ਵਿਧਾਇਕ ਜਗਰੂਪ ਗਿੱਲ ਨੇ ਮੁਲਤਾਨੀਆ ਪੁਲ ਹੇਠ ਗਰਾਊਂਡ ਬਣਾਉਣ ਦਾ ਰੱਖਿਆ ਨੀਹ ਪੱਥਰ
ਅਸ਼ੋਕ ਵਰਮਾ
ਬਠਿੰਡਾ , 20 ਦਸੰਬਰ 2025: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ ਨੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਅੱਜ ਸਥਾਨਕ ਮੁਲਤਾਨੀਆ ਪੁਲ ਦੇ ਹੇਠਾਂ ਆਧੁਨਿਕ ਪਲੇਅ ਗਰਾਊਂਡ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
ਵਿਧਾਇਕ ਸ. ਜਗਰੂਪ ਗਿੱਲ ਨੇ ਕਿਹਾ ਕਿ ਮੁਲਤਾਨੀਆ ਪੁਲ ਹੇਠਾਂ ਪਿਆ ਖਾਲੀ ਸਥਾਨ ਲੰਮੇ ਸਮੇਂ ਤੋਂ ਅਣਵਰਤੋਂ ’ਚ ਸੀ, ਜਿਸਨੂੰ ਹੁਣ ਲੋਕ-ਹਿਤ ’ਚ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਲੇਅ ਗਰਾਊਂਡ ਇਲਾਕੇ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਇਸ ਨਾਲ ਨਾ ਸਿਰਫ਼ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ, ਸਗੋਂ ਸਿਹਤਮੰਦ ਜੀਵਨਸ਼ੈਲੀ ਵੱਲ ਵੀ ਪ੍ਰੇਰਿਤ ਹੋਣਗੇ।
ਸ. ਗਿੱਲ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਹਰ ਵਰਗ ਲਈ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਪਾਰਕਾਂ ਦੇ ਨਾਲ-ਨਾਲ ਖੇਡਾਂ ਲਈ ਮੌਕੇ ਪੈਦਾ ਕਰਨਾ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਸਿਰਕੀ ਬਾਜ਼ਾਰ ਵਾਲੀ ਸਾਈਡ 180 ਮੀਟਰ ਲੰਮਾ ਅਤੇ 11.5 ਮੀਟਰ ਚੌੜਾ ਟਰੈਕ ਤਿਆਰ ਕੀਤਾ ਜਾਵੇਗਾ। ਜਿਸ ’ਚ ਬੈਡਮਿੰਟਨ ਕੋਰਟ ਬਾਸਕਟ ਬਾਲ ਕੋਰਟ ਅਤੇ ਜਿੰਮ ਸਪੇਸ ਏਰੀਆ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਡੀ.ਡੀ. ਮਿੱਤਲ ਟਾਵਰ ਵਾਲੀ ਸਾਈਡ 160 ਮੀਟਰ ਲੰਮਾ ਅਤੇ 11.5 ਮੀਟਰ ਚੌੜਾ ਟਰੈਕ ਤਿਆਰ ਕੀਤਾ ਜਾਵੇਗਾ। ਜਿਸ ’ਚ ਕ੍ਰਿਕਟ, ਸਕੈਟਿੰਗ ਅਤੇ ਵਾਕਿੰਗ ਟਰੈਕ ਬਣਾਇਆ ਜਾਵੇਗਾ। ਇਸ ਪਲੇਅ ਗਰਾਂਊਂਡ ਦਾ ਕੰਮ ਮੁਕੰਮਲ ਹੋਣ ਨਾਲ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸੈਰ ਕਰਨ ਅਤੇ ਨੌਜਵਾਨਾਂ ਨੂੰ ਖੇਡਣ ਵਿੱਚ ਦੂਰ ਜਾਣ ਦੀ ਜਰੂਰਤ ਮਹਿਸੂਸ ਨਹੀਂ ਹੋਵੇਗੀ।
ਇਸ ਮੌਕੇ ਕੌਂਸਲਰ ਸੁਖਜੀਤ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਆਪ ਆਗੂ ਅਤੇ ਆਮ ਲੋਕ ਆਦਿ ਹਾਜ਼ਰ ਸਨ।