ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹੜ੍ਹ ਪੀੜਤਾਂ ਲਈ ਟਰੈਕਟਰ ਭੇਜਣ ਵਾਸਤੇ ਵਿਉਂਤਬੰਦੀ
ਅਸ਼ੋਕ ਵਰਮਾ
ਬਠਿੰਡਾ,18 ਅਕਤੂਬਰ 2025:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਕਰਨ ਸਬੰਧੀ ਚੱਲ ਰਹੀ ਮੁਹਿੰਮ ਤਹਿਤ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਨ ਲਈ 23 ਅਕਤੂਬਰ ਨੂੰ ਟਰੈਕਟਰ ਭੇਜਣ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਇਸ ਨਾਲ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜਿਆਦਾ ਮੀਹਾਂ ਕਾਰਨ ਹੋਏ ਘਰਾਂ, ਪਸੂਆਂ, ਫਸਲਾਂ ਅਤੇ ਜਾਨੀ ਨੁਕਸਾਨ ਦੀ ਵੀ ਪੂਰੀ ਭਰਪਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਉੱਚੀ- ਨੀਵੀਂ ਹੋਈ ਜਮੀਨ ਪੱਧਰੀ ਕਰਨ ਅਤੇ ਬਿਜਾਈ ਲਈ ਡੀਜ਼ਲ ਤੇ ਦੋਵੇਂ ਸਰਕਾਰਾਂ ਵੱਲੋਂ ਲਾਇਆ ਸਾਰਾ(ਜੋ56ਰੁਪੈ ਪ੍ਰਤੀ ਲੀਟਰ,)ਟੈਕਸ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹੜ ਪੀੜਤ ਗਰੀਬ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਖਾਣ ਵਾਲੀ ਕਣਕ, ਪਸੂਆਂ ਲਈ ਤੂੜੀ, ਅਚਾਰ ਅਤੇ ਹੋਰ ਘਰੇਲੂ ਵਰਤੋਂ ਲਈ ਬਿਸਤਰੇ, ਖੇਸ, ਸੂਟ ਤੇ ਹੋਰ ਸਮਾਨ ਭੇਜਿਆ ਜਾ ਚੁੱਕਿਆ ਹੈ। ਹੁਣ 23 ਤਰੀਕ ਨੂੰ ਉਹਨਾਂ ਦੇ ਜਮੀਨ ਪੱਧਰਾਂ ਕਰਨ ਲਈ ਟਰੈਕਟਰਾਂ ਮਗਰ ਕਰਾਹੇ ਪਾ ਕੇ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਮਾਨਸਾ ਫਰੀਦਕੋਟ ਜ਼ਿਲਿਆਂ ਤੋਂ ਸੈਂਕੜੇ ਟਰੈਕਟਰ ਭੇਜੇ ਜਾਣਗੇ ਅਤੇ ਜਥੇਬੰਦੀ ਦੀ ਸਮਰੱਥਾ ਅਨੁਸਾਰ ਕਣਕ ਦਾ ਬੀਜ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਇਸ ਤੋਂ ਇਲਾਵਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਮਜਬੂਰੀ ਵੱਸ ਅੱਗ ਲਾਉਣ ਵਾਲੇ ਕਿਸਾਨਾਂ ਤੇ ਸਖਤੀ ਕਰਨ ਦੀ ਬਜਾਏ ਉਹਨਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਦੁਆਰਾ ਕਿਸਾਨਾਂ ਦੇ ਹਿਤਾਂ ਵਿੱਚ ਕੀਤੇ ਫੈਸਲੇ ਮੁਤਾਬਿਕ ਪਰਾਲੀ ਦੀ ਸੰਭਾਲ ਲਈ ਮੁਫਤ ਜਾਂ ਥੋੜੇ ਖਰਚਿਆਂ ਵਿੱਚ ਦਿੱਤੇ ਹੋਏ ਹੁਕਮਾਂ ਤਹਿਤ ਮਸ਼ੀਨਰੀ ਮੁਹਈਆ ਕਰਾਈ ਜਾਵੇ। ਉਹਨਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਹਿਲਾਂ ਤੋਂ ਹੀ ਕਰਜੇ ਚ ਨਪੀੜੇ ਜਾ ਚੁੱਕੇ ਕਿਸਾਨਾਂ ਨੂੰ ਡੀਏਪੀ ਯੂਰੀਆ ਖਾਦ ਦੇ ਨਾਲ ਹੋਰ ਧੱਕੇ ਨਾਲ ਸਮਾਨ ਦੇਣਾ ਬੰਦ ਕੀਤਾ ਜਾਵੇ ਅਤੇ ਜਬਰਦਸਤੀ ਸਮਾਨ ਮੜਨ ਵਾਲੇ ਦੁਕਾਨਦਾਰਾਂ/ਵਪਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਸਹਿਕਾਰੀ ਅਤੇ ਖੇਤੀ ਵਿਕਾਸ ਬੈਂਕਾਂ ਵਿਚ ਯਕਮੁਸ਼ਤ ਸਕੀਮ ਲਾਗੂ ਕਰਕੇ ਕਰਜ਼ਿਆਂ ਦਾ ਨਿਬੇੜਾ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ, ਕਰਮਜੀਤ ਕੌਰ ਲਹਿਰਾਖਾਨਾ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀ ਖੁਰਦ ਸਮੇਤ ਬਲਾਕਾ /ਪਿੰਡਾਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਿਲ ਸਨ।