ਸਰਕਾਰੀ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋਨਲ ਯੂਥ ਫੈਸਟੀਵਲ ਦੇ ਪਹਿਲੇ ਦਿਨ, ਜ਼ੋਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ,17 ਅਕਤੂਬਰ ਸਰਕਾਰੀ ਕਾਲਜ ਗੁਰਦਾਸਪੁਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ਜੋਨਲ ਯੂਥ ਫੈਸਟੀਵਲ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 39 ਅੰਕ ਪ੍ਰਾਪਤ ਕਰਕੇ ਜੋਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਪ੍ਰਬੰਧਕੀ ਸਹਿਯੋਗ ਦਾ ਪ੍ਰਤੀਕ ਹੈ। ਕਾਲਜ ਦੇ ਵਿਦਿਆਰਥੀਆਂ ਨੇ ਕਲਾ, ਸੰਗੀਤ ਅਤੇ ਨ੍ਰਿਤ੍ਯ ਦੇ ਵੱਖ-ਵੱਖ ਵਿਭਾਗਾਂ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ।
ਭੰਗੜਾ (ਗਰੁੱਪ) ਵਿੱਚ ਵਿਦਿਆਰਥੀਆਂ ਨੇ ਪਹਿਲਾ ਇਨਾਮ ਪ੍ਰਾਪਤ ਕਰਦਿਆਂ ਆਪਣੀ ਸਮਰਪਣ ਸ਼ੀਲਤਾ ਤੇ ਜੋਸ਼ ਨਾਲ ਦਰਸ਼ਕਾਂ ਨੂੰ ਮੋਹ ਲਿਆ। ਭੰਗੜਾ (ਇੰਡੀਵੀਜੁਅਲ) ਸ਼੍ਰੇਣੀ ਵਿੱਚ ਅਸ਼ੀਸ਼ (M.Com-I) ਨੇ ਪਹਿਲਾ ਇਨਾਮ ਜਿੱਤਦਿਆਂ “ਜ਼ੋਨ ਦਾ ਸ੍ਰੇਸ਼ਠ ਭੰਗੜਾ ਨਰਤਕ” ਬਣ ਕੇ ਕਾਲਜ ਦਾ ਮਾਣ ਵਧਾਇਆ।
ਕਲਾਸੀਕਲ ਇੰਸਟ੍ਰੂਮੈਂਟਲਵਿੱਚ ਕਾਲਜ ਨੇ ਪਹਿਲਾ ਇਨਾਮ ਜਿੱਤ ਕੇ ਸੰਗੀਤਕ ਨਿਪੁੰਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੈਸਟਰਨ ਇੰਸਟ੍ਰੂਮੈਂਟਲ (ਸੋਲੋ) ਵਿੱਚ ਵਿਦਿਆਰਥੀਆਂ ਨੇ ਉੱਚ ਕੋਟੀ ਦੇ ਪ੍ਰਦਰਸ਼ਨ ਨਾਲ ਪਹਿਲਾ ਇਨਾਮ ਪ੍ਰਾਪਤ ਕੀਤਾ, ਜਦਕਿ ਵੈਸਟਰਨ ਵੋਕਲ (ਸੋਲੋ) ਵਿੱਚ ਸੁਰੀਲੇ ਤੇ ਪ੍ਰਭਾਵਸ਼ਾਲੀ ਗੀਤ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਕਲਾਸੀਕਲ ਡਾਂਸ, ਵੈਸਟਰਨ ਗਰੁੱਪ ਸਾਂਗ ਅਤੇ ਫੋਕ ਆਰਕੈਸਟਰਾ ਵਿੱਚ ਦੂਜਾ ਸਥਾਨ ਪ੍ਰਾਪਤ ਹੋਇਆ, ਜਦਕਿ ਕਲਾਸੀਕਲ ਵੋਕਲ (ਸੋਲੋ) ਵਿੱਚ ਤੀਜਾ ਇਨਾਮ ਜਿੱਤਿਆ ਗਿਆ
ਇਸ ਤਰ੍ਹਾਂ, ਕੁੱਲ 10 ਆਈਟਮਾਂ ਵਿੱਚੋਂ 9 ਵਿੱਚ ਇਨਾਮ ਪ੍ਰਾਪਤ ਕਰਨਾ ਸਰਕਾਰੀ ਕਾਲਜ਼ ਗੁਰਦਾਸਪੁਰ ਲਈ ਬੇਹੱਦ ਮਾਣਯੋਗ ਪ੍ਰਾਪਤੀ ਹੈ।
ਇਸ ਇਤਿਹਾਸਕ ਸਫਲਤਾ ‘ਤੇ ਕਾਲਜ ਪਰਿਵਾਰ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਆਪਣੇ ਸੰਵੇਦਨਸ਼ੀਲ ਅਤੇ ਪ੍ਰੇਰਕ ਸ਼ਬਦਾਂ ਵਿੱਚ ਕਿਹਾ ਕਿ “ਰਾਵੀ ਦੇ ਕੰਢੇ ਜਿਨ੍ਹੇ ਮਰਜ਼ੀ ਹੜ੍ਹ ਆ ਜਾਣ, ਸਾਡੀ ਕਲਾ, ਸਾਡੀ ਸੰਸਕ੍ਰਿਤੀ ਹਾਲੇ ਵੀ ਜਿਉਂਦੀ ਹੈ। ਅਸੀਂ ਹਮੇਸ਼ਾਂ ਜੋਸ਼ ਚ ਰਹਾਂਗੇ ਕਿਉਂਕਿ ਇਹ ਜੋਸ਼, ਇਹ ਜਜ਼ਬਾ, ਇਹ ਸੰਸਕ੍ਰਿਤੀ ਹੀ ਸਾਡੇ ਜੀਵਨ ਦੀ ਤਾਕਤ ਹੈ।” ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਹਮੇਸ਼ਾਂ ਰਚਨਾਤਮਕਤਾ, ਸੰਗੀਤ ਅਤੇ ਸੰਸਕ੍ਰਿਤੀ ਦੀ ਧਰਤੀ ਰਹੀ ਹੈ। ਸਾਡੇ ਵਿਦਿਆਰਥੀਆਂ ਨੇ ਸਿਰਫ਼ ਇਨਾਮ ਨਹੀਂ ਜਿੱਤੇ, ਸਗੋਂ ਉਹਨਾਂ ਨੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਲੋਕ-ਵਿਰਾਸਤ ਅਤੇ ਜਜ਼ਬੇ ਨੂੰ ਮੰਚ ‘ਤੇ ਜੀਵੰਤ ਕੀਤਾ ਹੈ। ਪ੍ਰੋ. ਭੱਲਾ ਨੇ ਕਲ੍ਹ ਅਤੇ ਪਰਸੋਂ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹੋਰ ਜੋਸ਼ ਨਾਲ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਇਹ ਸਫਲਤਾ ਲਗਾਤਾਰ ਕਾਇਮ ਰਹੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰਾਪਤੀ ਦੇ ਪਿੱਛੇ ਅਧਿਆਪਕਾਂ ਦੀ ਮਿਹਨਤ, ਸਹਿਯੋਗ ਅਤੇ ਸਮਰਪਣ ਮਹੱਤਵਪੂਰਨ ਹੁੰਦਾ ਹੈ।
ਇਸ ਪ੍ਰਦਰਸ਼ਨ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਸਰਕਾਰੀ ਕਾਲਜ ਗੁਰਦਾਸਪੁਰ ਸਿਰਫ਼ ਅਕਾਦਮਿਕ ਖੇਤਰ ਵਿੱਚ ਹੀ ਨਹੀਂ, ਸਗੋਂ ਸੱਭਿਆਚਾਰਕ ਮੰਚਾਂ ‘ਤੇ ਵੀ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਵਿਦਿਆਰਥੀ ਗੁਰਦਾਸਪੁਰ ਦਾ ਨਾਮ ਰੌਸ਼ਨ ਕਰਦੇ ਹੋਏ ਇਹ ਦਰਸਾ ਰਹੇ ਹਨ ਕਿ ਜੋਸ਼, ਮਿਹਨਤ ਅਤੇ ਸੰਗਠਿਤ ਯਤਨ ਨਾਲ ਹਰ ਉੱਚਾਈ ਪ੍ਰਾਪਤ ਕੀਤੀ ਜਾ ਸਕਦੀ ਹੈ।