ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ
ਹਰਦਮ ਮਾਨ
ਕੈਲਗਰੀ, 11 ਨਵੰਬਰ 2025-ਅਰਪਨ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਚ ਜਸਵੰਤ ਸਿੰਘ ਸੇਖੋਂ, ਕੁਲਦੀਪ ਕੌਰ ਘਟੌੜਾ ਅਤੇ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬਲਜਿੰਦਰ ਕੌਰ ਮਾਂਗਟ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਸਮਾਗਮ ਦੇ ਆਗਾਜ਼ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਚੌਰਾਸੀ ਦੇ ਕਤਲੇਆਮ, ਦਿੱਲੀ ਹਿੰਸਾ ਅਤੇ ਵਿਸ਼ਵ ਯੁੱਧਾਂ ਵਿਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸਭਾ ਦੇ ਸੁਹਿਰਦ ਦੋਸਤ ਜੈਤੇਗ ਸਿੰਘ ਅਨੰਤ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਦੇ ਵਿਛੋੜੇ ‘ਤੇ ਦੁੱਖ ਪ੍ਰਗਟ ਕੀਤਾ ਗਿਆ।
ਰਚਨਾਤਮਕ ਦੌਰ ਵਿਚ ਸਰਦੂਲ ਸਿੰਘ ਲੱਖਾ ਨੇ ਆਪਣੀ ਕਵਿਤਾ ਰਾਹੀਂ ਮਨੁੱਖਤਾ ਅਤੇ ਜੀਵਨ ਪ੍ਰੇਮ ਦਾ ਸੁਨੇਹਾ ਦਿੱਤਾ। ਪੰਜਾਬ ਬਿਜਲੀ ਬੋਰਡ ਤੋਂ ਰਿਟਾਇਰਡ ਅਫ਼ਸਰ ਬਲਕਾਰ ਸਿੰਘ ਨੇ ਆਪਣੇ ਤਜ਼ਰਬੇ ਰਾਹੀਂ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਜਸਵਿੰਦਰ ਸਿੰਘ (ਦਿੱਲੀ) ਨੇ 1984 ਦੇ ਕਤਲੇਆਮ ਦੀਆਂ ਹੱਡ-ਬੀਤੀਆਂ ਸੁਣਾਈਆਂ ਜਿਨ੍ਹਾਂ ਨਾਲ ਮਾਹੌਲ ਗ਼ਮਗੀਨ ਹੋ ਗਿਆ। ਬਲਦੇਵ ਸਿੰਘ ਦੁੱਲਟ ਨੇ ਪਹਿਲੇ ਵਿਸ਼ਵ ਯੁੱਧ ਦੇ ਹੀਰੋ ਬੁੱਕਮ ਸਿੰਘ ਬਾਰੇ ਜਾਣਕਾਰੀ ਦਿੱਤੀ, ਜਦਕਿ ਕੁਲਦੀਪ ਕੌਰ ਘਟੌੜਾ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।
ਛੋਟੇ ਬੱਚੇ ਜੋਧਵੀਰ ਸਿੰਘ ਨੇ ਸ਼ਬਦ ‘ਤੁਮ ਦਇਆ ਕਰੋ ਮੇਰੇ ਸਾਈਂ’ ਇਸ ਕਦਰ ਮਿੱਠੀ ਆਵਾਜ਼ ਵਿਚ ਗਾਇਆ ਕਿ ਸਰੋਤੇ ਮੋਹਿਤ ਹੋ ਗਏ। ਡਾ. ਮਨਮੋਹਨ ਸਿੰਘ ਬਾਠ ਨੇ ‘ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ’ ਗਾ ਕੇ ਸਮਾਗਮ ਨੂੰ ਰੰਗਤ ਬਖਸ਼ੀ। ਜੈ ਸਿੰਘ ਉੱਪਲ, ਜਸਵੀਰ ਸਿੰਘ ਸਿਹੋਤਾ, ਅਤੇ ਡਾ. ਹਰਮਿੰਦਰਪਾਲ ਨੇ ਗੁਰਪੁਰਬ ਮੌਕੇ ਕਵਿਤਾਵਾਂ ਤੇ ਸ਼ਬਦਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੁਨੇਹਾ ਫੈਲਾਇਆ।
ਸਤਨਾਮ ਸਿੰਘ ਢਾਅ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਰਚਨਾ ‘ਸਿੱਖਾਂ ਦੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੀਆਂ ਲੜੀਆਂ’ ਜੋਸ਼ ਭਰਪੂਰ ਅੰਦਾਜ਼ ਵਿਚ ਪੇਸ਼ ਕਰਕੇ ਹਾਲ ਤਾਲੀਆਂ ਨਾਲ ਗੂੰਜਾ ਦਿੱਤਾ। ਸਰੂਪ ਸਿੰਘ ਮੰਡੇਰ ਨੇ ‘ਗੁਰੂ ਨਾਨਕ ਦੀ ਫ਼ਿਲਾਸਫ਼ੀ’ ਕਵਿਤਾ ਨਾਲ ਸੰਗਤ ਨੂੰ ਮੰਤਰਮੁਗਧ ਕੀਤਾ, ਜਦਕਿ ਡਾ. ਜੋਗਾ ਸਿੰਘ ਸਹੋਤਾ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਹਰਮੋਨੀਅਮ ਨਾਲ ਗਾ ਕੇ ਦਰਦਨਾਕ ਦ੍ਰਿਸ਼ ਜੀਵੰਤ ਕਰ ਦਿੱਤਾ। ਭਾਰਤ ਤੋਂ ਆਏ ਅੰਗਰੇਜ਼ ਸਿੰਘ ਨੇ ਆਪਣੀ ਕਵਿਤਾ ‘ਐਵੇਂ ਨਾ ਪਰਖ ਸਿਦਕ ਸਾਡਾ’ ਨਾਲ ਵਾਹ ਵਾਹ ਖੱਟੀ। ਜੀਰ ਸਿੰਘ ਬਰਾੜ ਨੇ ਗੁਰੂ ਨਾਨਕ ਦੇਵ ਜੀ ਦੀ ਦਾਨ ਦੀ ਫ਼ਿਲਾਸਫ਼ੀ ਤੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਦਰਸ਼ ਘਟੌੜਾ, ਮਾਹੀ ਘਟੌੜਾ, ਅਮਰੀਕ ਸਿੰਘ, ਦਲਜੀਤ ਕੌਰ, ਸੁਖਦੇਵ ਕੌਰ ਢਾਅ ਅਤੇ ਮਹਿੰਦਰ ਕੌਰ ਕਾਲੀਰਾਏ ਨੇ ਵੀ ਸਰਗਰਮ ਹਾਜ਼ਰੀ ਭਰੀ।
ਅੰਤ ਵਿੱਚ ਜਸਵੰਤ ਸਿੰਘ ਸੇਖੋਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਸਰੀਰ ਤੇ ਸੀਸ ਦੇ ਸੰਸਕਾਰ ਦਾ ਵਿਸ਼ਾ ਕਵੀਸ਼ਰੀ ਰੰਗ ਵਿਚ ਪੇਸ਼ ਕਰਕੇ ਸਭਾ ਨੂੰ ਭਾਵੁਕ ਕਰ ਦਿੱਤਾ। ਬਲਜਿੰਦਰ ਕੌਰ ਮਾਂਗਟ ਨੇ ਸੁਚੱਜੇ ਅੰਦਾਜ਼ ਵਿਚ ਸਮੁੱਚੇ ਪ੍ਰੋਗਰਾਮ ਦੀ ਰੌਣਕ ਬਣਾਈ ਰੱਖੀ।