ADC ਸ਼ੋਸਲ ਮੀਡੀਆ 'ਤੇ ਵਾਇਰਲ ਵੀਡੀਓ ਵਾਲੇ ਬਜ਼ੁਰਗ ਦੇ ਘਰ ਪਹੁੰਚੇ
ਬਜ਼ੁਰਗ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ- ਡਾ.ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ
ਰੋਹਿਤ ਗੁਪਤਾ 
ਗੁਰਦਾਸਪੁਰ, 4 ਨਵੰਬਰ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵੱਲੋਂ ਇਕ ਬਜੁਰਗ ਦੀ ਵਾਇਰਲ ਵੀਡਿਓ ਜੋ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ, ਉਸਨੂੰ ਵੇਖਣ ਉਪਰੰਤ ਤੁਰੰਤ ਬਜੁਰਗ ਦੇ ਘਰ ਦਾ ਪਤਾ ਕਰਵਾ ਕੇ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। 
ਡਾ. ਬੇਦੀ ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ ਨੇ ਦੱਸਿਆ ਕਿ ਬਜ਼ੁਰਗ ਦੇ ਘਰ ਦੀ ਸ਼ਨਾਖਤ ਕਰਕੇ ਬਜੁਰਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਹਨ।
ਬਜੁਰਗ ਸ. ਜੀਤ ਸਿੰਘ ਪੁੱਤਰ ਪੁੱਤਰ ਜਸਵੰਤ ਸਿੰਘ ਉਮਰ 65 ਸਾਲ ਪਿੰਡ ਬਾਬੋਵਾਲ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਉਹ ਘਰ ਚਲਾਉਣ ਲਈ ਖਿਡੌਣੇ ਵੇਚਣ ਦਾ ਕੰਮ ਕਰਦੇ ਹਨ। ਪੁੱਛਣ 'ਤੇ ਬਜੁਰਗ ਨੇ ਦੱਸਿਆ ਕਿ ਉਸਦੀ ਬੁਢਾਪਾ ਪੈਨਸ਼ਨ ਨਹੀਂ ਲੱਗੀ ਹੈ। 
ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋ ਉਨ੍ਹਾ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਉਹਨ੍ਹਾਂ ਦੀ ਹਰ ਪੱਖੋ ਮਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਵੀ ਜਲਦੀ ਤੋ ਜਲਦੀ ਲਗਾਈ ਜਾਵੇਗੀ ਅਤੇ ਹੋਰ ਜੋ ਵੀ ਸਰਕਾਰੀ ਸਹੂਲਤਾਂ ਹਨ ਉਨ੍ਹਾ ਦਾ ਲਾਭ ਦਿਵਾਇਆ ਜਾਵੇਗਾ।
ਬਜ਼ੁਰਗ ਦਾ ਪੁੱਤਰ ਜੋ ਲੇਬਰ ਦਾ ਕੰਮ ਕਰਦਾ ਹੈ ਅਤੇ ਉਸਦਾ ਲੇਬਰ ਕਾਰਡ ਨਹੀਂ ਬਣਿਆ ਹੈ । ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਉਸਦਾ ਲੇਬਰ ਅਤੇ ਮਨਰੇਗਾ ਕਾਰਡ ਵੀ ਬਣਵਾ ਕੇ ਦਿੱਤਾ ਜਾਵੇਗਾ। 
ਡਾ. ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦ ਪਰਿਵਾਰ ਦੀ ਹਮੇਸ਼ਾ ਪਹਿਲ ਦੇ ਆਧਾਰ 'ਤੇ ਮਦਦ ਕੀਤੀ ਜਾਂਦੀ ਹੈ ਅਤੇ ਲੋੜਵੰਦ ਪਰਿਵਾਰ ਦੀ ਸਹਾਇਤਾ ਲਈ ਹਮੇਸ਼ਾ ਉਨ੍ਹਾਂ ਦੇ ਦਫਤਰ ਖੁੱਲੇ ਹਨ। 
ਇਸ ਮੌਕੇ ਤੇ ਧੀਰਜ ਸ਼ਰਮਾ ਅਤੇ ਟੇਕ ਸਿੰਘ ਮੌਜੂਦ ਸਨ।