ਏਹੁ ਕੇਹੀ ਰੁੱਤ ਆਈ....ਡਿਜਿਟਲ.. ਰੁੱਤ... ਇੱਕ ਪਾੜਾ..
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ/ ਬਲਜੀਤ ਬੱਲ
ਕਿਸੇ ਕੌਮ ਦੀ ਪਹਿਚਾਣ ਉਸ ਦਾ ਸੱਭਿਆਚਾਰ ਹੋਇਆ ਕਰਦਾ ਸੀ। ਪਰਿਵਾਰ ਘਰ ਇਕ ਵਿਹੜਾ ਉਸ ਵਿੱਚ ਮੰਜੇ ਡਾਹ ਕੇ ਬੈਠੇ ਬਜ਼ੁਰਗ ਪਰਿਵਾਰ ਦੀ ਰੂਹ ਤੇ ਸਨਮਾਨ ਹੋਇਆ ਕਰਦੇ ਸਨ। ਭੀੜ ਭੜੱਕੇ ਦੇ ਯੁੱਗ ਵਿੱਚ ਘਰਾਂ ਦੇ ਪੋਰਸ਼ਨ,ਕਮਰੇ,ਇਕੱਲਤਾ ਨੇ ਇੱਕ ਚੁੱਪ ਜਿਹੀ ਪਹਿਚਾਣ ਬਣਾ ਕੇ ਪਰਿਵਾਰ ਦੀ ਹੋਂਦ ਬਦਲ ਦਿੱਤੀ.।ਜਿਸ ਦਾ ਮੁਢਲਾ ਕਾਰਨ ਸੰਚਾਰ ਮਾਧਿਅਮਾਂ ਦੀ ਹੋਂਦ ਹੈ। ਡਿਜੀਟਲ ਸੰਸਾਰ ਨੇ ਪਰਿਵਾਰਾਂ ਵਿੱਚ ਇੱਕ ਗੈਪ ਵੀ ਪੈਦਾ ਕੀਤਾ ਤੇ ਕੁਝ ਨਵਾਂ ਸਿੱਖਣ ਦੀਆਂ ਤਕਨੀਕਾਂ ਵੀ ਪੈਦਾ ਕੀਤੀਆਂ 1997 ਤੋਂ ਲੈ ਹੁਣ ਤੱਕ ਪੈਦਾ ਹੋਏ ਬੱਚੇ ਡਿਜੀਟਲ ਮੂਲ ਦੇ ਬੱਚੇ ਹੀ ਕਿਹਾ ਜਾ ਸਕਦਾ ਹੈ।
ਅੱਜ ਤੋਂ ਕੋਈ ਤਿੰਨ ਦਿਹਾਕੇ ਪਹਿਲਾਂ ਪਰਿਵਾਰ ਇਕੱਠੇ ਬੈਠਦੇ ਗੱਲਾਂ ਕਰਦੇ ਇੱਕ ਦੂਜੇ ਦੀਆਂ ਖੁਸ਼ੀਆਂ ਵੰਡਦੇ, ਖਤ ਉਡੀਕਦੇ, ਖਤਾਂ ਦੇ ਸਰਨਾਵੇ ਹੁੰਦੇ,ਤੇ ਸੁਨੇਹੇ...ਕਦੀ ਕਦਾਈ ਲੈਂਡਲਾਈਨ ਤੇ ਫੋਨ ਦੀ ਘੰਟੀ ਵੱਜਦੀ...ਤੇ।ਉਹ ਵੀ ਇੱਕ ਵੱਖਰੀ ਪਹਿਚਾਣ ਮਾਂ ਰੋਟੀ ਪਕਾਉਂਦੀ ਆਟਾ ਫੁੜਕਦਾ,ਬਨੇਰੇ ਤੇ ਕਾਂ ਬੋਲਦਾ, ਕਿਸੇ ਪਰੋਣੇ ਦੀ ਉਡੀਕ ਬਣਦੀ ਹੁਣ ਤਾਂ ਸਭ ਕੁਝ ਕਿਆਸ ਅਰਾਈਆਂ ਹੀ ਰਹਿ ਗਈਆਂ ਨੇ..ਵੀਡੀਓ ਕਾਲ ਦੇ ਜਰੀਏ ਕਿੰਨਾ ਹੀ ਸਫਰ ਮੁੱਕ ਗਿਆ।ਬਨਾਵਟੀ ਜਿਹੀਆਂ ਮੁਲਾਕਾਤਾਂ ਸਮਾਂ ਤਾਂ ਬਚਾਅ ਲਿਆ ਪਰ ਧੜਕਦੇ ਦਿਲ ਨੂੰ ਜੱਫੀ ਪਾ ਕੇ ਮਿਲਣ ਦਾ ਨਿੱਘ ਖਤਮ ਕਰ ਲਿਆ।
ਬਾਜ਼ਾਰ ਦੀ ਰੌਣਕ ਚੁੱਪ ਵਿੱਚ ਬਦਲ ਗਈ ਐਮਾਜ਼ੂਨ, ਫਲਿਪ ਕਾਰਡ, ਬਲਿੰਕਟ, ਵਰਗੇ ਬਾਜ਼ਾਰ ਨੇ ਘਰ ਬੈਠਿਆ ਸਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ.. ਛੋਟਾ ਦੁਕਾਨਦਾਰ ਗਰੀਬੀ ਦੀ ਰੇਖਾ ਤੋਂ ਥੱਲੇ ਆ ਗਿਆ ਸਰਮਾਏਦਾਰ ਇਸ ਦਾ ਆਨੰਦ ਮਾਣ ਰਿਹਾ।
ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਤਰੀਕਿਆਂ ਨਾਲ ਇੱਕ ਛੋਟੇ ਜਿਹੇ ਡਿਵਾਈਸ ਮੋਬਾਈਲ ਦੇ ਜ਼ਰੀਏ ਆਪੋ ਆਪਣੇ ਰੁਝੇਵਿਆਂ ਚ ਹਨ।ਬੱਚੇ ਆਪਣੇ ਦੋਸਤਾਂ ਨਾਲ,ਮਾਪੇ ਆਪਣੇ ਕੰਮਾਂ ਕਾਜਾਂ ਚ,ਜਵਾਨ ਹੁੰਦੀ ਧੀ ਨੂੰ ਹੁਣ ਮਾਂ ਦੀ ਥਾਂ ਮੋਬਾਈਲ ਜਿਆਦਾ ਕੁਝ ਸਮਝਾ ਰਿਹਾ ਹੈ।ਕਿਸ਼ੋਰ ਅਵਸਥਾ ਵਿੱਚ ਪੁੱਤ ਬਾਪ ਕੋਲ ਬੈਠਣ ਦੀ ਜਗ੍ਹਾ ਮੋਬਾਈਲ ਤੇ ਜਿਆਦਾ ਕੁਝ ਸਿੱਖ ਰਿਹਾ ਹੈ।ਬਿਜਨਸ ਮੋਬਾਈਲ ਤੇ ਚੱਲ ਰਿਹਾ ਹੈ,ਮਾਰਕੀਟ ਦੇ ਸਾਰੇ ਰੇਟ ਅਸੀਂ ਮੋਬਾਇਲ ਤੋਂ ਵੇਖ ਰਹੇ ਹਾਂ।
ਜਿਹੜੇ ਬਜ਼ੁਰਗ ਸਾਨੂੰ ਇਹ ਦੱਸਦੇ ਸਨ ਕਿ ਫਸਲਾਂ ਦੀ ਰੁੱਤ ਕਦੋਂ ਆਉਂਦੀ ਹੈ। ਵਿਆਹ ਦੀਆਂ ਰਸਮਾਂ ਕਿਵੇਂ ਨਿਭਾਈਦੀਆਂ ਨੇ, ਧੀਆਂ ਦਾ ਦਾਜ ਤੇ ਪੁੱਤਰਾਂ ਦੀ ਵਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ.। ਉਹ ਔਰਤਾਂ ਜੋ ਘੋੜੀਆਂ ਤੇ ਸੁਹਾਗ ਗਾਉਂਦੀਆਂ ਸਨ। ਸਭ ਕੁਝ ਇੱਕ ਬੀਤੇ ਦੀ ਗੱਲ ਹੋ ਗਈ ਹੈ ਉਹ ਚੁੱਪ ਨੇ ਇਹ ਲੋੜਾਂ ਸੰਚਾਰ ਮਾਧਿਅਮ ਇੰਟਰਨੈਟ ਰਾਹੀਂ ਪੂਰੀਆਂ ਹੋ ਰਹੀਆਂ ਨੇ ਯੂ ਟੀਊਬ ਤੋਂ ਸੁਹਾਗ ਘੋੜੀਆਂ ਮਿਲ ਰਹੀਆਂ ਨੇ,ਨਵੇਂ ਨਵੇਂ ਪਹਿਰਾਵੇ ਨਵੀਆਂ ਨਵੀਆਂ ਉਮੀਦਾਂ ਇੰਟਰਨੈਟ ਮੁਹਈਆ ਕਰਵਾ ਰਿਹਾ ਹੈ.।
ਭਾਵਨਾਤਮਕ ਸਾਂਝ ਖਤਮ ਹੋ ਰਹੀ ਹੈ ਬੱਚਿਆਂ ਤੋਂ ਸਤਿਕਾਰ, ਬੱਚੇ ਦੀਆਂ ਬਜ਼ੁਰਗਾਂ ਤੋਂ ਦੂਰੀਆਂ ਸਭ ਇੰਟਰਨੈਟ ਕਰਕੇ.. ਬਦਲ ਰਹੀਆਂ ਹਨ।ਹਾਂ,ਜਦੋਂ ਕਦੇ ਬਜ਼ੁਰਗ ਨੂੰ ਉਸਦਾ ਪੋਤਰਾ ਉਸਦੇ ਗਵਾਚੇ ਦੋਸਤ ਨਾਲ ਵੀਡੀਓ ਕਾਲ ਤੇ ਗੱਲ ਕਰਵਾਉਂਦਾ ਹੈ।ਉਸ ਦਾ ਚਾਅ ਇਹ ਗੱਲ ਮਲੋ ਮਲੀ ਕਹਿੰਦਾ ਹੈ,ਚਲ ਕਿਤੇ ਮਿਲੇ ਤਾਂ ਸਹੀ ਅਤੀਤ ਦੀਆਂ ਯਾਦਾਂ ਤਾਂ ਸਾਂਝੀਆਂ ਕੀਤੀਆਂ ਫਿਰ ਉਹ ਰੁੱਝੇ ਵਿਆਂ ਚੋਂ ਇਹ ਗੱਲਾਂ ਲੱਭਦਾ ਹੈ,ਦਾਦੀ ਗੁਰਬਾਣੀ ਸੁਣਦੀ ਹੈ, ਆਪੋ ਆਪਣੇ ਤਰੀਕਿਆਂ ਦੇ ਰੁੱਝੇਵੇਂ ਵੀ ਬਣ ਜਾਂਦੇ ਹਨ।
ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਵੀ ਜੂਮ ਮੀਟਿੰਗ ਰਾਹੀਂ ਹੋ ਜਾਂਦੀ ਹੈ ਇੱਕ ਅਧਿਆਪਕ ਦੇ ਸਰਵੇਖਣ ਅਨੁਸਾਰ ਮਾਪੇ ਆਗਿਆਕਾਰੀ ਬੱਚੇ ਚਾਹੁੰਦੇ ਹਨ ਬੱਚੇ ਚਾਹੁੰਦੇ ਹਨ ਕਿ ਮਾਪੇ ਸਾਨੂੰ ਸਮਝਣ ਕਿਉਂਕਿ ਪੀੜੀ ਦਾ ਪਾੜਾ ਵਿਗਿਆਨਿਕ ਯੁੱਗ ਵਿੱਚ ਜਿਆਦਾ ਵਿਖਾਈ ਦਿੰਦਾ ਹੈ.।
ਇਹ ਤਾਂ ਅਸੀਂ ਮੰਨਦੇ ਹਾਂ ਕਿ ਇੰਟਰਨੈਟ ਜਰੀਏ ਅਸੀਂ ਖੋਜਾਂ ਨੂੰ ਕਿਤਾਬਾਂ ਨੂੰ ਨਵੀਆਂ ਤਕਨੀਕਾਂ ਨੂੰ ਭਲੀਭਾਤ ਜਾਣ ਸਕਦੇ ਹਾਂ ਪਰ ਕੀ ਕੁਝ ਗਵਾ ਰਹੇ ਹਾਂ ਇਸ ਬਾਰੇ ਵੀ ਸੋਚਣਾ ਸਾਡੇ ਲਈ ਜਰੂਰੀ ਹੈ ਚਲੋ ਇੱਕ ਵਾਰ ਇਸ ਵਿਸ਼ੇ ਤੇ ਵਿਚਾਰ ਕਰਦੇ ਹਾਂ......
ਕੁਝ ਨਜ਼ਦੀਕੀਆਂ... ਕੁਝ ਸੁਨੇਹੇ.. ਸਤਿਕਾਰ... ਮੁਹੱਬਤ..
ਹੱਕ... ਦਿਲ ਦਾ ਦਰਦ.. ਜੋ ਸਕੂਨ ਧੀ ਪੁੱਤ ਨੂੰ ਜੱਫੀ ਪਾ ਮਿਲਦਾ ਸੀ.. ਉਹ ਵੀਡੀਓ ਕਾਲ ਨਹੀਂ ਦੇ ਸਕਦੀ.. ਔਖੇ ਵੇਲੇ.. ਹੰਝੂ ਵੇਖ ਤਾ ਲਵੋਗੇ ਪਰ.. ਪੂੰਝਣ ਦੀ ਜਾਂਚ ਨਹੀਂ ਹੁੰਦੀ.. ਇੰਟਰਨੈਟ ਨੂੰ.. ਮੈਨੂੰ ਯਾਦ ਹੈ.. ਜਦੋਂ ਕੋਈ ਤੁਹਾਡਾ ਆਪਣਾ ਰੇਤ ਬਣ ਮੁੱਠੀ ਵਿੱਚੋ ਕਿਰਦਾ ਹੈ... ਸ਼ਬਦ ਮੁੱਕ ਜਾਂਦੇ ਨੇ.. ਫਿਰ.. ਹੱਥਾਂ ਦੀ ਲੋੜ ਹੁੰਦੀ ਹੈ ਕੋਈ.. ਆਪਣਾ ਮੱਥਾ ਚੁੰਮ ਕਹੇ.. ਤੇਰੇ ਨਾਲ ਹਾਂ.. ਇੰਟਰਨੈਟ ਨਹੀਂ ਕਰ ਸਕਦਾ..
ਭਾਵੁਕ ਨਹੀਂ..ਹੈ ਇੰਟਰਨੈਟ. ਆਉਣ ਵਾਲੀਆਂ ਪੀੜੀਆਂ ਵੀ ਗੁਆ ਲੈਣਗੀਆਂ ਪੁਰਖਿਆ ਦੀਆਂ ਪੇੜਾਂ..
ਲੋੜ ਹੈ ਸਮਝਣ ਦੀ... ਸਿੱਖਣ ਦੀ ਰਲ ਬਹਿਣ ਦੀ.. ਮੈਂ ਆਪਣੇ ਤਜ਼ਰਬੇ ਤੋਂ ਦੱਸਾਂ.. ਹਰ ਸ਼ਾਮ ਉਡੀਕ ਹੁੰਦੀ ਹੈ.. ਇੱਕਠੇ ਬਹਿ.. ਸਾਂਝ ਦੀਆਂ ਗੱਲਾਂ ਦੀ, ਜ਼ੁਮੇਵਾਰੀਆਂ ਦੀ.. ਪਰ.. ਸਭ
ਤੁਰ ਗਿਆ, ਤਰੱਕੀ ਦੇ ਭੁਲੇਖੇ ਵਿੱਚ,.... ਹਰ ਨੁੱਕਰ.. ਉਦਾਸ ਹੈ...
ਹੰਭਲਾ ਮਾਰੋ.. ਜ਼ਿੰਦਗੀ ਨੂੰ ਤਿਉਹਾਰ ਬਣਾ, ਸਮਾਂ ਆਪਣਿਆਂ ਨਾਲ ਗੁਜ਼ਾਰੋਂ.. ਕੰਬਦੇ ਹੱਥਾਂ ਦੀ ਅਸੀਸ ਲੈ.. ਸਫ਼ਰ ਜ਼ਾਰੀ ਰੱਖੋ
ਸਾਡੀ ਧਾਰਮਿਕ ਆਸਥਾ ਸਾਨੂੰ ਇੰਟਰਨੈਟ ਤੋਂ ਥੋੜਾ ਸਾਹ ਦਵਾ ਸਕਦੀ ਹੈ। ਪਾਠ ਕਰਦੇ ਸਮੇਂ,ਅਰਦਾਸ ਕਰਦੇ ਸਮੇਂ,ਕੀਰਤਨ ਕਰਦੇ ਸਮੇਂ ਮੋਬਾਇਲ ਨੂੰ ਕੁਝ ਸਮੇ ਲਈ ਬੰਦ ਕਰਕੇ ਮਹਿਸੂਸ ਕਰੋ ਕਿ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਦੀ ਨੇੜਤਾ ਦਾ ਨਿੱਘ ਲੈ ਸਕਦੇ ਹੋ...

-
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ/ ਬਲਜੀਤ ਬੱਲ , ਸਕੂਲ ਆਫ ਬਿਜ਼ਨਸ ਮੇਨਜਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ
pushpindergill63@gmail.com
9814145045, 9914100088
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.