ਸੰਘਣੀ ਧੁੰਦ ਤੇ ਠਰੂੰ ਠਰੂੰ ਕਰਦੀ ਠੰਢ ਦੇ ਚਲਦਿਆਂ ਬੱਚਿਆਂ ਨੇ ਦਿਖਾਇਆ ਮਾਪੇ ਅਧਿਆਪਕ ਮਿਲਣੀ ਲਈ ਉਤਸ਼ਾਹ
ਸਿੱਖਿਆ ਅਧਿਕਾਰੀ ਤੇ ਜ਼ਿਲ੍ਹਾ ਕੋਆਰਡੀਨੇਟਰ ਨੇ ਮੈਗਾ ਪੀ ਟੀ ਐਮ ਦਾ ਕੀਤਾ ਨਿਰੀਖਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਦਸੰਬਰ ,2025
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸੂਬੇ ਭਰ ਦੇ ਸਾਰੇ ਸਕੂਲਾਂ ਵਿਚ ਮੈਗਾ ਪੀ ਟੀ ਐਮ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੀ ਯੋਗ ਅਗਵਾਈ ਹੇਠ,ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਮੈਗਾ ਪੀ.ਟੀ.ਐਮ ਵਿੱਚ ਭਾਗ ਲਿਆ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ,ਐਸ ਐਮ ਸੀ ਕਮੇਟੀ ਮੈਂਬਰਾਂ ਤੇ ਸਕੂਲ ਦੇ ਸਟਾਫ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਜੀਓ ਆਇਆਂ ਆਖਿਆ ਗਿਆ। ਅਧਿਆਪਕਾਂ ਵੱਲੋਂ ਮਾਪਿਆਂ ਨਾਲ ਬੱਚਿਆਂ ਵਲੋਂ ਸਾਲ ਦੌਰਾਨ ਪੜ੍ਹਾਈ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਨਿਭਾਈਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਬੱਚਿਆਂ ਦੀ ਪੜ੍ਹਾਈ ਦਾ ਸਮੁੱਚਾ ਮੁਲਾਂਕਣ ਕੀਤਾ ਗਿਆ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਮਾਪਿਆਂ ਨੂੰ ਬੱਚਿਆਂ ਬਾਬਤ ਸਮੇਂ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨਾਲ ਰਾਬਤਾ ਰੱਖਣ ਦੀ ਅਪੀਲ ਕੀਤੀ। ਮੌਕੇ ਹਾਜ਼ਰ ਮਾਪਿਆਂ ਨੂੰ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵੱਲੋਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਮੁਖੀ ਨੇ ਦੱਸਿਆ ਕਿ ਸਾਇੰਸ ਵਿਸ਼ਾ ਪੜ੍ਹਨ ਵਾਲੇ ਬੱਚਿਆਂ ਲਈ ਸਰਕਾਰ ਵੱਲੋਂ ਸਕੂਲਾਂ ਵਿਚ ਸਕੂਲ ਸਮੇਂ ਦੌਰਾਨ ਹੀ ਵਿਸ਼ੇਸ਼ ਤੌਰ ਤੇ ਪੜ੍ਹਾਈ ਲਈ ਆਨ ਲਾਈਨ ਤੇ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰ ਤੇ ਵੱਖ ਵੱਖ ਖੇਤਰਾਂ ਜਿਵੇਂ ਕੁਇਜ਼ ਮੁਕਾਬਲੇ, ਵਿਦਿਅਕ ਮੁਕਾਬਲੇ ਅਤੇ ਖੇਡਾਂ ਆਦਿ ਵਿੱਚ ਵਿਲੱਖਣ ਭੂਮਿਕਾ ਨਿਭਾਉਣ ਵਾਲੇ ਬੱਚੇ ਮੁਖੀ ਅਤੇ ਸਮੂਹ ਸਟਾਫ ਵਲੋਂ ਸਨਮਾਨਿਤ ਕੀਤੇ ਗਏ। ਸਕੂਲ ਦੇ ਅਧਿਆਪਕਾਂ ਵਲੋਂ ਆਪਣੇ ਦੁਆਰਾ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਤਿਆਰ ਕੀਤੇ ਗਏ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ, ਜਿਸਦੀ ਮਾਪਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੂੰ ਸਰਕਾਰ ਦੁਆਰਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਜਾਰੀ ਕੀਤੇ ਵਿਦਿਅਕ ਸੰਸਥਾਵਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਪ੍ਰਸਾਰ ਵਾਲੇ ਇਸ਼ਤਿਹਾਰ ਵੰਡੇ ਗਏ।ਸੰਸਥਾ ਦੇ ਮੁਖੀ ਡਾਕਟਰ ਅਗਨੀਹੋਤਰੀ ਵਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਨਮਾਨੇ ਗਏ। ਮਾਪੇ ਅਧਿਆਪਕ ਮਿਲਣੀ ਦੌਰਾਨ ਬੱਚਿਆਂ ਅਤੇ ਮਾਪਿਆਂ ਦਾ ਭਾਰ ਤੋਲਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਚੈਕ ਕੀਤਾ ਗਿਆ। ਅੱਜ ਦੀ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਮਾਪੇ ਅਧਿਆਪਕ ਮਿਲਣੀ ਦਾ ਨਿਰੀਖਣ ਕੀਤਾ ਤੇ ਮਾਪਿਆਂ ਨਾਲ ਬੱਚਿਆਂ ਤੇ ਅਧਿਆਪਕਾਂ ਦਰਮਿਆਨ ਤਾਲਮੇਲ ਤੇ ਵਿਚਾਰ ਚਰਚਾ ਕੀਤੀ।ਇਸ ਤੋਂ ਇਲਾਵਾ ਡੀ.ਐਮ. ਅਤੇ ਜ਼ਿਲ੍ਹਾ ਕੋਆਰਡੀਨੇਟਰ ਬਰਿੰਦਰ ਬੰਗਾ ਵਲੋਂ ਵੀ ਪੀ.ਟੀ. ਐਮ. ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਅੱਗੇ ਲੰਗੜੋਆ ਸਕੂਲ ਦੇ ਅਧਿਆਪਕਾਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਬਰਿੰਦਰ ਬੰਗਾ ਨੇ ਅਧਿਆਪਕਾਂ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਬੋਲੋੜੀਆਂ ਡਾਕਾਂ ਤੋਂ ਧਿਆਨ ਹਟਾ ਕੇ ਕੇਵਲ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਵਧੀਆ ਨਤੀਜੇ ਸਾਹਮਣੇ ਆਉਣ। ਉਨ੍ਹਾਂ ਵੱਖ ਵੱਖ ਸਟਾਫ ਮੈਂਬਰਾਂ ਦੀ ਨਾਂ ਸਮੇਤ ਸਰਾਹਨਾ ਕੀਤੀ। ਸੰਸਥਾ ਵਲੋਂ ਬੱਚਿਆਂ ਅਤੇ ਮਾਪਿਆਂ ਲਈ ਚਾਹ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਤੇ ਸੰਸਥਾ ਦਾ ਸਮੁੱਚਾ ਸਟਾਫ,ਐਸ ਐਮ ਸੀ ਕਮੇਟੀ ਮੈਂਬਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।