ਭਗਤਾ ਭਾਈ ਵਿਖੇ ਮਨਾਇਆ ਜ਼ਿਲ੍ਹਾ ਪੱਧਰੀ ਕੌਮਾਂਤਰੀ ਸਨੇਕ ਬਾਈਟ ਜਾਗਰੂਕਤਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2025 :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਅੰਤਰਰਾਸ਼ਟਰੀ ਸਨੇਕ ਬਾਈਟ ਜਾਗਰੂਕਤਾ ਦਿਵਸ ਭਗਤਾ ਵਿਖੇ ਮਨਾਇਆ ਗਿਆ। ਇਸ ਮੌਕੇ ਆਮ ਲੋਕਾਂ, ਨਰਸਿੰਗ ਸਕੂਲ ਅਤੇ ਸਕੂਲੀ ਬੱਚਿਆ ਨੂੰ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਸਬੰਧੀ ਦੱਸਿਆ ਗਿਆ । ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੀਮਾ ਗੁਪਤਾ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ ਅਤੇ ਹਰਜਿੰਦਰ ਕੌਰ, ਹੈਲਥ ਸੁਪਰਵਾਇਜਰ ਬੂਟਾ ਸਿੰਘ , ਹਰਜਿੰਦਰ ਸਿੰਘ, ਗੁਰਮੀਤ ਸਿੰਘ, ਨਰਸਿੰਗ ਸਿਸਟਰ ਕਰਮਜੀਤ ਕੌਰ,ਸਟਾਫ ਨਰਸ ਹਰਪਾਲ ਕੌਰ, ਗੁਰਵਿੰਦਰ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ । ਜ਼ਿਲ੍ਹਾ ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬੱਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੀ.ਐਚ.ਸੀ ਅਤੇ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਸੱਪ ਜ਼ਹਿਰ ਦੇ ਟੀਕੇ ਉਪਲਬੱਧ ਹਨ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੱਪਾਂ ਦੇ ਡੰਗਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, ਇਸ ਲਈ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਪੀੜਤ ਨੂੰ ਹਸਪਤਾਲ ਲੈ ਜਾਓ ਅਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ। ਪੀੜਤ ਨੂੰ ਹੌਸਲਾ ਦਿੰਦੇ ਰਹੋ ਅਤੇ ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ। ਉਨ੍ਹਾਂ ਅੱਗੇ ਕਿਹਾ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ। ਜਿਸ ਥਾਂ 'ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ। ਡੰਗ ਵਾਲੀ ਥਾਂ 'ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ-ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ 'ਤੇ ਕੋਈ ਜੜ੍ਹੀ ਬੂਟੀ ਲਗਾਓ। ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖੋ। ਜੁੱਤੇ ਪਹਿਨਣ ਤੋਂ ਪਹਿਲਾਂ ਜੁੱਤਿਆਂ ਨੂੰ ਚੰਗੀ ਤਰ੍ਹਾਂ ਝਾੜ ਲਉ ।