ਚੋਣ ਆਬਜ਼ਰਵਰ ਵੱਲੋਂ ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰਾਂ ਵਿਚਲੇ ਪ੍ਰਬੰਧਾਂ ਦਾ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 12 ਦਸੰਬਰ 2025 : ਜ਼ਿਲ੍ਹੇ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਪਾਰਦਰਸ਼ੀ ਢੰਗ ਅਤੇ ਸਫਲਤਾਪੂਰਵਕ ਤਰੀਕੇ ਨਾਲ ਕਰਵਾਉਣ ਦੇ ਮੱਦੇਨਜ਼ਰ ਚੋਣ ਨਿਰੀਖਕ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਅੱਜ ਜ਼ਿਲ੍ਹੇ ਦੇ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਸਕੂਲ ਆਫ ਐਮੀਨੈਂਸ ਭੁੱਚੋ ਕਲਾਂ ਆਦਿ ਵੱਖ-ਵੱਖ ਸਟਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਦਾ ਜਿਥੇ ਦੌਰਾ ਕੀਤਾ ਉਥੇ ਹੀ ਉਨ੍ਹਾਂ ਇੱਥੇ ਬਣਾਈਆਂ ਗਈਆਂ ਸੁਰੱਖਿਆ ਵਿਵਸਥਾਵਾਂ ਤੇ ਤਕਨੀਕੀ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਿਟਰਨਿੰਗ ਅਫਸਰ ਜ਼ਿਲ੍ਹਾ ਪ੍ਰੀਸ਼ਦ-ਕਮ-ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਦੌਰੇ ਦੌਰਾਨ ਚੋਣ ਨਿਰੀਖਕ ਸ੍ਰੀ ਰਾਕੇਸ਼ ਕੁਮਾਨ ਪੋਪਲੀ ਨੇ ਸਟਰਾਂਗ ਰੂਮਾਂ ਦੀ ਸੁਰੱਖਿਆ, ਡਬਲ ਲਾਕਿੰਗ ਸਿਸਟਮ, 24x7 ਸੀਸੀਟੀਵੀ ਮੋਨੀਟਰਿੰਗ, ਡਿਊਟੀ ਰੋਸਟਰ ਅਤੇ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਾਊਂਟਿੰਗ ਸੈਂਟਰਾਂ ਵਿੱਚ ਬਣਾਏ ਗਏ ਕਾਊਂਟਿੰਗ ਹਾਲਾਂ, ਬੈਰਿਕੇਡਿੰਗ, ਮੋਨੀਟਰਨਿੰਗ ਕੰਟਰੋਲ ਰੂਮ ਤੇ ਅਧਿਕਾਰੀਆਂ ਲਈ ਕੀਤੀਆਂ ਪ੍ਰਬੰਧਕੀ ਤਿਆਰੀਆਂ ਦਾ ਵੀ ਨਿਰੀਖਣ ਕੀਤਾ।
ਇਸ ਦੌਰਾਨ ਸ੍ਰੀ ਰਾਕੇਸ਼ ਕੁਮਾਨ ਪੋਪਲੀ ਨੇ ਮੌਜੂਦ ਚੋਣ ਅਧਿਕਾਰੀਆਂ ਅਤੇ ਅਮਲੇ ਨੂੰ ਰਾਜ ਚੋਣ ਕਮਿਸ਼ਨ ਦੇ ਨਿਯਮਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਪ੍ਰਬੰਧਾਂ, ਸੁਰੱਖਿਆ ਬੰਦੋਬਸਤਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਹਰੇਕ ਕਾਰਜ ਦੀ ਡਬਲ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਵੋਟਿੰਗ ਅਤੇ ਕਾਊਂਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।
ਇਸ ਮੌਕੇ ਚੋਣ ਨਿਰੀਖਕ ਨੇ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਮਲੇ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਉਥੇ ਹੀ ਚੋਣਾਂ ਨੂੰ ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਵੀ ਦਿੱਤੀਆਂ।