ਬਿਕਰਾਊਰ ਵਿਖੇ ਸਰਕਾਰੀ ਕਾਲਜ ਨੂੰ ਜਲਦੀ ਵਿੱਤ ਵਿਭਾਗ ਕੋਲੋਂ ਮਿਲੇਗੀ ਮੰਜੂਰੀ : ਕੁਲਦੀਪ ਸਿੰਘ ਧਾਲੀਵਾਲ
Babushahi Bureau
-ਪੰਜਾਬ ਦੇ ਸਰਹੱਦੀ ਖੇਤਰ ਨਾਲ ਸਾਬਕਾ ਸਰਕਾਰਾਂ ਨੇ ਵਿਕਾਸ ਤੇ ਰੁਜਗਾਰ ਪੱਖੋਂ ਕੀਤਾ ਡਾਹਢਾ ਵਿਤਕਰਾ-ਸ. ਧਾਲੀਵਾਲ
-ਅਜਨਾਲਾ ਹਲਕੇ ‘ਚ 1 ਨਵੰਬਰ ਤੋਂ ਵਿਕਾਸ ਕਾਰਜਾਂ ਦੀ ਝੜੀ ਲਾਉਣ ਲਈ ਸਰਹੱਦੀ ਸਰਪੰਚਾਂ ਨਾਲ ਸ. ਧਾਲੀਵਾਲ ਨੇ ਕੀਤੀਆਂ ਮੀਟਿੰਗਾਂ-
ਅੰਮ੍ਰਿਤਸਰ/ਅਜਨਾਲਾ, 22 ਅਕਤੂਬਰ( )- ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਦੀਵਾਲੀ ਦੀ ਪੂਰਵ ਸੰਧਿਆ ਤੇ ਵਧਾਈਆਂ ਸਾਂਝੀਆਂ ਕਰਨ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਚੰਡੀਗੜ ਵਿਖੇ ਉਨ੍ਹਾਂ ਦੇ ਜਨਮ ਦਿਨ ਮੌਕੇ ਮੁਬਾਰਕਾਂ ਦੇਣ ਸਮੇਂ ਹਲਕੇ ‘ਚ ਹੜ੍ਹ ਪੀੜਤਾਂ ਦੀ ਲੋਕ ਸੇਵਾ ਬਦਲੇ ਮਿਲੇ ਉਤਸ਼ਾਹ ਜਨਕ ਥਾਪੜੇ ਦੇ ਮੱਦੇਨਜ਼ਰ ਅੱਜ ਉਤਸ਼ਾਹੀ ਰੌਂਅ ‘ਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਅਜਨਾਲਾ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਬਲੜਵਾਲ ਤੇ ਬਲਾਕ ਰਾਏਪੁਰ ਕਲਾਂ ਵਿਖੇ ਵਿਕਾਸ ਕਾਰਜਾਂ ਦੀ ਮੁੜ ਸ਼ੁਰੂਆਤ ਕਰਨ ਲਈ ਵੱਖ ਵੱਖ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਸਿੱਧੀ ਗੱਲਬਾਤ ਕਰਕੇ ਸੁਝਾਅ ਹਾਸਲ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਐਲਾਨ ਕੀਤਾ ਕਿ ਹਲਕੇ ‘ਚ ਹੁਣ ਕੁਦਰਤੀ ਮਾਰ ਹੜ੍ਹਾਂ ਦੇ ਅੱਥਰੇ ਪਾਣੀ ਕਾਰਣ ਵਾਪਰੇ ਤਬਾਹੀ ਦੇ ਵਰਤਾਰੇ ਤੇ ਹੜ੍ਹਾਂ ਦੀ ਮਾਰ ਦੇ ਝੰਬੇ ਲੋਕਾਂ ਲਈ ਜੰਗੀ ਪੱਧਰ ਤੇ ਚਲਾਏ ਲੋਕ ਭਲਾਈ ਕਾਰਜਾਂ ਦੀਆਂ ਸਰਕਾਰੀ ਪ੍ਰਸ਼ਾਸ਼ਨ ਵਲੋਂ ਨਿਭਾਈਆਂ ਜਾ ਰਹੀਆਂ ਅਤਿ ਜ਼ਰੂਰੀ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਵਿਕਾਸ ਕਾਰਜਾਂ ਚ ਆਈ ਖੜੋਤ ਦਾ ਸਮਾਂ ਵੀ ਪੁੱਗ ਗਿਆ ਹੈ। ਜਦੋਂਕਿ ਪ੍ਰਭਾਵਿਤ ਲੋਕਾਂ ਚ ਮੁਆਵਜ਼ਾ ਵੰਡਣ ਸਮੇਂ ਮੁੜ ਵਸੇਬੇ ਦੇ ਕਾਰਜਾਂ ਦੀ ਪ੍ਰਕ੍ਰਿਆ ਦੌਰਾਨ ਪਹਿਲੀ ਨਵੰਬਰ ਤੋਂ ਨਿਰੰਤਰ ਸਾਲ ਭਰ ਹਲਕੇ ‘ਚ ਵਿਕਾਸ ਕਾਰਜਾਂ ਦੀ ਝੜੀ ਲਾਈ ਜਾਵੇਗੀ ।ਪਹਿਲੀ ਨਵੰਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਬਹੁ ਪੱਖੀ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਤੇ ਗੁਣਵੱਤਾ ਅਧਾਰਿਤ ਨੇਪੜੇ ਚਾੜਣ ਦੀ ਸਮਾਂ ਸੀਮਾ 31 ਮਾਰਚ 2026 ਨਿਰਧਾਰਿਤ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਤੇ ਵਿਧਾਇਕ ਸ. ਧਾਲੀਵਾਲ ਨੇ ਭਾਰਤ –ਪਾਕਿ ਕੌਮਾਂਤਰੀ ਸਰਹੱਦ ਤੇ ਸਥਿਤ ਵਿਧਾਨ ਸਭਾ ਹਲਕਾ ਅਜਨਾਲਾ ਸਮੇਤ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦ ਨੇੜੇ ਵੱਸੇ 10 ਕਸਬਿਆਂ ਤੇ 1838 ਪਿੰਡਾਂ ਦੇ ਅਜਾਦੀ ਪਿੱਛੋਂ 75 ਸਾਲਾਂ ‘ਚ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਬਹੁਪੱਖੀ ਵਿਕਾਸ ਤੇ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਪਿੱਛੋਂ ਦੂਸਰੀ ਸੁਰੱਖਿਆ ਪੰਕਤੀ ਵਜੋਂ ਰਿਹਾਇਸ਼ ਰੱਖ ਰਹੇ ਕਿਸਾਨਾਂ , ਮਜਦੂਰਾਂ, ਛੋਟੇ ਕਾਰੋਬਾਰੀਆਂ ਨੂੰ ਰੁਜਗਾਰ ਪੱਖੋਂ ਅਣਗੌਲ਼ਿਆਂ ਕੀਤੇ ਜਾਣ ਦੀ ਨੀਤੀ ਦੀ ਤਿੱਖੀ ਘੇਰਾਬੰਦੀ ਕੀਤੀ।
ਧਾਲੀਵਾਲ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਨੇੜੇ ਵੱਸਦੇ ਬਹੁ ਵੱਸੋਂ ਵਾਲੇ ਰਾਏਸਿੱਖ ਭਾਈਚਾਰੇ ਦੀ ਰੁਜਗਾਰ ਵਸੀਲ਼ਿਆਂ ਕਾਰਣ ਪ੍ਰਵਾਸੀ ਮਜਦੂਰਾਂ ਵਾਂਗ ਪਰਿਵਾਰਾਂ ਸਮੇਤ ਹਰ ਛੇਮਾਹੀਂ ਹੁੰਦੀ ਹਿਜਰਤ ਨੂੰ ਠੱਲ੍ਹਣ ਲਈ ਕੋਈ ਖੇਤੀ ਅਧਾਰਿਤ ਸਰਕਾਰੀ ਤੇ ਨਿੱਜੀ ਖੇਤਰ ‘ਚ ਉਦਯੋਗ ਸਥਾਪਿਤ ਕਰਨ ‘ਚ ਕੋਈ ਰੁਚੀ ਹੀ ਨਹੀਂ ਦਿਖਾਈ ਗਈ ਅਤੇ ਨਾ ਹੀ ਕੋਈ ਉਚੇਰੀ ਸਰਕਾਰੀ ਸਿੱਖਿਆ ਲਈ ਵਿਿਦਅੱਕ ਕਾਲਜ ਤੇ ਕਿੱਤਾਮੁੱਖੀ ਤਕਨੀਕੀ ਸਿੱਖਿਆ ਲਈ ਬਹੁਤਕਨੀਕੀ ਉਦਯੋਗਿਕ ਸਿਖਲਾਈ ਖੋਲ੍ਹਣ ਵਾਸਤੇ ਕੋਈ ਚਾਰਾਜੋਈ ਕੀਤੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿਖੇ ਉਚੇਰੀ ਸਿੱਖਿਆ ਲਈ ਸਰਕਾਰੀ ਕਾਲਜ ਖੋਲ੍ਹਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕੋਲੋਂ ਪ੍ਰਵਾਣਗੀ ਲੈ ਕੇ ਕਾਲਜ ਦੀ ਸਥਾਪਤੀ ਉਤੇ ਹੋਣ ਵਾਲੇ ਖਰਚਿਆਂ ਦਾ ਤਿਆਰ ਕੇਸ ਵਿੱਤ ਵਿਭਾਗ ਪੰਜਾਬ ਕੋਲ ਮੰਜੂਰੀ ਲਈ ਚਲਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਹੁਪੱਖੀ ਵਿਕਾਸ ਤੇ ਰੁਜਗਾਰ ਲਈ ਜੀਵਨ ਰੇਖਾ ਮੰਨੀ ਜਾਂਦੀ ਰੇਲ ਗੱਡੀ ਦੀ ਸੇਵਾ ਨੂੰ ਅੰਮ੍ਰਿਤਸਰ ਤੋਂ ਸਰਹੱਦੀ ਨਗਰੀ ਬਲੜਵਾਲ ਵਾਇਆ ਅਜਨਾਲਾ ਤੋਂ ਇਤਿਹਾਸਕ ਨਗਰ ਰਮਦਾਸ ਤੱਕ ਰੇਲਵੇ ਲਾਈਨ ਵਿਛਾਉਣ ਲਈ ਉਨ੍ਹਾਂ (ਸ. ਧਾਲੀਵਾਲ ) ਵਲੋਂ ਕੇਂਦਰੀ ਰੇਲ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨਾਲ ਸਰਕਾਰੀ ਤੌਰ ਤੇ ਉਚੇਚੀ ਮੀਟਿੰਗ ਕਰਕੇ ਅਵਾਜ ਉਠਾਈ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਹਲਕੇ ਤੋਂ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ‘ਚ ਪ੍ਰਤੀਨਿਧਤਾ ਕਰਦੇ ਰਹੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਵਲੋਂ ਇਸ ਮੁੱਦੇ ਤੇ ਕੇਂਦਰ ਸਰਕਾਰ ਦੇ ਰੇਲ ਮੰਤਰੀਆਂ ਨਾਲ ਮੀਟਿੰਗ ਕਰਕੇ ਜਾਂ ਸੰਸਦ ਤੇ ਪੰਜਾਬ ਵਿਧਾਨ ਸਭਾ ਆਵਾਜ਼ ਨਹੀਂ ਉਠਾਈ ਗਈ।
ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਡੀਐਸਪੀ ਗੁਰਵਿੰਦਰ ਸਿੰਘ ਔਲ਼ਖ, ਪੀਏ ਮੁਖਤਾਰ ਸਿੰਘ ਬਲੜਵਾਲ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਜਗੀਰ ਸਿੰਘ, ਸਰਪੰਚ ਜਗਤਾਰ ਸਿੰਘ, ਸ. ਹਰਦੇਵ ਸਿੰਘ ਡੱਲਾ, ਰਘਬੀਰ ਸਿੰਘ ਬਲਾਕ ਇੰਚਾਰਜ, ਪਰਮਜੀਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ, ਸਰਪੰਚ ਸੋਨੂੰ ਸਿੰਘ, ਰਾਜਬੀਰ ਸਿੰਘ, ਨਿੰਦਰ ਸਿੰਘ ਖਾਨਵਾਲ, ਸਰਪੰਚ ਨਤੀਸ਼, ਆਦਿ ਵੱਖ ਵੱਖ ਪਿੰਡਾਂ ਦੇ ਨੁਮਾਇੰਦੇ ਤੇ ਸਰਪੰਚ ਮੌਜੂਦ ਸਨ।