ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
ਪਹਿਲੇ ਪਾਤਸ਼ਾਹ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਜੀਵਨ ਜਿਉਣ ਦਾ ਦਿੱਤਾ ਸੱਦਾ
ਚੰਡੀਗੜ੍ਹ, 4 ਨਵੰਬਰ:
ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਜੀਤ ਕੌਰ, ਸੰਜੀਵ ਅਰੋੜਾ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ , ਲਾਲਜੀਤ ਸਿੰਘ ਭੁੱਲਰ, ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ ਸਿੰਘ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ ਅਤੇ ਮੋਹਿੰਦਰ ਭਗਤ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ `ਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਇੱਥੋਂ ਜਾਰੀ ਸਾਂਝੇ ਬਿਆਨ ਵਿੱਚ ਮੰਤਰੀਆਂ ਨੇ ਕਿਹਾ ਕਿ 5 ਨਵੰਬਰ, 2025 ਨੂੰ ਮਨਾਇਆ ਜਾਣ ਵਾਲਾ ਇਹ ਪਵਿੱਤਰ ਦਿਹਾੜਾ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਦੀਵੀ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ, ਜੋ ਕਿ ‘ਨਾਮ ਜਪੋ`, `ਕਿਰਤ ਕਰੋ` ਅਤੇ `ਵੰਡ ਛਕੋ` ਦੇ ਮੂਲ ਸਿਧਾਂਤਾਂ `ਤੇ ਅਧਾਰਤ ਹਨ।
ਉਨ੍ਹਾਂ ਨੇ ਲੋਕਾਂ ਨੂੰ ਪਹਿਲੇ ਸਿੱਖ ਗੁਰੂ ਵੱਲੋਂ ਦਰਸਾਏ ਮਾਰਗ `ਤੇ ਚੱਲਣ ਅਤੇ ਇੱਕ ਪਰਮਾਤਮਾ, ਸਾਰਿਆਂ ਲਈ ਸਮਾਨਤਾ, ਨਿਰਸਵਾਰਥ ਸੇਵਾ ਅਤੇ ਭਾਈਚਾਰਕ ਸਦਭਾਵਨਾ ਦੇ ਉਨ੍ਹਾਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਮੰਤਰੀਆਂ ਨੇ ਕਿਹਾ ਕਿ ਗੁਰੂ ਜੀ ਦਾ ‘ਸਰਬੱਤ ਦੇ ਭਲੇ` ਦਾ ਫਲਸਫਾ ਅੱਜ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਜਾਪਦਾ ਹੈ।
ਇਸ ਮੌਕੇ, ਮੰਤਰੀਆਂ ਨੇ ਸਾਰੇ ਨਾਗਰਿਕਾਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਵਿੱਤਰ ਦਿਹਾੜਾ ਸਾਰਿਆਂ ਨੂੰ ਭੇਦ-ਭਾਵ ਤੋਂ ਉੱਤੇ ਉੱਠਣ ਅਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਲਈ ਪ੍ਰੇਰਿਤ ਕਰੇਗਾ।
ਮੰਤਰੀਆਂ ਨੇ ਲੋਕਾਂ ਨੂੰ ਮਨੁੱਖਤਾ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਗੁਰੂ ਨਾਨਕ ਦੇਵ ਜੀ ਦੁਆਰਾ ਸਾਜੇ ਸਿੱਖ ਧਰਮ ਵਿੱਜ ‘ਲੰਗਰ` ਅਤੇ `ਸੇਵਾ` ਦੀ ਮਹੱਤਤਾ `ਤੇ ਵੀ ਚਾਨਣਾ ਪਾਇਆ।