ਰਾਜਾ ਵੜਿੰਗ ਦੀਆਂ ਜਾਤੀਵਾਦੀ ਟਿੱਪਣੀਆਂ ਵਿਰੁੱਧ ਕੀਤਾ ਰੋਸ ਵਿਖਾਵਾ, ਪੁਤਲਾ ਸਾੜਿਆ
 
ਤਰਨਤਾਰਨ, 4 ਨਵੰਬਰ 
 
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਐਸਸੀ ਕਾਂਗਰਸੀ ਆਗੂ ਵਿਰੁੱਧ ਕੀਤੀ ਗਈ ਸ਼ਰਮਨਾਕ ਅਤੇ ਜਾਤੀਵਾਦੀ ਟਿੱਪਣੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਸੀਨੀਅਰ ਆਪ ਆਗੂਆਂ ਦੀ ਅਗਵਾਈ ਵਿੱਚ ਇਸ ਵਿਰੋਧ ਪ੍ਰਦਰਸ਼ਨ ਵਿੱਚ ਸੈਂਕੜੇ ਪਾਰਟੀ ਵਰਕਰ ਤਰਨਤਾਰਨ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਕਾਂਗਰਸ ਵਿੱਚੋਂ ਕੱਢਣ ਅਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆਂ ਉਨ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਲਈ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗਣ ਦੀ ਮੰਗ ਕੀਤੀ।
 
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੀਨੀਅਰ ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਪ੍ਰਦਰਸ਼ਨਕਾਰੀਆਂ ਨੇ "ਰਾਜਾ ਵੜਿੰਗ ਹਾਏ ਹਾਏ" ਅਤੇ "ਕਾਂਗਰਸ ਮੁਰਦਾਬਾਦ" ਦੇ ਜ਼ੋਰਦਾਰ ਨਾਅਰਿਆਂ ਵਿਚਕਾਰ ਰਾਜਾ ਵੜਿੰਗ ਦਾ ਪੁਤਲਾ ਸਾੜਿਆ। ਆਪ ਵਰਕਰਾਂ ਨੇ ਤਰਨਤਾਰਨ ਵਿੱਚ ਸਥਾਨਕ ਕਾਂਗਰਸ ਦਫ਼ਤਰ ਦਾ ਘਿਰਾਓ ਵੀ ਕੀਤਾ, ਵੜਿੰਗ ਦੀਆਂ ਅਪਮਾਨਜਨਕ ਟਿੱਪਣੀਆਂ 'ਤੇ ਕਾਂਗਰਸ ਲੀਡਰਸ਼ਿਪ ਦੀ ਲਗਾਤਾਰ ਚੁੱਪੀ ਦੀ ਨਿੰਦਾ ਕੀਤੀ।
 
'ਆਪ' ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਦੀ ਜਾਤੀਵਾਦੀ ਮਾਨਸਿਕਤਾ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਦੀਆਂ ਟਿੱਪਣੀਆਂ ਡਾ. ਬੀ.ਆਰ. ਅੰਬੇਡਕਰ ਦੇ ਆਦਰਸ਼ਾਂ ਅਤੇ ਸਮਾਨਤਾ ਅਤੇ ਮਾਣ-ਸਨਮਾਨ ਲਈ ਸੰਘਰਸ਼ ਕਰਨ ਵਾਲੇ ਲੱਖਾਂ ਲੋਕਾਂ ਦਾ ਅਪਮਾਨ ਹਨ। ਜੇਕਰ ਕਾਂਗਰਸ ਸੱਚਮੁੱਚ ਸਮਾਜਿਕ ਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ।
 
ਚੀਮਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਜਾਤੀ-ਅਧਾਰਤ ਵਿਤਕਰੇ ਵਿਰੁੱਧ ਲੜਾਈ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਪੰਜਾਬ ਦੇ ਹਰ ਨਾਗਰਿਕ ਨਾਲ ਸਤਿਕਾਰ ਅਤੇ ਬਰਾਬਰੀ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਕਿਹਾ ਕਿ ੜਇਹ ਵਿਰੋਧ ਰਾਜਨੀਤਿਕ ਨਹੀਂ ਹੈ, ਇਹ ਸਾਡੇ ਲੋਕਾਂ ਦੀ ਇੱਜ਼ਤ ਲਈ ਲੜਾਈ ਹੈ।