ਚੜ੍ਹਦੀਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੋੜਵੰਦ ਬੱਚਿਆਂ ਲਈ ਖਿਡੌਣੇ ਦਾਨ ਮੁਹਿੰਮ
ਹਰਦਮ ਮਾਨ
ਸਰੀ, 18 ਦਸੰਬਰ 2025-ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਏ ਚੜ੍ਹਦੀਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੋੜਵੰਦ ਅਤੇ ਬਿਮਾਰ ਬੱਚਿਆਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਦੇ ਉਦੇਸ਼ ਨਾਲ ਖਿਡੌਣੇ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ ਖ਼ਾਸ ਤੌਰ ‘ਤੇ ਬੀਸੀ ਚਿਲਡਰਨ ਹੌਸਪੀਟਲ ਵਿੱਚ ਇਲਾਜ ਅਧੀਨ ਬੱਚਿਆਂ ਲਈ ਸਮਰਪਿਤ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਵਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਾਨ ਮੁਹਿੰਮ 13 ਦਸੰਬਰ ਤੋਂ 30 ਦਸੰਬਰ ਤੱਕ ਚਲਾਈ ਜਾਵੇਗੀ। ਇਸ ਦੌਰਾਨ ਸਮਾਜਕ ਸੇਵਾ ਨਾਲ ਜੁੜੇ ਵਿਅਕਤੀ ਸਰੀ ਸਥਿਤ 8140–128 ਸਟ੍ਰੀਟ, ਯੂਨਿਟ ਨੰਬਰ 343 ‘ਤੇ ਨਵੇਂ ਅਤੇ ਪੂਰੀ ਤਰ੍ਹਾਂ ਪੈਕ ਕੀਤੇ ਹੋਏ ਖਿਡੌਣੇ ਦਾਨ ਕਰ ਸਕਦੇ ਹਨ।
ਉਹਨਾਂ ਅਪੀਲ ਕੀਤੀ ਕਿ ਦਾਨ ਕੀਤੇ ਜਾਣ ਵਾਲੇ ਸਾਰੇ ਖਿਡੌਣੇ ਨਵੇਂ ਹੋਣ ਤਾਂ ਜੋ ਬੀਮਾਰ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ। ਜਸਵਿੰਦਰ ਸਿੰਘ ਦਿਲਾਵਰੀ ਨੇ ਦੱਸਿਆ ਕਿ ਇਕੱਠੇ ਕੀਤੇ ਗਏ ਖਿਡੌਣੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਬੀਸੀ ਚਿਲਡਰਨ ਹੈਸਪੀਟਲ ਵਿੱਚ ਬੱਚਿਆਂ ਨੂੰ ਭੇਟ ਕੀਤੇ ਜਾਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਚੜ੍ਹਦੀਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਵੀ ਤਕਰੀਬਨ 5000 ਡਾਲਰ ਦੀ ਕੀਮਤ ਦੇ ਖਿਡੌਣੇ ਲੋੜਵੰਦ ਅਤੇ ਬੀਮਾਰ ਬੱਚਿਆਂ ਤੱਕ ਪਹੁੰਚਾਏ ਜਾ ਚੁੱਕੇ ਹਨ। ਐਸੋਸੀਏਸ਼ਨ ਦੀ ਇਹ ਪਹਿਲ ਸਮਾਜਕ ਸੇਵਾ, ਦਇਆ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ।