Moosewala ਮਾਮਲੇ 'ਤੇ Mankirt Aulakh ਨੇ ਤੋੜੀ ਚੁੱਪੀ! Lawrence Bishnoi ਨਾਲ 'ਲਿੰਕ' 'ਤੇ ਦਿੱਤਾ ਇਹ ਜਵਾਬ, ਪੜ੍ਹੋ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਜਲੰਧਰ, 22 ਨਵੰਬਰ, 2025 : ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੇ ਲੰਬੇ ਸਮੇਂ ਬਾਅਦ ਚੁੱਪੀ ਤੋੜਦਿਆਂ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਆਪਣੇ ਕਥਿਤ ਸਬੰਧਾਂ 'ਤੇ ਵੱਡਾ ਬਿਆਨ ਦਿੱਤਾ ਹੈ। ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮਨਕੀਰਤ ਨੇ ਸਾਫ਼ ਕਿਹਾ ਕਿ ਉਨ੍ਹਾਂ 'ਤੇ ਲੱਗਣ ਵਾਲੇ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਪੁਲਿਸ ਜਾਂਚ ਵਿੱਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।
ਉਨ੍ਹਾਂ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਵਾਇਰਲ ਹੋਈ ਆਪਣੀ ਪੁਰਾਣੀ ਤਸਵੀਰ ਦੀ ਸੱਚਾਈ ਵੀ ਦੱਸੀ ਅਤੇ ਨਾਲ ਹੀ ਉਹਨਾਂ ਨੇ ਇੱਕ ਖੁਲਾਸਾ ਕੀਤਾ ਕਿ ਮਿਊਜ਼ਿਕ ਇੰਡਸਟਰੀ (Music Industry) 'ਤੇ ਗੈਂਗਸਟਰਾਂ ਦਾ ਕਬਜ਼ਾ ਹੋ ਚੁੱਕਾ ਹੈ ਜੋ ਡਰਾ-ਧਮਕਾ ਕੇ ਗਾਇਕਾਂ ਤੋਂ ਗਾਣੇ ਲੈਂਦੇ ਹਨ।
"ਯੂਨੀਵਰਸਿਟੀ ਤੋਂ ਬਾਅਦ ਲਾਰੈਂਸ ਨਾਲ ਕਦੇ ਨਹੀਂ ਮਿਲਿਆ"
ਲਾਰੈਂਸ ਬਿਸ਼ਨੋਈ ਨਾਲ ਆਪਣੀ ਦੋਸਤੀ 'ਤੇ ਸਫ਼ਾਈ ਦਿੰਦਿਆਂ ਮਨਕੀਰਤ ਨੇ ਦੱਸਿਆ ਕਿ ਉਹ ਦੋਵੇਂ DAV ਕਾਲਜ ਅਤੇ ਯੂਨੀਵਰਸਿਟੀ ਦੇ ਸਮੇਂ ਇੱਕ ਹੀ ਬੈਚ ਵਿੱਚ ਸਨ। ਉਸ ਸਮੇਂ ਲਾਰੈਂਸ ਸੋਪੂ (SOPU) ਨਾਲ ਜੁੜਿਆ ਸੀ ਅਤੇ ਮਨਕੀਰਤ ਇਨਸੋ (INSO) ਨਾਲ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਬਾਅਦ ਉਨ੍ਹਾਂ ਦਾ ਲਾਰੈਂਸ ਨਾਲ ਕਦੇ ਕੋਈ ਸੰਪਰਕ ਨਹੀਂ ਰਿਹਾ।
ਜਿਸ ਵਾਇਰਲ ਫੋਟੋ ਦੀ ਗੱਲ ਹੁੰਦੀ ਹੈ, ਉਹ 2014 ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇੱਕ ਸ਼ੋਅ ਦੀ ਹੈ, ਜਿਸ ਵਿੱਚ ਉਹ ਦਿਲਪ੍ਰੀਤ ਢਿੱਲੋਂ (Dilpreet Dhillon) ਸਣੇ 8 ਹੋਰ ਕਲਾਕਾਰਾਂ ਨਾਲ ਪਰਫਾਰਮ ਕਰਨ ਗਏ ਸਨ। ਮੀਡੀਆ ਨੇ ਬਿਨਾਂ ਵਜ੍ਹਾ ਉਸਨੂੰ ਮੁੱਦਾ ਬਣਾ ਦਿੱਤਾ।
"ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ"
ਮਨਕੀਰਤ ਨੇ ਦੱਸਿਆ ਕਿ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ (Vicky Middukhera) ਉਨ੍ਹਾਂ ਦੇ ਵੱਡੇ ਭਰਾ ਵਰਗੇ ਸਨ। 7 ਅਗਸਤ 2021 ਨੂੰ ਵਿੱਕੀ ਦੇ ਕਤਲ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਗੈਂਗਵਾਰ ਵਧ ਗਈ। ਉਸ ਸਮੇਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੰਤਿਮ ਸਸਕਾਰ ਵਿੱਚ ਜਾਣ ਤੋਂ ਮਨ੍ਹਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਸੀ।
ਇਸ ਤੋਂ ਬਾਅਦ Mankirat Aulakh ਨੇ ਕਿਹਾ ਕਿ ਉਹ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਹਨਾਂ ਨੇ ਯੂਨੀਵਰਸਿਟੀ ਵਿੱਚ ਕੈਂਡਲ ਮਾਰਚ ਵਿੱਚ ਸ਼ਾਮਲ ਹੋ ਕੇ ਕਾਤਲਾਂ ਲਈ ਸਜ਼ਾ ਦੀ ਮੰਗ ਕੀਤੀ। ਬੱਸ ਉਦੋਂ ਤੋਂ ਹੀ ਗੈਂਗਸਟਰ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
"ਸਿੱਧੂ ਭਰਾ ਵਰਗਾ ਸੀ, ਉਸ ਦਿਨ ਮੈਂ ਚੰਡੀਗੜ੍ਹ 'ਚ ਸੀ"
ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਮਨਕੀਰਤ ਭਾਵੁਕ ਹੋ ਗਏ। ਉਨ੍ਹਾਂ ਕਿਹਾ, "ਸਿੱਧੂ ਭਰਾ ਵਰਗਾ ਸੀ, ਅਸੀਂ ਦੋਵਾਂ 'ਤੇ ਇੱਕੋ ਸਮੇਂ FIR ਵੀ ਹੋਈ ਸੀ ਜੋ ਅੱਜ ਵੀ ਚੱਲ ਰਹੀ ਹੈ।" ਉਨ੍ਹਾਂ ਦੱਸਿਆ ਕਿ 29 ਮਈ 2022 ਨੂੰ ਜਦੋਂ ਸਿੱਧੂ ਦਾ ਕਤਲ ਹੋਇਆ, ਉਦੋਂ ਉਹ ਚੰਡੀਗੜ੍ਹ ਵਿੱਚ ਆਪਣੇ ਘਰ ਸਨ। ਇਸ ਤੋਂ ਬਾਅਦ 2 ਜੂਨ ਨੂੰ ਉਹ ਆਪਣੇ ਬੇਟੇ ਦੇ ਜਨਮ ਲਈ ਕੈਨੇਡਾ (Canada) ਚਲੇ ਗਏ ਸਨ, ਪਰ ਮੀਡੀਆ ਨੇ ਖ਼ਬਰਾਂ ਚਲਾ ਦਿੱਤੀਆਂ ਕਿ ਉਹ ਡਰ ਕੇ ਵਿਦੇਸ਼ ਭੱਜ ਗਏ ਹਨ। ਇਸ ਗੱਲ ਨੇ ਉਨ੍ਹਾਂ ਨੂੰ 2-3 ਸਾਲ ਤੱਕ ਬਹੁਤ ਮਾਨਸਿਕ ਤਣਾਅ ਦਿੱਤਾ।
"ਕੈਨੇਡਾ ਹੁਣ ਸੁਰੱਖਿਅਤ ਨਹੀਂ ਰਿਹਾ"
ਕੈਨੇਡਾ ਤੋਂ ਵਾਪਸ ਭਾਰਤ ਪਰਤਣ ਦੀ ਵਜ੍ਹਾ ਦੱਸਦਿਆਂ ਗਾਇਕ ਨੇ ਕਿਹਾ ਕਿ ਹੁਣ ਕੈਨੇਡਾ (Canada) 2015-16 ਵਰਗਾ ਸੁਰੱਖਿਅਤ ਨਹੀਂ ਰਿਹਾ ਹੈ, ਉੱਥੇ ਵੀ ਫਾਇਰਿੰਗ ਹੋ ਰਹੀ ਹੈ ਅਤੇ ਬੁਲੇਟਪਰੂਫ ਗੱਡੀ ਰੱਖਣ ਦੀ ਵੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਅੱਜ ਅਸੀਂ ਪੰਜਾਬ ਵਿੱਚ ਸੁਰੱਖਿਅਤ ਹਾਂ ਤਾਂ ਇਸਦਾ ਸਿਹਰਾ ਪੁਲਿਸ ਨੂੰ ਜਾਂਦਾ ਹੈ। ਮਨਕੀਰਤ ਦਾ ਮੰਨਣਾ ਹੈ ਕਿ ਜੇਕਰ ਸਿੱਧੂ ਅਤੇ ਵਿੱਕੀ ਕੋਲ ਵੀ ਪੁਖਤਾ ਸੁਰੱਖਿਆ ਹੁੰਦੀ, ਤਾਂ ਉਹ ਅੱਜ ਜ਼ਿੰਦਾ ਹੁੰਦੇ।
"ਇੰਡਸਟਰੀ 'ਤੇ ਗੈਂਗਸਟਰਾਂ ਦਾ ਕਬਜ਼ਾ"
ਮਨਕੀਰਤ ਨੇ ਮਿਊਜ਼ਿਕ ਇੰਡਸਟਰੀ ਦਾ ਇੱਕ ਕੌੜਾ ਸੱਚ ਵੀ ਉਜਾਗਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇੰਡਸਟਰੀ 'ਤੇ ਗੈਂਗਸਟਰਾਂ ਨੇ ਕਬਜ਼ਾ ਕਰ ਰੱਖਿਆ ਹੈ ਅਤੇ ਉਹ ਡਰਾ ਕੇ ਗਾਇਕਾਂ ਤੋਂ ਗਾਣੇ ਲੈ ਰਹੇ ਹਨ। ਕਈ ਵੱਡੇ ਗਾਇਕਾਂ ਨੇ ਡਰ ਦੇ ਮਾਰੇ ਉਨ੍ਹਾਂ ਨੂੰ ਗਾਣੇ ਦਿੱਤੇ ਵੀ ਹਨ। ਬੰਬੀਹਾ ਗੈਂਗ (Bambiha Gang) ਵੱਲੋਂ ਉਨ੍ਹਾਂ 'ਤੇ ਲਗਾਏ ਗਏ ਮੁਖ਼ਬਰੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਅੱਜ ਜ਼ਿੰਦਾ ਨਾ ਬਚਦੇ।
ਲਾਰੈਂਸ ਬਿਸ਼ਨੋਈ ਬਾਰੇ ਵਿਸਥਾਰ ਨਾਲ
ਲਾਰੈਂਸ ਬਿਸ਼ਨੋਈ ਪੰਜਾਬ ਦਾ ਖ਼ਤਰਨਾਕ ਗੈਂਗਸਟਰ ਹੈ। ਲਾਰੈਂਸ ਦਾ ਜਨਮ ਪੰਜਾਬ ਦੇ ਫਾਜ਼ਿਲਕਾ ਵਿੱਚ ਹੋਇਆ। ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਚੋਣ ਹਾਰਨ ਤੋਂ ਬਾਅਦ ਉਹ ਜੁਰਮ ਦੀ ਦੁਨੀਆ ਵਿੱਚ ਉਤਰ ਗਿਆ। ਇਸ ਤੋਂ ਬਾਅਦ ਉਸਨੇ ਗੈਂਗਸਟਰਾਂ ਨਾਲ ਮਿਲ ਕੇ ਅਪਰਾਧਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਸਿੱਧੂ ਮੂਸੇਵਾਲਾ ਦੇ ਕਤਲ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਇਆ।
ਉਸਦਾ ਬਠਿੰਡਾ ਜੇਲ੍ਹ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਲਾਰੈਂਸ ਬਿਸ਼ਨੋਈ ਦੇ ਨੈੱਟਵਰਕ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਵੀ ਗੈਂਗ ਚਲਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਉਸਦੇ ਕਰੀਬ 500 ਸ਼ੂਟਰ ਹਨ, ਜੋ ਭਾਰਤ ਤੋਂ ਇਲਾਵਾ ਕੈਨੇਡਾ ਅਤੇ ਕਈ ਦੂਜੇ ਦੇਸ਼ਾਂ ਵਿੱਚ ਅਪਰਾਧ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦਾ ਮਾਨਸਾ 'ਚ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਉਨ੍ਹਾਂ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਵਿੱਚ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਹੋਇਆ ਸੀ। ਉਹ ਇੱਕ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸਨ। 2016 ਵਿੱਚ ਉਨ੍ਹਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਉਹ ਪਾਪੂਲਰ ਸਿੰਗਰ ਬਣੇ। ਇਸ ਦੌਰਾਨ ਉਨ੍ਹਾਂ 'ਤੇ ਗਾਣਿਆਂ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਵੀ ਦੋਸ਼ ਲੱਗੇ।
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਜਵਾਹਰਕੇ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ। ਪੁਲਿਸ ਇਸ ਮਾਮਲੇ ਵਿੱਚ ਲਾਰੈਂਸ-ਗੋਲਡੀ ਸਣੇ 30 ਤੋਂ ਵੱਧ ਗੈਂਗਸਟਰਾਂ ਨੂੰ ਨਾਮਜ਼ਦ ਕਰ ਚੁੱਕੀ ਹੈ।