Babushahi Special ਸੀਨੀਅਰ ਡਿਪਟੀ ਮੇਅਰ ਦੀ ਚੋਣ :ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇ ਪਾਤਸ਼ਾਹੀ ਫੌਜਾਂ ਭਾਰੀਆਂ ਜੀ
ਅਸ਼ੋਕ ਵਰਮਾ
ਬਠਿੰਡਾ, 3 ਨਵੰਬਰ 2025 : ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਦੀ ਮੰਗਲਵਾਰ 4 ਨਵੰਬਰ ਨੂੰ ਹੋਣ ਜਾ ਰਹੀ ਚੋਣ ਦੌਰਾਨ ਮਹਿਤਾ ਪ੍ਰੀਵਾਰ ਪਿਛੋਕੜ ਦੀ ਤਰਾਂ ਕਾਂਗਰਸ ਪਾਰਟੀ ਸਮੇਤ ਵਿਰੋਧੀਆਂ ਨੂੰ ਸਿਆਸੀ ਧੋਬੀ ਪਟਕਾ ਮਾਰਦਾ ਹੈ ਜਾਂ ਫਿਰ ਜਿੱਤ ਦੇ ਲੱਡੂ ਕਾਂਗਰਸੀ ਵੰਡਦੇ ਹਨ ,ਇਹ ਮੁੱਦਾ ਸ਼ਹਿਰੀ ਹਲਕੇ ’ਚ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੋਣ ਤਰੀਕ ਐਲਾਨਣ ਤੋਂ ਬਾਅਦ ਬਠਿੰਡਾ ’ਚ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਮਈ 2025 ’ਚ ਹਟਾਉਣ ਉਪਰੰਤ ਤਕਰੀਬਨ ਛੇ ਮਹੀਨਿਆਂ ਤੋਂ ਇਹ ਮਹੱਤਵਪੂਰਨ ਕੁਰਸੀ ਖਾਲੀ ਪਈ ਹੈ। ਕਾਂਗਰਸ ਤਰਫੋਂ ਦਲਿਤ ਕੌਂਸਲਰ ਹਰਵਿੰਦਰ ਸਿੰਘ ਲੱਡੂ ਮੈਦਾਨ ਵਿੱਚ ਹੈ ਜਦੋਂਕਿ ਇਸ ਚੋਣ ਦੀ ਕਮਾਂਡ ਸੰਭਾਲ ਰਹੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਫਿਲਹਾਲ ਪੱਤੇ ਨਹੀਂ ਖੋਹਲੇ ਜਿੰਨ੍ਹਾਂ ਦੇ ਮੰਗਲਵਾਰ ਨੂੰ ਖੁੱਲ੍ਹਣ ਦੀ ਸੰਭਾਵਨਾ ਹੈ।
ਉਂਜ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਸਲਾਹਕਾਰ ਕੌਂਸਲਰ ਸ਼ਾਮ ਲਾਲ ਜੈਨ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਹਾਲਾਂਕਿ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੇ ਨਾਮ ਦੀ ਚਰਚਾ ਵੀ ਚੱਲ ਰਹੀ ਹੈ ਪਰ ਸ਼ਾਮ ਲਾਲ ਜੈਨ ਦਾ ਸਬੰਧ ਅਗਰਵਾਲ ਸਮਾਜ ਨਾਲ ਹੋਣ ਕਰਕੇ ਉਨ੍ਹਾਂ ਦੇ ਅਗਲੀ ਸੀਨੀਅਰ ਡਿਪਟੀ ਮੇਅਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਠਿੰਡਾ ’ਚ ਅਗਰਵਾਲ ਸਮਾਜ ਦੀ ਅਬਾਦੀ ਤਕਰੀਬਨ 60 ਫੀਸਦੀ ਹੈ ਜੋਕਿ ਜੈਨ ਨੂੰ ਇਸ ਕੁਰਸੀ ਤੇ ਬਿਠਾਉਣ ਦਾ ਅਹਿਮ ਹੈ । ਦਰਅਸਲ ਹਾਕਮ ਧਿਰ ਜਾਤੀਗਤ ਗਿਣਤੀ ਮਿਣਤੀ ਦੇ ਅਧਾਰ ਤੇ ਅਗਰਵਾਲ ਸਮਾਜ ਨੂੰ ਪ੍ਰਤੀਨਿਧਤਾ ਦੇਕੇ ਆਉਣ ਵਾਲੀਆਂ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਮੌਕੇ ਸਿਆਸੀ ਮੌਹਲ ਬਨਾਉਣ ਦੇ ਰੌਂਅ ਵਿੱਚ ਦਿਖਾਈ ਦਿੰਦੀ ਹੈ। ਇਹੋ ਕਾਰਨ ਹੈ ਕਿ ਦਾਅਵੇ ਜਿੰਨੇ ਮਰਜੀ ਹੋਣ ਅੰਤਿਮ ਮੋਹਰ ਸ਼ਾਮ ਲਾਲ ਜੈਨ ਦੇ ਨਾਮ ਤੇ ਹੀ ਲੱਗਣੀ ਤੈਅ ਹੈ।
ਸੂਤਰ ਦੱਸਦੇ ਹਨ ਕਿ ਇਸ ਅਹੁਦੇ ਦੇ ਦੂਸਰੇ ਮਜਬੂਤ ਦਾਅਵੇਦਾਰ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨੂੰ ਕਿਸੇ ਹੋਰ ਅਹੁਦੇ ਜਾਂ ਫਿਰ ਡਿਪਟੀ ਮੇਅਰ ਦੀ ਕੁਰਸੀ ਤੇ ਬਿਠਾਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਦੇਖਿਆ ਜਾਏ ਤਾਂ ਇਸ ਤੋਂ ਪਹਿਲਾਂ ਵੀ ਇੱਕ ਤਰਾਂ ਨਾਲ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਅਗਰਵਾਲ ਭਾਈਚਾਰੇ ਨੂੰ ਦੇਣ ਦੀ ਰਵਾਇਤ ਰਹੀ ਹੈ। ਬਠਿੰਡਾ ਨੂੰ ਨਗਰ ਨਿਗਮ ਦਾ ਦਰਜਾ ਦੇਣ ਮਗਰੋਂ ਪਹਿਲੀ ਵਾਰ ਹੋਈਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਜਿੱਤਣ ’ਤੇ ਬਲਜੀਤ ਸਿੰਘ ਬੀੜ ਬਹਿਮਣ ਮੇਅਰ ਬਣੇ ਸਨ ਜਦੋਂਕਿ ਅਗਰਵਾਲ ਸਮਾਜ ਨਾਲ ਸਬੰਧਤ ਭਾਜਪਾ ਆਗੂ ਇੰਜਨੀਅਰ ਤਰਸੇਮ ਗਰਗ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਭਾਜਪਾ ਦੀ ਗੁਰਿੰਦਰ ਕੌਰ ਮਾਂਗਟ ਨੂੰ ਡਿਪਟੀ ਮੇਅਰ ਬਣਾਇਆ ਗਿਆ ਸੀ। ਇਸ ਤੋਂ ਅਗਲੀ ਵਾਰ ਫਿਰ ਤੋਂ ਗਠਜੋੜ ਜਿੱਤ ਗਿਆ ਅਤੇ ਇਕੱਲੇ ਮੇਅਰ ਨੂੰ ਛੱਡਕੇ ਬਾਕੀ ਅਹੁਦੇ ਜਿੳਂ ਦੇ ਤਿਓਂ ਰਹੇ ਸਨ।
ਇਸ ਤਰਾਂ ਇੱਕ ਖਾਮੋਸ਼ ਸਹਿਮਤੀ ਦੇ ਅਧਾਰ ਤੇ ਨਗਰ ਨਿਗਮ ਵਿੱਚ ਅਗਰਵਾਲ ਸਮਾਜ, ਦਲਿਤ ਅਤੇ ਜੱਟ ਸਮਾਜ ਦਰਮਿਆਨ ਅਹੁਦਿਆਂ ਦੀ ਵੰਡ ਹੁੰਦੀ ਰਹੀ ਹੈ। ਇਸ ਚੋਣ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਗਰੁੱਪ ਦੀ ਭੂਮਿਕਾ ਅਹਿਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹੋ ਹੀ ਨਹੀਂ ਵਿਧਾਇਕ ਜਗਰੂਪ ਸਿੰਘ ਗਿੱਲ , ਉਨ੍ਹਾਂ ਦੇ ਹਮਾਇਤੀ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਰੰਗ ਦਿਖਾ ਸਕਦਾ ਹੈ ਇਸ ਵਕਤ ਡਿਪਟੀ ਮੇਅਰ ਦੀ ਕੁਰਸੀ ਵਿਹਲੀ ਪਈ ਹੈ ਜਿਸ ਸਬੰਧ ਵਿੱਚ ਹਾਲ ਦੀ ਘੜੀ ਕੋਈ ਫੈਸਲਾ ਨਹੀਂ ਹੋਇਆ ਹੈ। ਅਹਿਮ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਫਿਲਹਾਲ ਸਿਆਸੀ ਸੌਦੇਬਾਜੀ ਦੇ ਮੱਦੇਨਜ਼ਰ ਅਤੇ ਕੌਂਸਲਰਾਂ ਨੂੰ ਚੋਗਾ ਪਾਉਣ ਲਈ ਟਾਲੀ ਗਈ ਹੈ। ਨਗਰ ਨਿਗਮ ’ਚ ਮੇਅਰ ਦੇ ਪੱਖ ’ਚ ਕੌਂਸਲਰਾਂ ਦੀ ਗਿਣਤੀ ਵੱਧ ਹੈ ਅਤੇ ਹਾਲ ਦੀ ਘੜੀ ਕੋਈ ਜਨਤਕ ਵਿਰੋਧ ਵੀ ਸਾਹਮਣੇ ਨਹੀਂ ਆਇਆ ਹੈ।
ਮਹਿਤਾ ਪ੍ਰੀਵਾਰ ਦੀ ਝੰਡੀ
ਦੇਖਿਆ ਜਾਏ ਤਾਂ ਨਗਰ ਨਿਗਮ ਬਠਿੰਡਾ ’ਚ ਹੁਣ ਤੱਕ ਮਹਿਤਾ ਪ੍ਰੀਵਾਰ ਦੀ ਸਿਆਸੀ ਝੰਡੀ ਰਹੀ ਹੈ। ਮੁਖਾਲਫਤ ਦੇ ਬਾਵਜੂਦ ਅਮਰਜੀਤ ਮਹਿਤਾ ਨੇ ਤਾਂ ਵਿਧਾਇਕ ਜਗਰੂਪ ਗਿੱਲ ਦੇ ਵਾਰਡ ਚੋਂ ਆਪਣੇ ਪੁੱਤਰ ਨੂੰ ਜਿਤਾਉਣ ਤੇ ਕਾਂਗਰਸ ਦੇ ਬਹੁਮੱਤ ਦੌਰਾਨ ਮੇਅਰ ਬਨਾਉਣ ‘ਚ ਸਫਲ ਰਹੇ ਸਨ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਰੂਪ ’ਚ ਕਾਂਗਰਸ ਦੀਆਂ ਦੋ ਅਹਿਮ ਵਿਕਟਾਂ ਡੇਗਣਾ ਵੀ ਮਹਿਤਾ ਪ੍ਰੀਵਾਰ ਦੇ ਹਿੱਸੇ ਆਇਆ ਹੈ। ਤਾਂਹੀ ਹਰ ਕਿਸੇ ਦੀ ਨਜ਼ਰ 4 ਨਵੰਬਰ ਦੀ ਮੀਟਿੰਗ ਤੇ ਲੱਗੀ ਹੋਈ ਹੈ ਕਿ ਹੁਣੇ ਕਾਂਗਰਸ ਝੰਡੀ ਪੱਟਦੀ ਹੈ ਜਾਂ ਫਿਰ ਮਹਿਤਾ ਪ੍ਰੀਵਾਰ ਝੰਡੇ ਗੱਡਣ ਵਿੱਚ ਸਫਲ ਰਹਿੰਦਾ ਹੈ।
ਕਾਂਗਰਸ ਲਈ ਮੁੱਛ ਦਾ ਸਵਾਲ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਚੋਣ ਨੂੰ ਸ਼ਹਿਰੀ ਹਲਕੇ ਦਾ ਸੈਮੀਫਾਈਨਲ ਅਤੇ ਕਾਂਗਰਸ ਲਈ ਮੁੱਛ ਦਾ ਸਵਾਲ ਮੰਨਿਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਮੇਅਰ ਦੀ ਚੋਣ ਮੌਕੇ ਵਿਧਾਇਕ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰ ਦੀ ਵਿਰੋਧਤਾ ਕਰਨ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਨੂੰ 15 ਵੋਟਾਂ ਪਈਆਂ ਸਨ ਜੋ ਸੀਨੀਅਰ ਡਿਪਟੀ ਮੇਅਰ ਨੂੰ ਹਟਾਉਣ ਮੌਕੇ 10 ਹੀ ਰਹਿ ਗਈਆਂ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਕੋਈ ਚਮਤਕਾਰ ਕਰਨ ’ਚ ਸਫਲ ਹੋ ਜਾਂਦੀ ਹੈ ਤਾਂ ਨਿਰਸੰਦੇਹ ਮਿਸ਼ਨ 2027 ਦੌਰਾਨ ਪਾਰਟੀ ਨੂੰ ਹੁੰਗਾਰਾ ਮਿਲਣਾ ਤੈਅ ਹੈ।