ਪਿਤਾ ਨਾਲ ਸਬਜ਼ੀ ਵੇਚਣ ਵਿੱਚ ਹੱਥ ਵੰਡਾਉਂਣ ਦੇ ਬਾਵਜੂਦ ਕਲਾਸ ਵਿੱਚੋਂ ਫਸਟ ਆਉਂਦੀ ਹੈ ਇਹ ਕੁੜੀ
ਅੱਜ ਕੱਲ ਦੇ ਬੱਚਿਆਂ ਵਾਂਗ ਮੋਬਾਈਲ ਦੇ ਮੋਹਜਾਲ ਤੋਂ ਦੂਰ ਰਹਿੰਦੀ ਹੈ ਹਰਪ੍ਰੀਤ
ਰੋਹਿਤ ਗੁਪਤਾ
ਗੁਰਦਾਸਪੁਰ ,13 ਫਰਵਰੀ 2026 :
ਗੁਰਦਾਸਪੁਰ ਦੇ ਹਰਦੋਛੰਨੀ ਬਾਈਪਾਸ ਨੇੜੇ ਇੱਕ 13_ 14 ਸਾਲ ਦੀ ਕੁੜੀ ਸਬਜ਼ੀ ਅਤੇ ਫਰੂਟ ਵੇਚਦੀ ਨਜ਼ਰ ਆਉਂਦੀ ਹੈ। ਹਰਪ੍ਰੀਤ ਨਾਂ ਦੀ ਇਹ ਕੁੜੀ ਸਵੇਰੇ 5:30 ਵਜੇ ਉੱਠ ਕੇ ਪਿਤਾ ਦੇ ਲਈ ਚਾਹ ਪਾਣੀ ਬਣਾਉਂਦੀ ਹੈ ਤੇ ਫਿਰ ਨਿਤਨੇਮ ਕਰਨ ਤੋਂ ਬਾਅਦ ਆਪਣੀ ਸਬਜ਼ੀ ਦੀ ਫੜੀ ਤੇ ਆ ਜਾਂਦੀ ਹੈ। ਦੁਕਾਨ ਸਜਾਉਂਦੀ ਹੈ ਅਤੇ ਫਿਰ ਸਕੂਲ ਚਲੀ ਜਾਂਦੀ ਹੈ ਅਤੇ ਸਕੂਲੋਂ ਆਉਣ ਤੋਂ ਬਾਅਦ ਫਿਰ ਦੁਕਾਨ ਤੇ ਆ ਕੇ ਸਬਜ਼ੀ, ਫਰੂਟ ਵੇਚਦੀ ਹੈ। ਤੇ ਰਾਤ ਨੂੰ ਆਪਣੀ ਪੜ੍ਹਾਈ ਪੂਰੀ ਕਰਦੀ ਹੈ। ਇਨੀਂ ਮਿਹਨਤ ਕਰਨ ਦੇ ਬਾਵਜੂਦ ਉਹ ਸਕੂਲ ਵਿੱਚ ਆਪਣੀ ਕਲਾਸ ਵਿੱਚੋਂ ਹਰ ਵਾਰ ਅੱਵਲ ਰਹਿੰਦੀ ਹੈ। ਹਰਪ੍ਰੀਤ ਆਪਣੇ ਪਿਤਾ ਦਲਜੀਤ ਸਿੰਘ ਨੂੰ ਮਿਹਨਤ ਕਰਦੇ ਦੇਖਦੀ ਤਾਂ ਉਸ ਦੇ ਮਨ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਦਾ ਖਿਆਲ ਆਇਆ ਅਤੇ ਇੱਕ ਸਾਲ ਪਹਿਲਾਂ ਉਸਨੇ ਦੁਕਾਨ ਤੇ ਆਉਣਾ ਸ਼ੁਰੂ ਕਰ ਦਿੱਤਾ। ਤੇ ਫਿਰ ਹੌਲੀ ਹੌਲੀ ਇਹ ਉਸ ਦੀ ਰੂਟੀਨ ਬਣ ਗਈ । ਜਿੱਥੇ ਅੱਜਕੱਲ ਦੇ ਬੱਚੇ ਮੋਬਾਇਲ ਵੇਖਣਾ ਪਸੰਦ ਕਰਦੇ ਹਨ ਉੱਥੇ ਹੀ ਹਰਪ੍ਰੀਤ ਮੋਬਾਇਲ ਦੇ ਮੋਹਜਾਲ ਤੋਂ ਬਿਲਕੁਲ ਦੂਰ ਹੈ ਤੇ ਸਿਰਫ ਆਪਣੀ ਦੁਕਾਨ ਅਤੇ ਪੜ੍ਹਾਈ ਵੱਲ ਹੀ ਧਿਆਨ ਦਿੰਦੀ ਹੈ। ਅੱਜ ਦੇ ਦੌਰ ਵਿੱਚ ਅਜਿਹੇ ਬੱਚੇ ਮਾਂ ਬਾਪ ਲਈ ਕਿਸੇ ਹੀਰੇ ਤੋਂ ਘੱਟ ਨਹੀਂ ਹਨ।