ਕਸ਼ਮੀਰ ਕੌਰ ਜੌਹਲ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 50,000 ਡਾਲਰ ਦੀ ਸਹਾਇਤਾ ਦਿੱਤੀ
ਹਰਦਮ ਮਾਨ
ਰਿਚਮੰਡ, 9 ਨਵੰਬਰ 2025 — ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ ਸੋਸਾਇਟੀ, ਨੰਬਰ 5 ਰੋਡ, ਰਿਚਮੰਡ, ਬੀ.ਸੀ. ਦੀ ਚੇਅਰ ਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਵੱਲੋਂ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 50,000 ਡਾਲਰ ਦਾ ਚੈੱਕ ਭੇਟ ਕੀਤਾ ਗਿਆ।
ਇਹ ਚੈੱਕ ਸ੍ਰੀਮਤੀ ਜੌਹਲ ਨੇ ਬੀਤੇ ਐਤਵਾਰ ਸਿੱਖੀ ਅਵੇਰਨੈੱਸ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦੇ ਕੁਲਵਿੰਦਰ ਸਿੰਘ ਸੰਘੇੜਾ ਨੂੰ ਗੁਰਦੁਆਰਾ ਸਾਹਿਬ ਵਿਖੇ ਦਿੱਤਾ ਗਿਆ। ਇਸ ਮੌਕੇ ਗੁਰਦੁਆਰਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਅਤੇ ਸੇਵਾਦਾਰ ਵੀ ਹਾਜ਼ਰ ਸਨ।
ਇਸ ਮੌਕੇ ਸੋਸਾਇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ ਸਾਡੇ ਜਨਮ ਭੋਇੰ ਹੈ ਅਤੇ ਜਦੋਂ ਵੀ ਉੱਥੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਕੈਨੇਡਾ ਵਿਚ ਰਹਿੰਦੀ ਸਿੱਖ ਸੰਗਤ ਹਮੇਸ਼ਾਂ ਆਪਣੇ ਭਰਾਵਾਂ ਦੇ ਦੁੱਖ ਵਿੱਚ ਸਾਂਝ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਸਿੱਖ ਸੰਗਤ ਵਲੋਂ ਪਿਆਰ, ਹੌਸਲੇ ਅਤੇ ਏਕਤਾ ਦਾ ਪ੍ਰਤੀਕ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਯੋਗਦਾਨ ਹੜ੍ਹ ਪੀੜਤ ਪਰਿਵਾਰਾਂ ਲਈ ਕੁਝ ਹੱਦ ਤੱਕ ਸਹਾਰਾ ਬਣੇਗਾ ਅਤੇ ਉਹ ਆਪਣਾ ਜੀਵਨ ਮੁੜ ਸ਼ੁਰੂ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਨਾਨਕ ਨਿਵਾਸ ਸਦਾ ਹੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰਿਹਾ ਹੈ — ਚਾਹੇ ਸਥਾਨਕ ਪੱਧਰ ‘ਤੇ ਬੇਸਹਾਰੇ ਲੋਕਾਂ ਦੀ ਮਦਦ ਹੋਵੇ ਜਾਂ ਵਿਦੇਸ਼ਾਂ ਵਿੱਚ ਆਫ਼ਤਾਂ ਨਾਲ ਪੀੜਤ ਲੋਕਾਂ ਦੀ ਸਹਾਇਤਾ ਦਾ ਕਾਰਜ ਹੋਵੇ।