42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਭਾਰਤ ਪੈਟਰੋਲੀਅਮ ਮੁੰਬਈ ਨੇ ਬੀਐਸਐਫ ਜਲੰਧਰ ਨੂੰ 2-1 ਨਾਲ ਹਰਾਇਆ
ਇੰਡੀਅਨ ਆਇਲ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 5-2 ਨਾਲ ਹਰਾਇਆ
ਜਲੰਧਰ 26 ਅਕਤੂਬਰ 2025- ਭਾਰਤ ਪੈਟਰੋਲੀਅਮ ਮੁੰਬਈ ਨੇ ਬੀਐਸਐਫ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 2-1 ਨਾਲ ਹਰਾ ਕੇ ਅਤੇ ਇੰਡੀਅਨ ਆਇਲ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 5-2 ਨਾਲ ਹਰਾ ਕੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਤਿੰਨ ਅੰਕ ਹਾਸਲ ਕਰਕੇ ਜੇਤੂ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਚੌਥੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਪਹਿਲਾ ਲੀਗ ਮੈਚ ਪੂਲ ਸੀ ਵਿੱਚ ਭਾਰਤ ਪੈਟਰਲੀਅਮ ਮੁੰਬਈ ਅਤੇ ਬੀਐਸਐਫ ਜਲੰਧਰ ਦਰਮਿਆਨ ਖੇਡਿਆ ਗਿਆ। ਖੇਡ ਦੇ 23ਵੇਂ ਮਿੰਟ ਵਿੱਚ ਭਾਰਤ ਪੈਟਰਲੀਅਮ ਮੁੰਬਈ ਦੇ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਇਸ ਤੋਂ ਬਾਅਦ ਬੀਐਸਐਫ ਜਲੰਧਰ ਦੇ ਕਪਤਾਨ ਹਤਿੰਦਰ ਸਿੰਘ ਨੇ ਖੇਡ ਦੇ 41ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-1 ਕੀਤਾ।
ਖੇਡ ਦੇ 47ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਮਨਪ੍ਰੀਤ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਲਿਆ ਅਤੇ ਤਿੰਨ ਅੰਕ ਹਾਸਲ ਕਰ ਲਏ। ਦੂਜਾ ਲੀਗ ਮੈਚ ਪੂਲ ਏ ਵਿੱਚ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਖੇਡਿਆ ਗਿਆ।ਖੇਡ ਦੇ 10ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸੁਰਦਰਸ਼ਨ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ।ਅੱਧੇ ਸਮੇਂ ਤੱਕ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ। ਖੇਡ ਦੇ 18ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 25ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਅਫਾਨ ਯੂਸਫ ਨੇ ਗੋਲ ਕਰਕੇ ਸਕੋਰ 2-1 ਕੀਤਾ।
ਖੇਡ ਦੇ 30ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਦੇ ਜੋਗਿੰਬਰ ਰਾਵਤ ਨੇ ਗੋਲ ਕਰਕੇ ਸਕੋਰ 2-3 ਕੀਤਾ। ਖੇਡ 49ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਗੋਲ ਕਰਕੇ ਸਕੋਰ 4-2 ਕੀਤਾ। ਖੇਡ ਦੇ 56ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਗੋਲ ਕਰਕੇ ਸਕੋਰ 5-2 ਕੀਤਾ। ਇੰਡੀਅਨ ਆਇਲ ਨੇ ਇਹ ਮੈਚ ਜਿੱਤ ਕੇ ਤਿੰਨ ਅੰਕ ਹਾਸਲ ਕਰ ਲਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅਮੋਲਕ ਸਿੰਘ ਗਾਖਲ (ਅਮਰੀਕਾ)(ਜਿਨ੍ਹਾਂ ਵਲੋਂ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5.51 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਣਾ ਹੈ) ਸੁਖਜੀਤ ਸਿੰਘ ਚੀਮਾ (ਪੁਖਰਾਜ), ਆਸ਼ੂਤੋਸ਼ ਗੁਪਤਾ (ਐਗਜੀਕਿਊਟਿਵ ਡਾਇਰੈਕਟਰ ਇੰਡੀਅਨ ਆਇਲ), ਸਿਲਵੀ ਰਾਜੂ ਅੰਤਰਰਾਸ਼ਟਰੀ ਖਿਡਾਰੀ (ਮਲੇਸ਼ੀਆ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।
ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐਲ ਆਰ ਨਈਅਰ, ਅਵਤਾਰ ਸਿੰਘ, ਮਨਪ੍ਰੀਤ ਸਿੰਘ (ਆਸਟਰੇਲੀਆ), ਸੁਰਿੰਦਰ ਸਿੰਘ, ਗੌਰਵ ਅਗਰਵਾਲ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
27 ਅਕਤੂਬਰ ਦੇ ਮੈਚ
ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬਨਾਮ ਭਾਰਤੀ ਏਅਰ ਫੋਰਸ- 4-30 ਵਜੇ
ਭਾਰਤੀ ਰੇਲਵੇ ਬਨਾਮ ਸੀਆਰਪੀਐਫ ਦਿੱਲੀ- 5-45 ਵਜੇ