ਪਰਾਲੀ ਪਰੋਟੈਕਸ਼ਨ ਫੋਰਸ' ਹੋਈ ਸਰਗਰਮ- ਪਿੰਡ ਧੀਰ, ਰਿਖੀਆ ਤੇ ਤਲਵੰਡੀ ਲਾਲ ਸਿੰਘ ਵਿਖੇ ਜਾ ਕੇ ਕਿਸਾਨਾਂ ਨਾਲ ਕੀਤੀ ਮੀਟਿੰਗ
ਰੋਹਿਤ ਗੁਪਤਾ
ਬਟਾਲਾ , 26 ਅਕਤੂਬਰ ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿੱਤੀਆਂ ਹਦਾਇਤਾਂ ਤਹਿਤ ਅੱਜ 'ਪਰਾਲੀ ਪਰੋਟੈਕਸ਼ਨ ਫੋਰਸ' ਦੀ ਟੀਮ ਪਿੰਡ ਧੀਰ, ਰਿਖੀਆ ਤੇ ਤਲਵੰਡੀ ਲਾਲ ਸਿੰਘ ਵਿਖੇ ਪਹੁੰਚੀ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਕੁਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਸਰੂਪ ਵਾਲੀ ਬਲਾਕ ਬਟਾਲਾ ਕਮ ਕਲਸਟਰ ਇੰਚਾਰਜ , ਨੋਡਲ ਅਫਸਰ ਪਿੰਡ ਧੀਰ ਜਤਿੰਦਰ ਸਿੰਘ ਨੋਡਲ ਅਫਸਰ ਪਿੰਡ ਤਲਵੰਡੀ ਲਾਲ ਸਿੰਘ, ਇਕਬਾਲ ਸਿੰਘ, ਸਰਪੰਚ ਦਵਿੰਦਰ ਸਿੰਘ ਪਿੰਡ ਰਿਖੀਆ ਹਾਜ਼ਰ ਸਨ
ਕੁਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਜਿਲ੍ਹੇ 'ਪਰਾਲੀ ਪਰੋਟੈਕਸ਼ਨ ਫੋਰਸ' ਵਲੋਂ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਗਿਆ ਕਿ ਪਰਾਲੀ ਪ੍ਰਬੰਧਨ ਲਈ ਮੌਜੂਦ ਖੇਤੀ ਮਸ਼ੀਨਰੀ ਦੇ ਬਾਵਜੂਦ ਜੇਕਰ ਕੋਈ ਕਿਸਾਨ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਜਿਸ ਤਹਿਤ ਵਾਤਾਵਰਣ ਨੂੰ ਪਰਦੂਸ਼ਿਤ ਕਰਨ ਲਈ ਜੁਰਮਾਨਾ, ਮਾਲ ਰਿਕਾਰਡ ਵਿੱਚ ਰੈਂਡ ਐਂਟਰੀ, ਚਲਾਨ ਤੇ ਐਫ ਆਈ.ਆਰ ਦਰਜ ਹੋ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਵਲੋਂ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ। ਬਹੁਤ ਸਾਰੇ ਕਿਸਾਨ ਫਸਲ ਦੀ ਰਹਿੰਦ ਖੂੰਹਦ ਨੂੰ ਪੈਲੀ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਲੌੜੀਂਦੀ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ, ਜਿਸਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਲੇਕਿਨ ਫਿਰ ਵੀ ਜੇਕਰ ਕਿਸੇ ਕਿਸਾਨ ਵੀਰ ਨੂੰ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਲੋੜ ਹੈ ਤਾਂ ਉਹ ਜ਼ਿਲ੍ਹਾ ਪੱਧਰ ਤੇ ਸਥਾਪਤ ਕੰਟਰੋਲ ਰੂਮ ਦੇ ਫੋਨ ਨੰਬਰ 01874-266376 'ਤੇ ਸੰਪਰਕ ਕਰ ਸਕਦਾ ਹੈ। ਉਸ ਕਿਸਾਨ ਨੂੰ ਪਿੰਡਾਂ ਵਿੱਚ ਤਾਇਨਾਤ ਨੋਡਲ/ਕਲੱਸਟਰ ਅਫਸਰਾਂ ਵਲੋਂ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ।