ਜਥੇਦਾਰ ਗੜਗੱਜ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਦਿੱਲੀ ਦੇ ਸਮਾਗਮ ’ਚ ਸਾਰੀਆਂ ਪੰਥਕ ਸੰਸਥਾਵਾਂ ਦੇ ਨੁਮਾਇੰਦੇ ਇੰਚ ਮੰਚ ’ਤੇ ਹੋਏ ਇਕੱਠੇ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 23 ਅਕਤੂਬਰ, 2025: ਇਕ ਅਹਿਮ ਪੰਥਕ ਘਟਨਾਕ੍ਰਮ ਵਿਚ 96 ਕਰੋੜੀ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨਾਲ ਮੰਚ ਸਾਂਝਾ ਕਰਦੇ ਨਜ਼ਰ ਆਏ। ਉਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਸ਼ਖਸੀਅਤਾਂ ਇਕ ਮੰਚ ’ਤੇ ਨਜ਼ਰ ਆਈਆਂ।
ਇਹ ਘਟਨਾਕ੍ਰਮ ਉਦੋਂ ਵਾਪਰਿਆ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਪੰਥਕ ਧਿਰਾਂ, ਨਿਹੰਗ ਸਿੰਘ ਜਥੇਬੰਦੀਆਂ ਨੂੰ 25 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਸਿਰੋਪਾਓ ਬਖਸ਼ਿਸ਼ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਿਆਂ ਨੂੰ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਕਰਨ ਲਈ ਸ਼ੁਰੂ ਹੋਈ ਚਰਨ ਸੁਹਾਵੇ ਗੁਰੂ ਚਰਨ ਯਾਤਰਾ ਦੇ ਮੌਕੇ ਗਿਆਨੀ ਕੁਲਦੀਪ ਸਿੰਘ ਗਡਗੱਜ ਤੇ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੋਂ ਅਮਰਜੀਤ ਚਾਵਲਾ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਐਡਵੋਕੇਟ ਐਚ ਐਸ ਫੂਲਕਾ ਵੀ ਇਕੱਠੇ ਸਮਾਗਮ ਵਿਚ ਸ਼ਾਮਲ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਪਰਿਵਾਰ ਗੁਰੂ ਸਾਹਿਬ ਦੇ ’ਜੋੜਾ ਸਾਹਿਬ’ ਦੀ ਪਿਛਲੇ 300 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਸੀ। ਹੁਣ ਪਰਿਵਾਰ ਨੇ ਇਹ ਜੋੜਾ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਥਾਈ ਤੌਰ ’ਤੇ ਸੁਸ਼ੋਭਿਤ ਕਰਨ ਵਾਸਤੇ ਦੇ ਦਿੱਤੇ ਹਨ ਤੇ ਪਟਨਾ ਸਾਹਿਬ ਤੱਕ ਲਿਜਾਣ ਵਾਸਤੇ ਇਹ ਸੇਵਾ ਦਿੱਲੀ ਗੁਰਦੁਆਰਾ ਕਮੇਟੀ ਨੂੰ ਸੌਂਪੀ ਗਈ ਹੈ ਜੋ ਗੁਰ ਚਰਨ ਯਾਤਰਾ ਦੇ ਰੂਪ ਵਿਚ ਇਹ ਜੋੜਾ ਸਾਹਿਬ ਪਟਨਾ ਪਹੁੰਚਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਤੋਂ ਪਟਨਾ ਤੱਕ ਜਿਥੋਂ ਜਿਥੋਂ ਵੀ ਇਹ ਯਾਤਰਾ ਨਿਕਲੇ, ਸੰਗਤ ਜੋੜਾ ਸਾਹਿਬ ਦੇ ਦਰਸ਼ਨ ਕਰਨ।