ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਵੱਲੋਂ ਪ੍ਰਿ. ਰੰਧਾਵਾ ਤੇ ਡਾ. ਬੁੱਟਰ ਦਾ ਸਨਮਾਨ
ਸੰਤ ਗਿ.ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਸ਼ਤਾਬਦੀ ਸ਼ਹੀਦੀ ਸਮਾਗਮਾਂ ਦੌਰਾਨ ਨਿਭਾਈ ਅਹਿਮ ਜ਼ਿੰਮੇਵਾਰੀ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ1 ਫਰਵਰੀ 2026- ‘ਹਿੰਦ ਦੀ ਚਾਦਰ’ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੀਤੀ 24 ਤੇ 25 ਜਨਵਰੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਹਾਂਰਾਸ਼ਟਰ ਸਰਕਾਰ ਵੱਲੋਂ ਰਾਜ ਪੱਧਰ ‘ਤੇ ਆਯੋਜਿਤ ਦੋ ਦਿਨਾਂ ਸ਼ਹੀਦੀ ਸਮਾਗਮਾਂ ਦੌਰਾਨ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਤੇ ਡਾ.ਅਵਤਾਰ ਸਿੰਘ ਬੁੱਟਰ ਵੱਲੋਂ ਸਮਾਗਮਾਂ ਦੀ ਸਫਲਤਾ ਲਈ ਮੁੱਖ ਤੇ ਲੋੜੀਂਦੇ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਨੇਪੜੇ ਚਾੜ੍ਹਦੇ ਹੋਏ ਅਹਿਮ ਜ਼ਿੰਮੇਵਾਰੀ ਨਿਭਾਈਆਂ ਗਈਆਂ।
ਸਮਾਗਮਾਂ ਦੀ ਸ਼ਾਨਦਾਰ ਸਮਾਪਤੀ ਉਪਰੰਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਜਿੱਥੇ ਪਿ੍ਰੰ.ਰੰਧਾਵਾ ਤੇ ਡਾ.ਬੁੱਟਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ,ਉੱਥੇ ਹੀ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵੀ ਸਮਾਗਮਾਂ ਦੌਰਾਨ ਸੌਂਪੇ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪ੍ਰਸ਼ੰਸਾ ਕੀਤੀ। ਪ੍ਰਿੰ.ਰੰਧਾਵਾ ਤੇ ਡਾ. ਬੁੱਟਰ ਨੇ ਇਸ ਸਨਮਾਨ ਲਈ ਮੁੱਖ ਮੰਤਰੀ ਫੜਨਵੀਸ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਮਹਾਂਰਾਸ਼ਟਰ ਸਰਕਾਰ ,ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਤੇ ਦਮਦਮੀ ਟਕਸਾਲ ਵੱਲੋਂ ਨਿਭਾਈ ਗਈ ਭੂਮਿਕਾ ਸ਼ਲਾਘਾਯੋਗ ਹੈ,ਜਿੰਨ੍ਹਾਂ ਨੇ ਆਪਸੀ ਤਾਲਮੇਲ ਨਾਲ ਨਾ ਕੇਵਲ ਇੰਨ੍ਹਾਂ ਸਮਾਗਮਾਂ ਨੂੰ ਸਫਲ ਬਣਾਇਆ,ਬਲਕਿ ਮਹਾਂਰਾਸ਼ਟਰ ‘ਚ ਵੱਸਦੇ ਸਿੱਖ ਸੁਮਦਾਏ ਦੇ ਲੁਬਾਣਾ ਸਮਾਜ, ਵਣਜਾਰਾ ਸਮਾਜ,ਸਿੰਧੀ ਸਮਾਜ,ਬਾਲਮੀਕੀ ਸਮਾਜ ਤੇ ਸਿਕਲੀਗਰ ਸਮਾਜ ਨੂੰ ਇੱਕ ਧਾਗੇ ‘ਚ ਪਰੋਦੇ ਹੋਏ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ।
ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਮਹਾਰਾਸ਼ਟਰ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਤਹਿਤ ਸੰਗਤਾਂ ਦੀ ਸੁੱਖ ਸੁਵਿਧਾ ਲਈ ਰਹਿਣ-ਸਹਿਣ ਦਾ ਵਧੀਆ ਪ੍ਰਬੰਧ ਕੀਤੇ ਗਏ,ਖਾਣ ਪੀਣ ਲਈ ਸ਼ਾਨਦਾਰ ਲੰਗਰ ਲਗਾਏ ਗਏ ਤੇ ਆਵਾਜਾਈ ਲਈ ਸਪੈਸ਼ਲ ਟ੍ਰੇਨਾਂ ਚਲਾਈਆ ਗਈਆਂ,ਜਿਸ ਦੇ ਚੱਲਦਿਆਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕੀਤਾ।
ਇਸ ਸਭ ਦਾ ਸਿਹਰਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ,ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ,ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਕੈਬਨਿਟ ਮੰਤਰੀ ਰਾਮੇਸ਼ਵਰ ਨਾਇਕ ਦੇ ਅਣਥੱਕ ਯਤਨਾਂ ਨੂੰ ਜਾਂਦਾ ਹੈ,ਜਿੰਨ੍ਹਾਂ ਦੀ ਬਦੌਲਤ ਧਰਮ ਤੇ ਸੱਚ ਦੀ ਖਾਤਿਰ ਆਪਣਾ ਸੀਸ ਬਲੀਦਾਨ ਕਰਨ ਵਾਲੇ ‘ਹਿੰਦ ਦੀ ਚਾਦਰ’ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਦਿਵਸ ਮੌਕੇ ਕਰਾਏ ਗਏ ਇਹ ਸਮਾਗਮ ਪੂਰੀ ਤਰ੍ਹਾਂ ਨਾਲ ਯਾਦਗਰੀ ਹੋ ਨਿਬੜੇ ਹਨ।