ਸ਼੍ਰੋਮਣੀ ਕਮੇਟੀ ਦੇ ਹੜ੍ਹ ਪੀੜਤ ਫੰਡ ਵਿਚ ਅਮਰੀਕਾ ਨਿਵਾਸੀ ਨੇ ਪਾਇਆ ਯੋਗਦਾਨ
4400 ਅਮਰੀਕੀ ਡਾਲਰ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੂੰ ਸੌਂਪੀ
ਸ੍ਰੀ ਅੰਮ੍ਰਿਤਸਰ, 22 ਨਵੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੜ੍ਹ ਪੀੜਤ ਫੰਡ ਲਈ ਅਮਰੀਕਾ ਨਿਵਾਸੀ ਸ.ਹਰਕਿਸ਼ਨ ਸਿੰਘ ਭੱਟੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ 4400 ਅਮਰੀਕੀ ਡਾਲਰ ਅਤੇ ਇੱਕ ਲੱਖ ਰੁਪਏ ਸਹਿਯੋਗੀ ਰਾਸ਼ੀ ਦੇ ਰੂਪ ਵਿੱਚ ਹਿੱਸਾ ਪਾਇਆ ਗਿਆ ਹੈ। ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਸ.ਹਰਕਿਸ਼ਨ ਸਿੰਘ ਨੇ ਇਹ ਰਾਸ਼ੀ ਮੁੱਖ ਸਕੱਤਰ ਸ.ਕੁਲਵੰਤ ਸਿੰਘ ਮੰਨਣ ਨੂੰ ਸੌਂਪੀ।
ਇਸ ਮੌਕੇ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿੰਦੇ ਸ.ਹਰਕਿਸ਼ਨ ਸਿੰਘ ਦੇ ਪਰਿਵਾਰ ਵੱਲੋਂ ਸੰਯੁਕਤ ਰੂਪ ਵਿੱਚ ਇਹ ਸੇਵਾ ਦਿੱਤੀ ਗਈ ਹੈ। ਇਸ ਵਿੱਚ ਉਨ੍ਹਾਂ ਦੀਆਂ ਬੇਟੀਆਂ ਹਰਜੀਤ ਕੌਰ ਭੱਟੀ ਵੱਲੋਂ 1500 ਡਾਲਰ, ਜਸਬੀਰ ਕੌਰ ਭੱਟੀ ਵੱਲੋਂ 200 ਡਾਲਰ, ਕੁਲਜੀਤ ਕੌਰ ਭੱਟੀ ਵੱਲੋਂ 200 ਡਾਲਰ ਅਤੇ ਬੇਟੇ ਗੁਰਜੇਪਾਲ ਸਿੰਘ ਵੱਲੋਂ 1300 ਡਾਲਰ ਭੇਜੇ ਗਏ ਹਨ। ਇਸ ਤੋਂ ਇਲਾਵਾ ਸ.ਹਰਕਿਸ਼ਨ ਸਿੰਘ ਨੇ ਆਪਣੇ ਵੱਲੋਂ 1200 ਅਮਰੀਕੀ ਡਾਲਰ ਤੇ ਇਕ ਲੱਖ ਰੁਪਏ ਦਿੱਤੇ ਹਨ।
ਸ.ਮੰਨਣ ਨੇ ਭੱਟੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਾਨਵਤਾ ਨਾਲ ਔਖੇ ਸਮੇਂ ਖੜਨਾ ਮਨੁੱਖੀ ਕਦਰਾਂ ਕੀਮਤਾਂ ਦੀ ਵੱਡੀ ਮਿਸਾਲ ਹੈ।
ਇਸ ਮੌਕੇ ਸ. ਹਰਕਿਸ਼ਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਕੁਦਰਤੀ ਆਫ਼ਤ ਮੌਕੇ ਵੱਡੇ ਪੱਧਰ ‘ਤੇ ਪੀੜਤਾਂ ਦੀ ਸਹਾਇਤਾ ਕਰਦੀ ਹੈ, ਜਿਸਦਾ ਹਰ ਸਿੱਖ ਨੂੰ ਹਿੱਸਾ ਬਣਨਾ ਚਾਹੀਦਾ ਹੈ।
ਇਸ ਦੌਰਾਨ ਸ. ਹਰਕਿਸ਼ਨ ਸਿੰਘ ਭੱਟੀ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ.ਸਤਬੀਰ ਸਿੰਘ ਓਐਸਡੀ, ਸ.ਹਰਭਜਨ ਸਿੰਘ ਵਕਤਾ ਮੀਤ ਸਕੱਤਰ, ਸ.ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨਰ ਜੰਮੂ ਕਸ਼ਮੀਰ ਮੌਜੂਦ ਸਨ।