ਤਰਨਤਾਰਨ 'ਚ 16 ਕਰੋੜ ਦਾ ਟਰੌਮਾ ਸੈਂਟਰ ਤੇ ਪੱਟੀ 'ਚ 7 ਕਰੋੜ ਦਾ ਜੱਚਾ-ਬੱਚਾ ਕੇਂਦਰ 'ਆਪ' ਸਰਕਾਰ ਦੀ ਵੱਡੀ ਦੇਣ: ਡਾ. ਬਲਬੀਰ ਸਿੰਘ
ਮਾਨ ਸਰਕਾਰ ਨੇ ਤਰਨਤਾਰਨ ਦੇ ਸਿਹਤ ਢਾਂਚੇ ਦੀ ਨੁਹਾਰ ਬਦਲੀ, ਲੋਕ ਵਿਕਾਸ ਦੇ ਨਾਂ 'ਤੇ ਮੋਹਰ ਲਾਉਣਗੇ: ਡਾ. ਬਲਬੀਰ ਸਿੰਘ
'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗੀ: ਡਾ. ਬਲਬੀਰ ਸਿੰਘ
ਤਰਨਤਾਰਨ, 24 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲੇ ਗਏ ਇਸ ਸਰਹੱਦੀ ਖੇਤਰ (ਤਰਨਤਾਰਨ) ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਉਨ੍ਹਾਂ ਉਮੀਦ ਜਤਾਈ ਕਿ ਤਰਨਤਾਰਨ ਦੇ ਲੋਕ ਇਸ ਵਿਕਾਸ ਦੇ ਸਫ਼ਰ ਨੂੰ ਜਾਰੀ ਰੱਖਣ ਲਈ ਹਰਮੀਤ ਸਿੰਘ ਸੰਧੂ ਨੂੰ ਵੱਡੇ ਫਰਕ ਨਾਲ ਜਿਤਾਉਣਗੇ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ 'ਆਪ' ਸਰਕਾਰ ਵੱਲੋਂ ਤਰਨਤਾਰਨ ਜ਼ਿਲ੍ਹੇ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਵਚਨਬੱਧਤਾ ਤਹਿਤ ਸਿਵਲ ਹਸਪਤਾਲ ਤਰਨ ਤਾਰਨ ਵਿਖੇ 16 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਕਰੀਟੀਕਲ ਕੇਅਰ ਬਲਾਕ/ਟਰੌਮਾਂ ਸੈਂਟਰ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਸੈਂਟਰ ਇਸ ਸਾਲ ਦੇ ਅੰਤ ਤੱਕ ਆਮ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਜਾਵੇਗਾ, ਜੋ ਇਸ ਇਲਾਕੇ ਲਈ ਜੀਵਨ-ਰੱਖਿਅਕ ਸਾਬਤ ਹੋਵੇਗਾ।
ਇਸ ਤੋਂ ਇਲਾਵਾ, ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਹਸਪਤਾਲ, ਪੱਟੀ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ 30 ਬੈੱਡਾਂ ਵਾਲੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਦੀ ਇਮਾਰਤ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਜਲਦੀ ਹੀ ਇਸਨੂੰ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਮਾਨ ਸਰਕਾਰ ਦੀ ਮਾਵਾਂ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਆਮ ਆਦਮੀ ਕਲੀਨਿਕ' ਪੰਜਾਬ ਵਿੱਚ ਸਿਹਤ ਕ੍ਰਾਂਤੀ ਦਾ ਧੁਰਾ ਬਣ ਚੁੱਕੇ ਹਨ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਕਲੀਨਿਕਾਂ ਵਿੱਚ ਰੈਬੀਜ਼ ਦਾ ਟੀਕਾ ਅਤੇ ਪਰਿਵਾਰ ਨਿਯੋਜਨ ਦੀਆਂ ਸਾਰੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਜੈਕਟ 'ਫਰਿਸ਼ਤੇ ਸਕੀਮ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਕੀਮ ਕੀਮਤੀ ਜਾਨਾਂ ਬਚਾ ਰਹੀ ਹੈ। ਇਸ ਸਕੀਮ ਤਹਿਤ ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੇਕ ਇਨਸਾਨ ਨੂੰ 2000 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿੱਚ 15 ਪ੍ਰਾਈਵੇਟ ਅਤੇ 11 ਸਰਕਾਰੀ ਕੁੱਲ 26 ਹਸਪਤਾਲ ਇਸ ਸਕੀਮ ਅਧੀਨ ਇੰਪੈਨਲ ਕੀਤੇ ਗਏ ਹਨ ਤਾਂ ਜੋ ਹਰ ਕੀਮਤੀ ਜਾਨ ਨੂੰ ਤੁਰੰਤ ਇਲਾਜ ਮਿਲ ਸਕੇ।
ਕੈਬਨਿਟ ਮੰਤਰੀ ਨੇ ਹਲਕਾ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਤਰਨਤਾਰਨ ਦੇ ਸਰਬਪੱਖੀ ਵਿਕਾਸ ਲਈ, 'ਆਪ' ਸਰਕਾਰ ਦੇ ਹੱਥ ਮਜ਼ਬੂਤ ਕਰਨ ਅਤੇ ਇਸ ਵਿਕਾਸ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ 'ਝਾੜੂ' ਦਾ ਬਟਨ ਦਬਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਉਣ।