲ ਹੋ ਗਿਆ ਹੈ।
ਸ੍ਰੀ ਰਮਨ ਬਹਿਲ ਨੇ ਅੱਜ ਸਬਜ਼ੀ ਮੰਡੀ ਦਾ ਦੌਰਾ ਕਰਦੇ ਹੋਏ ਨਵੇਂ ਤਿਆਰ ਸ਼ੈੱਡ ਦਾ ਜਾਇਜ਼ਾ ਲਿਆ। ਇਸ ਮੌਕੇ ਸਬਜ਼ੀ ਮੰਡੀ ਨਾਲ ਸੰਬੰਧਤ ਆੜ੍ਹਤੀਆਂ, ਲੇਬਰ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਇਸ ਮਹੱਤਵਪੂਰਨ ਕਾਰਜ ਲਈ ਵਧਾਈ ਦਿੱਤੀ ਗਈ ਅਤੇ ਦਿਲੋਂ ਧੰਨਵਾਦ ਕੀਤਾ ਗਿਆ।
ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਤਿਨਿਧੀਆਂ ਨੇ ਦੱਸਿਆ ਕਿ ਇਸ ਸ਼ੈੱਡ ਦੇ ਬਣਨ ਨਾਲ ਕਿਸਾਨਾਂ, ਆੜ੍ਹਤੀਆਂ, ਲੇਬਰ ਅਤੇ ਖਰੀਦਦਾਰਾਂ ਨੂੰ ਵੱਡਾ ਲਾਭ ਮਿਲਿਆ ਹੈ। ਪਹਿਲਾਂ ਮੀਂਹ ਅਤੇ ਤਿੱਖੀ ਧੁੱਪ ਕਾਰਨ ਵਪਾਰੀ ਸਵੇਰੇ 8 ਵਜੇ ਤੱਕ ਹੀ ਆਪਣਾ ਕੰਮ ਬੰਦ ਕਰਨ ਲਈ ਮਜਬੂਰ ਹੋ ਜਾਂਦੇ ਸਨ, ਪਰ ਹੁਣ ਸ਼ੈੱਡ ਬਣਨ ਨਾਲ ਵਪਾਰ ਵਿੱਚ ਵਾਧਾ ਹੋਇਆ ਹੈ ਅਤੇ ਵਪਾਰੀ ਦੁਪਹਿਰ 2 ਵਜੇ ਤੱਕ ਆਪਣਾ ਕਾਰੋਬਾਰ ਸੁਚਾਰੂ ਢੰਗ ਨਾਲ ਕਰ ਰਹੇ ਹਨ।
ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਇਸ ਸ਼ੈੱਡ ਦੀ ਤਿਆਰੀ ਲਈ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਇੱਕ ਹੋਰ ਮੰਗ ਵੀ ਰੱਖੀ ਗਈ ਕਿ ਸ਼ੈੱਡ ਵਿੱਚ ਲਾਈਟਾਂ ਲਗਵਾਈਆਂ ਜਾਣ। ਇਸ ਮੌਕੇ ਸ੍ਰੀ ਰਮਨ ਬਹਿਲ ਨੇ ਭਰੋਸਾ ਦਿਵਾਇਆ ਕਿ ਜਲਦ ਲਾਈਟਾਂ ਵੀ ਲਗਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਬਜ਼ੀ ਮੰਡੀ ਗੁਰਦਾਸਪੁਰ ਵਿੱਚ 2 ਕਰੋੜ 10 ਲੱਖ ਰੁਪਏ ਦੇ ਵਿਕਾਸ ਕਾਰਜ ਹੁਣ ਤੱਕ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਕਰੀਬ 1 ਕਰੋੜ 5 ਲੱਖ ਦੀ ਲਾਗਤ ਨਾਲ ਸੜਕ ਅਤੇ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਸ਼ੈੱਡ ਉਸਾਰਿਆ ਗਿਆ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਮਾਜ ਸੇਵਾ ਲਈ ਸਮਰਪਿਤ ਰਹੀਆਂ ਹਨ ਅਤੇ ਹਮੇਸ਼ਾਂ ਸਬਜ਼ੀ ਮੰਡੀ ਦੀ ਬਿਹਤਰੀ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਨਿਵਾਸੀ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਉਹ ਆਪਣੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਸ ਮੌਕੇ ਐਕਸੀਅਨ ਮੰਡੀ ਬੋਰਡ ਅਸ਼ੋਕ ਕੁਮਾਰ, ਸੈਕਟਰੀ ਮਾਰਕਿਟ ਕਮੇਟੀ ਸੁਰਿੰਦਰ ਸਿੰਘ, ਸ੍ਰੀ ਰਵੀ ਮਹਾਜਨ (ਪ੍ਰਧਾਨ, ਸਬਜ਼ੀ ਮੰਡੀ ਐਸੋਸੀਏਸ਼ਨ ਗੁਰਦਾਸਪੁਰ), ਅਸ਼ੋਕ ਮਹਾਜਨ, ਰਵੀ ਮਹਾਜਨ ਆਰ.ਕੇ.ਬੀ., ਕਮਲ ਮਹਾਜਨ, ਮਦਨ ਲਾਲ (ਸਰਪੰਚ ਪੀਰਾਂ ਆਘ), ਗੋਲਡੀ, ਮਿੰਟੂ ਅਬਰੋਲ, ਬਲਾਕ ਸੰਮਤੀ ਮੈਂਬਰ ਪਰਭੂ ਮਸੀਹ ਅਤੇ ਮੇਜਰ ਸਿੰਘ ਤੋਂ ਇਲਾਵਾ ਸਬਜ਼ੀ ਮੰਡੀ ਦੇ ਆੜ੍ਹਤੀ ਸਾਹਿਬਾਨ ਅਤੇ ਸ਼ਹਿਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।