ਸਿੱਖਿਆ, ਖੋਜ ਅਤੇ ਪਸਾਰ ਖੇਤਰਾਂ ਵਿਚ ਬਿਹਤਰੀਨ ਕਾਰਜ ਲਈ PAU ਨੂੰ ਮਿਲਿਆ ਰਾਸ਼ਟਰ ਪੱਧਰੀ IIRF ਐਵਾਰਡ
ਲੁਧਿਆਣਾ 3 ਨਵੰਬਰ, 2025- ਸਾਲ 2026 ਲਈ ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ (ਆਈ ਆਈ ਆਰ ਐੱਫ) ਐਵਾਰਡ ਪੀ.ਏ.ਯੂ. ਨੂੰ ਪ੍ਰਦਾਨ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਐਲਾਨੇ ਗਏ ਇਸ ਐਵਾਰਡ ਨੂੰ ਨਵੀਂ ਦਿੱਲੀ ਵਿਖੇ ਬੀਤੇ ਦਿਨੀਂ ਹੋਈ 8ਵੀਂ ਉਦਯੋਗ ਅਕਾਦਮੀਆਂ ਇਕੱਤਰਤਾ ਦੌਰਾਨ ਪੀ.ਏ.ਯੂ. ਨੂੰ ਦਿੱਤਾ ਗਿਆ| ਇਹ ਐਵਾਰਡ ਰਾਸ਼ਟਰੀ ਪੱਧਰ ਤੇ ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿਚ ਕੀਤੇ ਗਏ ਬਿਹਤਰੀਨ ਕੰਮ ਲਈ ਪੀ.ਏ.ਯੂ. ਦੀ ਝੋਲੀ ਪਿਆ ਹੈ|
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਨਮਾਨ ਨੂੰ ਯੂਨੀਵਰਸਿਟੀ ਦੇ ਵਿਗਿਆਨਕ ਨਜ਼ਰੀਏ ਅਤੇ ਕਿਸਾਨੀ ਸਮਾਜ ਦੇ ਵਿਕਾਸ ਲਈ ਪਾਏ ਭਰਪੂਰ ਯੋਗਦਾਨ ਨੂੰ ਪ੍ਰਮਾਣਿਤ ਕਰਨ ਵਾਲਾ ਕਿਹਾ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਨਾ ਸਿਰਫ ਖੇਤੀ ਵਿਗਿਆਨ ਨੂੰ ਸਿਖਰਾਂ ਵੱਲ ਲਿਜਾਣ ਵਾਲੇ ਵਿਦਿਆਰਥੀ ਅਤੇ ਅਕਾਦਮਿਕ ਮਾਹਿਰ ਪੈਦਾ ਕੀਤੇ ਬਲਕਿ ਕਿਸਾਨਾਂ ਨੂੰ ਮੁਨਾਫ਼ੇ ਵਾਲੀ ਖੇਤੀ ਨਾਲ ਜੋੜਨ, ਵਾਤਾਵਰਨ ਪੱਖੀ ਖੇਤੀ ਮਾਹੌਲ ਉਸਾਰਨ ਅਤੇ ਖੇਤੀ ਅਤੇ ਉਦਯੋਗ ਵਿਚਕਾਰ ਪਾੜਾ ਘਟਾਉਣ ਪੱਖੋਂ ਜ਼ਿਕਰਯੋਗ ਕਾਰਜ ਨੂੰ ਅੰਜਾਮ ਦਿੱਤਾ ਹੈ| ਯੂਨੀਵਰਸਿਟੀ ਨੇ ਪੂਰੇ ਦੇਸ਼ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਮਾਣਤਾ ਵਧਾਈ ਹੈ| ਇਸੇ ਕਰਕੇ ਯੂਨੀਵਰਸਿਟੀ ਨੇ ਰਾਸ਼ਟਰੀ ਖੇਤੀ ਸਿੱਖਿਆ ਪ੍ਰਮਾਣੀਕਰਨ ਬੋਰਡ ਦੇ ਵਿਸ਼ਲੇਸ਼ਣ ਵਿਚ 4 ਵਿੱਚੋਂ 3.59 ਅੰਕ ਹਾਸਲ ਕਰਕੇ ਏ+ ਗਰੇਡ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ| ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਯੂਨੀਵਰਸਿਟੀ ਐੱਨ ਆਈ ਆਰ ਐੱਫ ਦੀ ਰਾਸ਼ਟਰੀ ਰੈਂਕਿੰਗ ਵਿੱਚੋਂ 2023, 2024 ਅਤੇ 2025 ਵਿੱਚ ਵੀ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ| ਡਾ. ਗੋਸਲ ਨੇ ਇਸ ਨਿਰੰਤਰਤਾ ਨੂੰ ਯੂਨੀਵਰਸਿਟੀ ਦੇ ਸਮਰਪਣ ਅਤੇ ਕਿਸਾਨੀ ਸਮਾਜ ਦੀ ਸੇਵਾ ਨਾਲ ਜੁੜ ਕੇ ਕੀਤੇ ਕੰਮਾਂ ਦਾ ਸਿੱਟਾ ਕਿਹਾ|
ਯੂਨੀਵਰਸਿਟੀ ਨੇ ਆਪਣੇ ਸਿੱਖਿਆ ਢਾਂਚੇ ਵਿਚ ਤਜਰਬਾਕਾਰੀ ਨੂੰ ਪਹਿਲ ਦਿੱਤੀ ਹੈ| ਇਸੇ ਕਰਕੇ ਰਾਵੇ ਅਤੇ ਐਕਸਪੈਰੀਮੈਂਟਲ ਲਰਨਿੰਗ ਪ੍ਰੋਗਰਾਮ (ਈ ਐੱਲ ਪੀ) ਦੇ ਨਾਲ ਐਗਰੀਦੀਕਸ਼ਾ ਪ੍ਰੋਗਰਾਮਾਂ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਾਈਆਂ ਹਨ| ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਵਿਚ ਸਮਾਰਟ ਕਲਾਸਰੂਮ ਤੋਂ ਲੈ ਕੇ ਏ ਆਰ ਵੀ ਆਰ ਪ੍ਰਯੋਗਸ਼ਲਾਵਾਂ ਵਿਚ ਐਕਸਲਬਰੀਡ ਅਤੇ ਐੱਸ-ਦੀਸਾ ਵਰਗੀਆਂ ਸਿੱਖਿਆ ਵਿਧੀਆਂ ਤਕਨਾਲੋਜੀ ਦੀ ਸਿਖਰਲੀ ਪੱਧਰ ਦਾ ਪ੍ਰਮਾਣ ਹਨ| ਵਿਦਿਆਰਥੀਆਂ ਅਤੇ ਅਧਿਆਪਕਾਂ ਦੀ 1:5 ਅਨੁਪਾਤ ਵੀ ਅਕਾਦਮਿਕ ਖੇਤਰ ਵਿਚ ਯੂਨੀਵਰਸਿਟੀ ਦੀ ਸਮਰਥਾ ਨੂੰ ਪ੍ਰਗਟਾਉਂਦੀ ਹੈ| ਡਾ. ਗੋਸਲ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ 35 ਵਿਦਿਆਰਥੀਆਂ ਨੂੰ ਪ੍ਰਧਾਨਮੰਤਰੀ ਡਾਕਟਰਲ ਖੋਜ ਫੈਲੋਸ਼ਿਪ ਹਾਸਲ ਹੋਈ| 2016 ਤੋਂ ਲੈ ਕੇ 520 ਵਿਦਿਆਰਥੀ ਉੱਤਰੀ ਅਮਰੀਕਾ, ਯੂਰਪ, ਓਸੀਆਨੀਆ ਅਤੇ ਮੱਧ ਪੂਰਬ ਦੀਆਂ 100 ਤੋਂ ਵਧੇਰੇ ਯੂਨੀਵਰਸਿਟੀਆਂ ਵਿਚ ਸਿੱਖਿਆ ਹਾਸਲ ਕਰਨ ਲਈ ਗਏ| ਯੂਨੀਵਰਸਿਟੀ ਨੇ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਜਿਵੇਂ ਕਾਨਸਾਸ ਯੂਨੀਵਰਸਿਟੀ, ਓਹਾਈਓ ਸਟੇਟ ਯੂਨੀਵਰਸਿਟੀ, ਕੈਲੇਫੋਰਨੀਆਂ ਸਟੇਟ ਯੂਨੀਵਰਸਿਟੀ, ਵਾਸ਼ਿੰਗਟਨ ਸਟੇਟ, ਯੇਲ, ਪੁਰਡੂਏ, ਮੈਕਗਿਲ, ਸਾਸਕਾਚਵਾਨ, ਸਿਡਨੀ ਅਤੇ ਪੱਛਮੀ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਨਾਲ ਸਿੱਖਿਆ ਦੇ ਆਦਾਨ ਪ੍ਰਦਾਨ ਲਈ ਸਾਂਝਦਾਰੀ ਵਧਾਈ|
ਇਸ ਐਵਾਡਰ ਨੂੰ ਹਾਸਲ ਕਰਨ ਲਈ ਤਜਵੀਜ਼ੀ ਪੱਤਰ ਤਿਆਰ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਮੌਜੂਦਾ ਸਮੇਂ ਯੂਨੀਵਰਸਿਟੀ 11 ਅੰਡਰਗ੍ਰੈਜੂਏਟ, 47 ਮਾਸਟਰਜ਼ ਅਤੇ 30 ਡਾਕਟਰਲ ਡਿਗਰੀ ਪ੍ਰੋਗਰਾਮਾਂ ਸਹਿਤ 92 ਅਕਾਦਮਿਕ ਪ੍ਰੋਗਰਾਮਾਂ ਵਿਚ ਸਿੱਖਿਆ ਪ੍ਰਦਾਨ ਕਰ ਰਹੀ ਹੈ ਜਿਨ੍ਹਾਂ ਵਿਚ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਵੀ ਸ਼ਾਮਿਲ ਹਨ| ਅਕਾਦਮਿਕ ਵਰ੍ਹੇ 2024-25 ਵਿਚ 4000 ਤੋਂ ਵਧੇਰੇ ਵਿਦਿਆਰਥੀ ਭਾਰਤ ਤੋਂ ਇਲਾਵਾ ਬੰਗਲਾਦੇਸ਼, ਮਿਸਰ, ਘਾਣਾ, ਨੇਪਾਲ ਅਤੇ ਦੱਖਣੀ ਅਫਰੀਕਾ ਤੋਂ ਪੀ.ਏ.ਯੂ. ਦੀ ਸਿੱਖਿਆ ਪ੍ਰਤੀ ਆਕਰਸ਼ਿਤ ਹੋ ਕੇ ਇੱਥੇ ਪੜ੍ਹਨ ਲਈ ਆਏ| ਡਾ. ਗਿੱਲ ਅਨੁਸਾਰ ਪੀ.ਏ.ਯੂ. ਦੀ ਪੋਸਟ ਗ੍ਰੈਜੂਏਟ ਪੱਧਰ ਦੀ ਸਿੱਖਿਆ ਦਾ ਫੋਕਸ ਵਿਦਿਆਰਥੀ ਸਮੱਸਿਆਵਾਂ ਦੇ ਹੱਲ ਤੋਂ ਇਲਾਵਾ ਨੈਤਿਕਤਾ, ਸਮਾਜਿਕ ਅਗਵਾਈ, ਆਈ ਸੀ ਟੀ ਟੂਲਜ਼, ਮਾਪੇ ਅਧਿਆਪਕ ਸੰਵਾਦ ਅਤੇ ਸਿੱਖਿਆ ਲਈ ਨਿੱਜਤਾ ਵਿਚ ਆਕਰਸ਼ਣ ਪੈਦਾ ਕਰਨ ਵੱਲ ਹੈ|
ਪਸਾਰ ਸਿੱਖਿਆ ਦੇ ਖੇਤਰ ਵਿਚ ਪੀ.ਏ.ਯੂ. ਦਾ ਢਾਂਚਾ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ 15 ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਰਾਹੀਂ ਪੰਜਾਬ ਦੀ ਕਿਸਾਨੀ ਤੱਕ ਫੈਲਿਆ ਹੋਇਆ ਹੈ| ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਦੇ ਕਿਸਾਨ ਮੇਲਿਆਂ ਵਿਚ ਸ਼ਾਮਿਲ ਹੋਣ ਨਾਲ ਇਹ ਪਸਾਰ ਸੇਵਾਵਾਂ ਪੰਜਾਬ ਦੇ ਕੋਨੇ-ਕੋਨੇ ਤੱਕ ਫੈਲਦੀਆਂ ਹਨ| ਯੂਨੀਵਰਸਿਟੀ ਨੇ ਬਦਲਦੇ ਸਮੇਂ ਅਨੁਸਾਰ ਡਿਜ਼ੀਟਲ ਪਲੇਟਫਾਰਮਾਂ ਅਤੇ ਸ਼ੋਸ਼ਲ ਮੀਡੀਆ, ਫੇਸਬੁੱਕ, ਯੂਟਿਊਬ ਤੋਂ ਇਲਾਵਾ ਖੇਤੀ ਸੰਦੇਸ਼ ਡਿਜ਼ੀਟਲ ਅਖਬਾਰ ਰਾਹੀਂ ਤਕਨਾਲੋਜੀ ਦੀ ਜਾਣਕਾਰੀ ਦੂਰ-ਦੁਰਾਡੇ ਪਹੁੰਚਾਈ ਹੈ|
ਸਿਖਲਾਈਆਂ ਦੇ ਖੇਤਰ ਵਿਚ ਯੂਨੀਵਰਸਿਟੀ ਨੇ ਬਦਲਦੇ ਖੇਤੀ ਦ੍ਰਿਸ਼ ਅਨੁਸਾਰ ਆਪਣੇ ਆਪ ਨੂੰ ਤਬਦੀਲ ਕੀਤਾ ਹੈ| ਪਾਬੀ ਤੋਂ ਇਲਾਵਾ ਖੇਤੀ ਪ੍ਰੋਸੈਸਿੰਗ ਕੇਂਦਰ ਅਤੇ ਨਿਧੀ-ਟੀ ਬੀ ਆਈ ਰਾਹੀਂ ਕਿਸਾਨਾਂ ਨੂੰ ਖੇਤੀ ਉੱਦਮ ਅਤੇ ਕਾਰੋਬਾਰ ਨਾਲ ਜੋੜ ਕੇ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਦੇ ਸਰੋਤ ਪੈਦਾ ਕਰਨ ਲਈ ਯੂਨੀਵਰਸਿਟੀ ਨੇ ਵਿਸ਼ੇਸ਼ ਹੰਭਲਾ ਮਾਰਿਆ ਹੈ| ਫਸਲਾਂ ਨੂੰ ਪੋਸ਼ਕਤਾ ਦੇ ਨਜ਼ਰੀਏ ਤੋਂ ਨਵੀਆਂ ਕਿਸਮਾਂ ਵਿਚ ਢਾਲਣ ਤੋਂ ਇਲਾਵਾ ਮਸ਼ੀਨਰੀ ਰਾਹੀਂ ਖੇਤੀ ਸਥਿਰਤਾ ਲਿਆਉਣ ਲਈ ਯੂਨੀਵਰਸਿਟੀ ਨੇ ਅਗਾਂਹਵਧੂ ਭੂਮਿਕਾ ਨਿਭਾਉਣ ਦਾ ਤਹੱਈਆ ਕੀਤਾ ਹੋਇਆ ਹੈ|
ਡਾ. ਗੋਸਲ ਨੇ ਕਿਹਾ ਕਿ ਆਈ ਆਈ ਆਰ ਐੱਫ ਐਵਾਰਡ ਹਰੀ ਕ੍ਰਾਂਤੀ ਨਾਲ ਪੈਦਾ ਹੋਏ ਵਿਗਿਆਨਕ ਖੇਤੀ ਦੇ ਅਧਿਆਇ ਦੀ ਸਫਲਤਾ ਦਾ ਇਕ ਸਿਰਾ ਮੰਨਿਆ ਜਾਣਾ ਚਾਹੀਦਾ ਹੈ ਜਿਸਨੇ ਭਾਰਤੀ ਲੋਕਾਂ ਨੂੰ ਭੋਜਨ ਸੁਰੱਖਿਆ ਅਤੇ ਅਨਾਜ ਪੱਖੋਂ ਸਵੈ ਨਿਰਭਰਤਾ ਪ੍ਰਦਾਨ ਕੀਤੀ|