ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ : ਨਗਰ ਕੀਰਤਨ ਸ਼ਨੀਵਾਰ ਨੂੰ ਪਹੁੰਚੇਗਾ ਸ਼ਹੀਦ ਭਗਤ ਸਿੰਘ ਨਗਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 21 ਨਵੰਬਰ,2025
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ 22 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਦੀ ਆਮਦ ਹੋਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤਾਂ ਵਲੋਂ ਫਗਵਾੜਾ ਤੋਂ ਜ਼ਿਲ੍ਹੇ ਵਿੱਚ ਪ੍ਰਵੇਸ਼ ਸਮੇਂ ਮਾਰਵਲ ਪੈਲਸ ਨੇੜੇ ਪਿੰਡ ਮੇਹਲੀ ਵਿਖੇ ਪੂਰੇ ਜਾਹੋ–ਜਲਾਲ ਨਾਲ ਸਵਾਗਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਸਬੰਧਤ ਅਧਿਕਾਰੀਆਂ ਸਮੇਤ ਨਗਰ ਕੀਰਤਨ ਦੇ ਸਵਾਗਤ ਵਾਲੀਆਂ ਵੱਖ–ਵੱਖ ਥਾਵਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਹਰ ਪੱਖੋਂ ਲੋੜੀਂਦੇ ਪ੍ਰਬੰਧ ਸਮੇਂ ਸਿਰ ਅਮਲ ਵਿੱਚ ਲਿਆਂਦੇ ਜਾਣ। ਡਿਪਟੀ ਕਮਿਸ਼ਨਰ ਦੱਸਿਆ ਕਿ ਫਗਵਾੜਾ ਵਾਲੇ ਪਾਸਿਓਂ ਨਗਰ ਕੀਰਤਨ ਦੇ ਜ਼ਿਲ੍ਹੇ ਵਿੱਚ ਪ੍ਰਵੇਸ਼ ਮੌਕੇ ਗਾਰਡ ਆਫ ਆਨਰ ਉਪਰੰਤ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵਿਖੇ ਸੰਗਤਾਂ ਵਲੋਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿੱਚ ਸ਼ਾਮਲ ਭਾਰੀ ਗਿਣਤੀ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਦਾ ਵੀ ਪ੍ਰਬੰਧ ਰਹੇਗਾ। ਉਨ੍ਹਾਂ ਦੱਸਿਆ ਕਿ ਬੰਗਾ ਤੋਂ ਚੱਲ ਕੇ ਮਹਾਲੋਂ ਰੋਡ ਰਾਹੀਂ ਹੁੰਦਾ ਹੋਇਆ ਨਗਰ ਕੀਰਤਨ ਨਵਾਂਸ਼ਹਿਰ ਵਿਖੇ ਪਹੁੰਚੇਗਾ ਜਿਥੇ ਖੰਡ ਮਿੱਲ ਨੇੜੇ ਸੰਗਤਾਂ ਵਲੋਂ ਪਾਲਕੀ ਸਾਹਿਬ ਦੇ ਦਰਸ਼ਨ ਕਰਦਿਆਂ ਸੰਗਤ ਦਾ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਡੀ–ਮਾਰਟ ਨੇੜੇ ਵੀ ਨਗਰ ਕੀਰਤਨ ਦਾ ਪੂਰੇ ਜਾਹੋ–ਜਲਾਲ ਨਾਲ ਸਵਾਗਤ ਕੀਤਾ ਜਾਵੇਗਾ।
ਅਧਿਕਾਰੀਆਂ ਸਮੇਤ ਨਵਾਂਸ਼ਹਿਰ, ਬਲਾਚੌਰ ਅਤੇ ਰੋਪੜ ਜ਼ਿਲ੍ਹੇ ਦੀ ਹੱਦ ਤੱਕ ਨਗਰ ਕੀਰਤਨ ਦੇ ਰੂਟ ਦੀ ਵਿਵਸਥਾ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਬਾਅਦ ਗੜੀ ਚੌਕ ਤੋਂ ਹੁੰਦਾ ਹੋਇਆ ਬਲਾਚੌਰ ਬਸ ਅੱਡੇ ਨਜ਼ਦੀਕ ਸੰਗਤਾਂ ਨਗਰ ਕੀਰਤਨ ਸਵਾਗਤ ਲਈ ਇਕਤਰ ਹੋਣਗੀਆਂ ਜਿਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ, ਰੋਪੜ ਹੈਡ ਵਰਕਸ ਪਹੁੰਚੇਗਾ ਜਿਥੋ ਅੱਗੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਐਸ.ਡੀ.ਐਮ ਵਿਪਨ ਭੰਡਾਰੀ ਅਤੇ ਹੋਰ ਅਧਿਕਾਰੀ ਮੌਜੂਦ ਸਨ।