ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਸੀਸਗੰਜ ਸਾਹਿਬ ਰੇਲਵੇ ਸਟੇਸ਼ਨ ਰੱਖਿਆ ਜਾਵੇ: ਅਰਵਿੰਦ ਗਣਪੱਤ ਸਾਵੰਤ
ਪਟਿਆਲਾ, 19 ਦਸੰਬਰ: ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਮੈਂਬਰ ਪਾਰਲੀਮੈਂਟ ਅਰਵਿੰਦ ਗਣਪੱਤ ਸਾਵੰਤ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਜਾਂ ਫਿਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਸਾਹਿਬ ਦੇ ਨਾਮ ’ਤੇ ਰੱਖਿਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਰਵਿੰਦ ਗਣਪੱਤ ਸਾਵੰਤ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1675 ਵਿਚ ਧਰਮ ਦੀ ਰੱਖਿਆ ਖ਼ਾਤਰ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਜਿਸ ਕਾਰਨ ਉਹਨਾਂ ਨੂੰ ’ਹਿੰਦ ਦੀ ਚਾਦਰ’ ਵਜੋਂ ਜਾਣਿਆ ਗਿਆ।
ਉਹਨਾਂ ਕਿਹਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਉਸ ਥਾਂ ’ਤੇ ਸਥਿਤ ਹੈ ਜਿਥੇ ਗੁਰੂ ਸਾਹਿਬ ਜੀ ਨੇ ਆਪਣਾ ਸੀਸ ਦਿੱਤਾ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਉਸ ਥਾਂ ’ਤੇ ਸਥਿਤ ਹੈ ਜਿਸ ਥਾਂ ’ਤੇ ਗੁਰੂ ਸਾਹਿਬ ਜੀ ਦੇ ਸਰੀਰ ਦਾ ਅੰਤਿਮ ਸਸਕਾਰ ਹੋਇਆ। ਉਹਨਾਂ ਕਿਹਾ ਕਿ ਕੌਮੀ ਰਾਜਧਾਨੀ ਵਿਚ ਅਹਿਮ ਸਥਾਨ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਨਾਮ ’ਤੇ ਇਕ ਵੀ ਰੇਲਵੇ ਪ੍ਰਾਜੈਕਟ ਦਾ ਨਾਮ ਨਹੀਂ ਹੈ।
ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਬਦਲ ਕੇ ਸੀਸਗੰਜ ਸਾਹਿਬ ਰੇਲਵੇ ਸਟੇਸ਼ਨ ਰੱਖਿਆ ਜਾਵੇ ਜਾਂ ਫਿਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ ਰੱਖਿਆ ਜਾਵੇ, ਇਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ।